Haryana: ਸਰਕਾਰੀ ਸਕੂਲਾਂ ‘ਚ 4 ਲੱਖ ਫਰਜ਼ੀ ਦਾਖ਼ਲੇ! ਸਿੱਖਿਆ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ FIR ਦਰਜ
NEET-UG ਪੇਪਰ ਲੀਕ ‘ਚ ਹੇਰਾਫੇਰੀ ਦਾ ਮਾਮਲਾ ਅਜੇ ਵੀ ਗਰਮ ਹੈ। ਇਸ ਦੇ ਨਾਲ ਹੀ ਹਰਿਆਣਾ ਵਿੱਚ ਸਿੱਖਿਆ ਨਾਲ ਜੁੜਿਆ ਇੱਕ ਮਾਮਲਾ ਵੀ ਸਾਹਮਣੇ ਆਇਆ ਹੈ। ਹਰਿਆਣਾ ਦੇ ਪ੍ਰਾਇਮਰੀ ਸਕੂਲਾਂ ‘ਚ 4 ਲੱਖ ਬੱਚਿਆਂ ਦੇ ਫਰਜ਼ੀ ਦਾਖ਼ਲੇ ਦੇ ਮਾਮਲੇ ‘ਚ ਵੱਡਾ ਅਪਡੇਟ ਆਇਆ ਹੈ। ਹੁਣ ਇਸ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪ੍ਰਾਇਮਰੀ ਸਿੱਖਿਆ ਵਿਭਾਗ ਹਰਿਆਣਾ ਦੇ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ. 2019 ਤੋਂ ਮਾਮਲੇ ਦੀ ਜਾਂਚ ਕਰ ਰਹੀ ਸੀ। ਹੁਣ ਕਰੀਬ ਪੰਜ ਸਾਲ ਬਾਅਦ ਇਸ ਮਾਮਲੇ ਵਿੱਚ ਸੀਬੀਆਈ ਨੇ 2014-16 ਦੌਰਾਨ ਹਰਿਆਣਾ ਰਾਜ ਦੇ ਸਰਕਾਰੀ ਸਕੂਲਾਂ ਵਿੱਚ 4 ਲੱਖ ਵਿਦਿਆਰਥੀਆਂ ਦੇ ਫਰਜ਼ੀ ਦਾਖ਼ਲੇ ਦੇ ਦੋਸ਼ ਵਿੱਚ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਐਕਟ ਦੀਆਂ ਧਾਰਾਵਾਂ ਤਹਿਤ ਫਰਜ਼ੀ ਵਿਦਿਆਰਥੀਆਂ ਦੇ ਨਾਂ ‘ਤੇ ਪੈਸੇ ਕਢਵਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਮਾਮਲਾ 2016 ਦਾ ਹੈ, ਜਦੋਂ ਹਰਿਆਣਾ ਸਰਕਾਰ ਨੇ ਗੈਸਟ ਟੀਚਰਾਂ ਨੂੰ ਬਚਾਉਣ ਲਈ ਅਪੀਲ ਦਾਇਰ ਕੀਤੀ ਸੀ। ਇਸ ਦੌਰਾਨ ਅਦਾਲਤ ਦੇ ਸਾਹਮਣੇ ਕੁਝ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ। ਅਦਾਲਤ ਨੇ ਪਾਇਆ ਸੀ ਕਿ 2014-15 ਵਿੱਚ ਸਰਕਾਰੀ ਸਕੂਲਾਂ ਵਿੱਚ 22 ਲੱਖ ਵਿਦਿਆਰਥੀ ਸਨ, ਜਦੋਂ ਕਿ 2015-16 ਵਿੱਚ ਇਨ੍ਹਾਂ ਦੀ ਗਿਣਤੀ ਘਟ ਕੇ ਸਿਰਫ਼ 18 ਲੱਖ ਰਹਿ ਗਈ ਸੀ।
ਇਸ ‘ਤੇ ਹਾਈਕੋਰਟ ਨੇ ਹਰਿਆਣਾ ਸਰਕਾਰ ਤੋਂ ਪੁੱਛਿਆ ਸੀ ਕਿ ਚਾਰ ਲੱਖ ਬੱਚੇ ਅਚਾਨਕ ਕਿੱਥੇ ਗਾਇਬ ਹੋ ਗਏ, ਜਿਸ ਦਾ ਹਰਿਆਣਾ ਸਰਕਾਰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੀ। ਇਸ ‘ਤੇ ਹਾਈਕੋਰਟ ਨੇ ਹਰਿਆਣਾ ਸਰਕਾਰ ਨੂੰ ਚਾਰ ਲੱਖ ਫਰਜ਼ੀ ਦਾਖ਼ਲੇ ਕਰਵਾ ਕੇ ਸਰਕਾਰੀ ਫੰਡਾਂ ਦੀ ਗਬਨ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਹੁਕਮ ਦਿੱਤੇ ਸਨ।