ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਇਸ ਕੰਪਨੀ ‘ਤੇ ਲਗਾਈ ਪਾਬੰਦੀ! ਲੱਖਾਂ ਰੁਪਏ ਦੀ ਸਕਿਊਰਿਟੀ ਕੀਤੀ ਜ਼ਬਤ
ਅੰਮ੍ਰਿਤਸਰ ਅਤੇ ਸੰਗਰੂਰ ਦੇ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਰਿਐਕਸ਼ਨ ਹੋਣ ਦੀ ਰਿਪੋਰਟ ਮਿਲਣ ਉਪਰੰਤ ਕੀਤੀ ਗਈ ਸਖ਼ਤ ਕਾਰਵਾਈ: ਸਿਹਤ ਮੰਤਰੀ ਡਾ. ਬਲਬੀਰ ਸਿੰਘ
ਕੰਪਨੀ ਦੀ 3,30,000 ਰੁਪਏ ਦੀ ਕਾਰਗੁਜ਼ਾਰੀ ਸਕਿਊਰਿਟੀ ਕੀਤੀ ਜ਼ਬਤ, ਬਕਾਇਆ ਭੁਗਤਾਨ ਰੋਕੇ: ਡਾ. ਬਲਬੀਰ ਸਿੰਘ
ਸੀਡੀਐਸਸੀਓ ਨੇ ਤੁਰੰਤ ਕਾਰਵਾਈ ਕਰਦਿਆਂ ਮੈਸਰਜ਼ ਕੈਪਟੈਬ ਬਾਇਓਟੈਕ ਦੀਆਂ ਉਤਪਾਦਨ ਪ੍ਰਕਿਰਿਆਵਾਂ ਕੀਤੀਆਂ ਬੰਦ
ਚੰਡੀਗੜ੍ਹ
ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਫਾਰਮਾ ਕੰਪਨੀ ਮੈਸਰਜ਼ ਕੈਪਟੈਬ ਬਾਇਓਟੈਕ, ਸੋਲਨ ਵੱਲੋਂ ਘਟੀਆ ਦਰਜੇ ਦੀ ਆਈਵੀ ਫਲਿਊਡ ਜਾਂ ਨਾਰਮਲ ਸਲਾਈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ (ਪੀਐਚਐਸਸੀ) ਨੂੰ ਸਪਲਾਈ ਕਰਨ ਦੇ ਦੋਸ਼ ਹੇਠ ਉਕਤ ਕੰਪਨੀ ਵਿਰੁੱਧ ਸਖ਼ਤ ਕਾਰਵਾਈ ਦਾ ਐਲਾਨ ਕੀਤਾ ਹੈ।
ਅੱਜ ਇੱਥੇ ਪੰਜਾਬ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਦੱਸਿਆ ਕਿ ਕੰਪਨੀ ‘ਤੇ ਪੰਜਾਬ ਸਰਕਾਰ ਦੇ ਕਿਸੇ ਵੀ ਟੈਂਡਰ ਵਿੱਚ ਹਿੱਸਾ ਲੈਣ ਤੋਂ ਤਿੰਨ ਸਾਲਾਂ ਲਈ ਰੋਕ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੀਐਚਐਸਸੀ ਨੂੰ ਸਪਲਾਈ ਕੀਤੀਆਂ ਜਾ ਰਹੀਆਂ 11 ਵਸਤੂਆਂ ਦੀ ਕੀਮਤ ਸਬੰਧੀ ਸਾਰੇ ਕੰਟਰੈਕਟ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਗਏ ਹਨ।
ਡਾ. ਬਲਬੀਰ ਸਿੰਘ ਨੇ ਕਿਹਾ, “ਕੰਪਨੀ ਦੀ 3,30,000 ਰੁਪਏ ਦੀ ਕਾਰਗੁਜ਼ਾਰੀ ਸਕਿਊਰਿਟੀ ਰਕਮ ਜ਼ਬਤ ਕਰ ਲਈ ਹੈ ਅਤੇ ਬਕਾਇਆ ਭੁਗਤਾਨ ਰੋਕ ਦਿੱਤੇ ਗਏ ਹਨ।”
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਡਰੱਗ ਐਂਡ ਕਾਸਮੈਟਿਕਸ ਐਕਟ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਨ ਲਈ ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਕੋਲ ਇਹ ਮਾਮਲਾ ਉਠਾਉਣ ਉਪਰੰਤ, ਅਥਾਰਟੀ ਵੱਲੋਂ ਤੁਰੰਤ ਕਾਰਵਾਈ ਕਰਦਿਆਂ ਕੰਪਨੀ ਦੇ ਸਾਰੇ ਨਿਰਮਾਣ/ਉਤਪਾਦਨ ਨੂੰ ਤੁਰੰਤ ਪ੍ਰਭਾਵ ਨਾਲ ਬੰਦ ਕਰ ਦਿੱਤਾ ਗਿਆ ਹੈ।
ਇਹ ਕਾਰਵਾਈ ਅੰਮ੍ਰਿਤਸਰ ਅਤੇ ਸੰਗਰੂਰ ਦੇ ਸਰਕਾਰੀ ਹਸਪਤਾਲਾਂ ਵਿੱਚ ਕੁਝ ਮਰੀਜ਼ਾਂ ਨੂੰ ਮੈਸਰਜ਼ ਕੈਪਟੈਬ ਬਾਇਓਟੈਕ ਵੱਲੋਂ ਤਿਆਰ ਕੀਤੀ ਨਾਰਮਲ ਸਲਾਈਨ ਦੀ ਵਰਤੋਂ ਕਾਰਨ ਹੋਏ ਐਡਵਰਸ ਡਰੱਗ ਰਿਐਕਸ਼ਨ (ਏਡੀਆਰ) ਤੋਂ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ।
ਤੁਰੰਤ ਕਾਰਵਾਈ ਕਰਦਿਆਂ, ਡੀਐਚਐਸ ਪੰਜਾਬ ਨੇ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਉਕਤ ਨਾਰਮਲ ਸਲਾਈਨ ਦੇ ਪੂਰੇ ਸਟਾਕ ਨੂੰ ਫ੍ਰੀਜ਼ ਕਰ ਦਿੱਤਾ ਸੀ ਅਤੇ ਪੀਐਚਐਸਸੀ ਨੇ ਕੰਪਨੀ ਵੱਲੋਂ ਸਪਲਾਈ ਕੀਤੇ ਗਏ ਸਾਰੇ ਸਟਾਕ ਨੂੰ ਵਾਪਸ ਮੰਗਵਾ ਲਿਆ ਸੀ।
ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਐਫਡੀਏ ਪੰਜਾਬ ਅਤੇ ਸੀਡੀਐਸਸੀਓ, ਨਵੀਂ ਦਿੱਲੀ ਦੀ ਸਾਂਝੀ ਟੀਮ ਵੱਲੋਂ ਉਕਤ ਨਾਰਮਲ ਸਲਾਈਨ ਦੇ ਨਮੂਨੇ ਲਏ ਗਏ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੀਐਚਐਸਸੀ ਵੱਲੋਂ ਸੂਬੇ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਤੋਂ ਨਾਰਮਲ ਸਲਾਈਨ ਦਾ ਸਾਰਾ ਸਟਾਕ ਕੰਪਨੀ ਵੱਲੋਂ ਆਪਣੇ ਖਰਚੇ ’ਤੇ ਵਾਪਸ ਮੰਗਵਾਉਣ ਦੇ ਨਿਰਦੇਸ਼ ਦਿੱਤੇ ਜਾਣ ਉਪਰੰਤ ਉਕਤ ਕੰਪਨੀ ਨੇ ਸਾਰਾ ਬਚਿਆ ਹੋਇਆ ਸਟਾਕ ਵਾਪਸ ਮੰਗਵਾ ਲਿਆ ਸੀ।
ਉਹਨਾਂ ਅੱਗੇ ਦੱਸਿਆ ਕਿ ਵਿਭਾਗ ਵੱਲੋਂ ਤਿੰਨ ਲੈਬਾਂ, ਜਿਨ੍ਹਾਂ ਨੇ ਪਹਿਲਾਂ ਇਸ ਕੰਪਨੀ ਦੇ ਨਮੂਨਿਆਂ ਨੂੰ ਪਾਸ ਕੀਤਾ ਸੀ ਅਤੇ ਬਾਅਦ ਵਿੱਚ ਜਿਹਨਾਂ ਨੂੰ ‘ਗੈਰ-ਮਿਆਰੀ’ ਘੋਸ਼ਿਤ ਕਰ ਦਿੱਤਾ ਗਿਆ ਹੈ, ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।
ਕੋਵਿਡ-19 ਦੇ ਮਾਮਲਿਆਂ ਵਿੱਚ ਮਾਮੂਲੀ ਵਾਧੇ ਬਾਰੇ….
ਪਿਛਲੇ ਕੁਝ ਹਫ਼ਤਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਮਾਮੂਲੀ ਵਾਧੇ ਬਾਰੇ ਗੱਲ ਕਰਦਿਆਂ ਡਾ. ਬਲਬੀਰ ਸਿੰਘ ਨੇ ਜਨਤਾ ਨੂੰ ਅਪੀਲ ਕਰਦਿਆਂ ਉਹਨਾਂ ਨੂੰ ਨਾ ਘਬਰਾਉਣ ਅਤੇ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੋਵਿਡ ਸਬੰਧੀ ਉਚਿਤ ਵਿਵਹਾਰ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ।
ਉਹਨਾਂ ਅੱਗੇ ਕਿਹਾ ਕਿ ਲੋਕਾਂ ਨੂੰ ਭੀੜ ਵਾਲੀਆਂ ਥਾਵਾਂ ਤੋਂ ਬਚਣਾ ਚਾਹੀਦਾ ਹੈ ਅਤੇ ਬਜ਼ੁਰਗਾਂ, ਕਮਜ਼ੋਰ ਇਮੂਨਿਟੀ ਵਾਲੇ ਵਿਅਕਤੀਆਂ, ਗਰਭਵਤੀ ਔਰਤਾਂ ਅਤੇ ਕਿਸੇ ਬੀਮਾਰੀ ਤੋਂ ਪੀੜਤ ਮਰੀਜਾਂ ਨੂੰ ਮਾਸਕ ਪਹਿਨਣੇ ਚਾਹੀਦੇ ਹਨ ਕਿਉਂਕਿ ਉਹਨਾਂ ਨੂੰ ਲਾਗ ਲੱਗਣ ਦੀ ਵਧੇਰੇ ਸੰਭਾਵਨਾ ਹੁੰਦੀ ਹੈ।
ਇਸ ਤੋਂ ਇਲਾਵਾ ਨਾਗਰਿਕਾਂ ਨੂੰ ਇਹ ਵੀ ਅਪੀਲ ਕੀਤੀ ਜਾਂਦੀ ਹੈ ਕਿ ਜੇਕਰ ਉਨ੍ਹਾਂ ਨੂੰ ਬੁਖਾਰ, ਖੰਘ, ਗਲੇ ਵਿੱਚ ਖਰਾਸ਼ ਜਾਂ ਸਾਹ ਲੈਣ ਵਿੱਚ ਮੁਸ਼ਕਲ ਵਰਗੇ ਕੋਈ ਲੱਛਣ ਮਹਿਸੂਸ ਹੁੰਦੇ ਹਨ ਤਾਂ ਉਹ ਤੁਰੰਤ ਡਾਕਟਰੀ ਸਹਾਇਤਾ ਲੈਣ। ਪੰਜਾਬ ਸਰਕਾਰ ਕੋਵਿਡ-19 ਦੀ ਮੌਜੂਦਾ ਸਥਿਤੀ ਨਾਲ ਨਜਿੱਠਣ ਲਈ ਭਾਰਤ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਾਰੇ ਭਵਿੱਖੀ ਦਿਸ਼ਾ-ਨਿਰਦੇਸ਼ਾਂ ਨੂੰ ਲਾਗੂ ਕਰਨ ਲਈ ਵਚਨਬੱਧ ਹੈ।