All Latest NewsNationalNews FlashPunjab News

ਦਿੱਲੀ ਦੀ ਮੁੱਖ ਮੰਤਰੀ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਕੀਤਾ ਅਪਮਾਨ!

 

ਰੇਖਾ ਗੁਪਤਾ ਨੇ ਸ੍ਰੀ ਕਰਤਾਰਪੁਰ ਸਾਹਿਬ ਦਾ ਕੀਤਾ ਅਪਮਾਨ: ਚੀਮਾ, ਕੰਗ

ਹਰਪਾਲ ਚੀਮਾ ਨੇ ਉਠਾਇਆ ਸਵਾਲ  – ਜਦੋਂ ਤੁਹਾਨੂੰ ਸਿੱਖ ਧਰਮ ਅਤੇ ਪੰਜਾਬ ਬਾਰੇ ਕੁਝ ਨਹੀਂ ਪਤਾ, ਤਾਂ ਤੁਸੀਂ ਇੱਥੇ ਪ੍ਰਚਾਰ ਕਰਨ ਕਿਉਂ ਆਏ?

ਭਾਜਪਾ ਆਗੂਆਂ ਦੀ ਮਾਨਸਿਕਤਾ ਸਿੱਖ ਅਤੇ ਪੰਜਾਬ ਵਿਰੋਧੀ- ਕੰਗ

ਚੰਡੀਗੜ੍ਹ/ਲੁਧਿਆਣਾ

ਆਮ ਆਦਮੀ ਪਾਰਟੀ ਨੇ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਨੂੰ ਕਰਤਾਰ ਸਿੰਘ ਕਹਿਣ ਦੀ ਸਖ਼ਤ ਆਲੋਚਨਾ ਕੀਤੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਨੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਦੋਂ ਤੁਹਾਨੂੰ ਸਿੱਖ ਧਰਮ ਅਤੇ ਪੰਜਾਬ ਬਾਰੇ ਕੁਝ ਨਹੀਂ ਪਤਾ, ਤਾਂ ਤੁਸੀਂ ਇੱਥੇ ਪ੍ਰਚਾਰ ਕਰਨ ਕਿਉਂ ਆਏ?

ਹਰਪਾਲ ਚੀਮਾ ਨੇ ਕਿਹਾ ਕਿ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਪੰਜਾਬ ਅਤੇ ਸ੍ਰੀ ਕਰਤਾਰਪੁਰ ਸਾਹਿਬ ਦੇ ਇਤਿਹਾਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਅਤੇ ਬਿਨਾਂ ਗਿਆਨ ਦੇ ਅਜਿਹੇ ਸ਼ਬਦਾਂ ਦੀ ਵਰਤੋਂ ਕਰਨਾ ਸਿੱਖ ਧਰਮ ਅਤੇ ਪੰਜਾਬ ਦਾ ਵੱਡਾ ਅਪਮਾਨ ਹੈ। ਉਨ੍ਹਾਂ ਸਾਡੇ ਗੁਰੂਆਂ ਦਾ ਅਪਮਾਨ ਕੀਤਾ ਹੈ।

ਚੀਮਾ ਨੇ ਕਿਹਾ ਕਿ ਇੱਕ ਪਾਸੇ ਉਹ ਕਹਿ ਰਹੀ ਸਨ ਕਿ ਅਸੀਂ ਜਿਮਨੀ ਚੋਣ ਜਿੱਤਾਂਗੇ ਅਤੇ ਦੂਜੇ ਪਾਸੇ ਉਨ੍ਹਾਂ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਕੁਝ ਵੀ ਨਹੀਂ ਪਤਾ। ਇਹ ਬਹੁਤ ਵੱਡਾ ਮਜ਼ਾਕ ਹੈ।

ਚੀਮਾ ਨੇ ਕਿਹਾ ਕਿ ਪੰਜਾਬ ਗੁਰੂਆਂ ਅਤੇ ਪੀਰਾਂ ਦੀ ਧਰਤੀ ਹੈ। ਜੇਕਰ ਕੋਈ ਪੰਜਾਬ ਆ ਕੇ ਆਪਣੀ ਪਾਰਟੀ ਲਈ ਪ੍ਰਚਾਰ ਕਰਨਾ ਚਾਹੁੰਦਾ ਹੈ, ਤਾਂ ਉਸਦਾ ਸਵਾਗਤ ਹੈ, ਪਰ ਆਉਣ ਤੋਂ ਪਹਿਲਾਂ ਉਸਨੂੰ ਇਸ ਸਥਾਨ ਦੇ ਇਤਿਹਾਸ ਅਤੇ ਸੱਭਿਆਚਾਰ ਨੂੰ ਜਾਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੇਖਾ ਗੁਪਤਾ ਦੇ ਬਿਆਨ ਤੋਂ ਸਾਬਤ ਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਨਾ ਤਾਂ ਸਾਡੇ ਗੁਰੂਆਂ ਦਾ ਸਤਿਕਾਰ ਕਰਦੀ ਹੈ, ਨਾ ਸਾਡੇ ਧਾਰਮਿਕ ਸਥਾਨਾਂ ਦਾ, ਨਾ ਹੀ ਪੰਜਾਬ ਦੇ ਲੋਕਾਂ ਦਾ। ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ, ਲੁਧਿਆਣਾ ਪੱਛਮੀ ਦੇ ਲੋਕ ਭਾਰਤੀ ਜਨਤਾ ਪਾਰਟੀ ਦੀ ਜ਼ਮਾਨਤ ਜ਼ਬਤ ਕਰਵਾਉਣਗੇ।

‘ਆਪ’ ਸੰਸਦ ਮੈਂਬਰ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਰੇਖਾ ਗੁਪਤਾ ਨੇ ਸ੍ਰੀ ਕਰਤਾਰਪੁਰ ਸਾਹਿਬ ਅਤੇ ਸਿੱਖ ਧਰਮ ਦਾ ਅਪਮਾਨ ਕੀਤਾ ਹੈ। ਕੰਗ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਲੱਖਾਂ ਪੈਰੋਕਾਰ ਹਰ ਰੋਜ਼ ਆਪਣੀਆਂ ਪ੍ਰਾਰਥਨਾਵਾਂ ਵਿੱਚ ਸ੍ਰੀ ਕਰਤਾਰਪੁਰ ਸਾਹਿਬ ਦਾ ਜ਼ਿਕਰ ਕਰਦੇ ਹਨ।

ਉਨ੍ਹਾਂ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ 18 ਸਾਲ ਬਿਤਾਏ ਸਨ। ਇੱਥੋਂ ਹੀ ਉਨ੍ਹਾਂ ਨੇ ਦੁਨੀਆ ਨੂੰ “ਨਾਂ ਜਪੋ, ਕੀਰਤ ਕਰੋ, ਵੰਡ ਛਕੋ” ਦਾ ਸੰਦੇਸ਼ ਦਿੱਤਾ। ਉਹ ਖੁਦ ਉੱਥੇ ਖੇਤੀ ਕਰਦੇ ਸਨ ਅਤੇ ਲੋਕਾਂ ਨੂੰ ਪਰਿਵਾਰਕ ਜੀਵਨ ਅਤੇ ਕਰਮ ਸਿਧਾਂਤ ਦਾ ਦਰਸ਼ਨ ਦਿੱਤਾ।

ਉਨ੍ਹਾਂ ਕਿਹਾ ਕਿ ਰੇਖਾ ਗੁਪਤਾ ਦੇ ਬਿਆਨ ਤੋਂ ਪਤਾ ਲੱਗਦਾ ਹੈ ਕਿ ਭਾਜਪਾ ਦੀ ਮਾਨਸਿਕਤਾ ਮੁਗਲਾਂ ਵਾਲੀ ਹੈ। ਭਾਜਪਾ ਵਾਲੇ ਭਾਵੇਂ ਸਤ੍ਹਾ ‘ਤੇ ਕਿੰਨਾ ਵੀ ਦਿਖਾਵਾ ਕਿਉਂ ਨਾ ਕਰਨ, ਪਰ ਉਨ੍ਹਾਂ ਦੇ ਬਿਆਨ ਅਕਸਰ ਇਹ ਸਾਬਤ ਕਰਦੇ ਹਨ ਕਿ ਭਾਜਪਾ ਆਗੂਆਂ ਦੀ ਮਾਨਸਿਕਤਾ ਸਿੱਖ ਧਰਮ ਅਤੇ ਪੰਜਾਬ ਵਿਰੋਧੀ ਹੈ। ਰੇਖਾ ਗੁਪਤਾ ਨੇ ਵੀ ਇਹ ਸਾਬਤ ਕਰ ਦਿੱਤਾ ਹੈ।

 

Leave a Reply

Your email address will not be published. Required fields are marked *