ਮਹਿੰਗਾਈ ਦੀ ਮਾਰ: ਟਮਾਟਰ ਹੋਇਆ 100 ਰੁਪਏ ਤੋਂ ਪਾਰ
Punjabi News-
ਟਮਾਟਰਾਂ ਦੀਆਂ ਕੀਮਤਾਂ ਵਿੱਚ ਅਚਾਨਕ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਰਾਜਧਾਨੀ ਦਿੱਲੀ ਵਿਚ ਜਿੱਥੇ ਕੁਝ ਦਿਨ ਪਹਿਲਾਂ ਟਮਾਟਰ 40-50 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਸੀ, ਹੁਣ ਇਹ 80 ਤੋਂ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ, ਜਿਸ ਕਾਰਨ ਕੀਮਤਾਂ ਵਿੱਚ ਹੋਰ ਵਾਧਾ ਹੋ ਸਕਦਾ ਹੈ।
ਦੱਸ ਦਈਏ ਕਿ ਇਨ੍ਹੀਂ ਦਿਨੀਂ ਗਾਜ਼ੀਪੁਰ, ਓਖਲਾ ਅਤੇ ਆਜ਼ਾਦਪੁਰ ਵਰਗੀਆਂ ਪ੍ਰਮੁੱਖ ਸਬਜ਼ੀ ਮੰਡੀਆਂ ਵਿੱਚ ਟਮਾਟਰਾਂ ਦੀ ਆਮਦ ਵਿੱਚ ਕਮੀ ਆਈ ਹੈ। ਆਜ਼ਾਦਪੁਰ ਮੰਡੀ ਦੇ ਵਪਾਰੀ ਅਨਿਲ ਮਲਹੋਤਰਾ ਦੇ ਅਨੁਸਾਰ, ਤੇਜ਼ ਗਰਮੀ ਅਤੇ ਮਾੜੀ ਫ਼ਸਲ ਕਾਰਨ ਟਮਾਟਰ ਦੀਆਂ ਕੀਮਤਾਂ ਵੱਧ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਬੰਗਲੁਰੂ ਤੋਂ ਆਉਣ ਵਾਲੇ ਟਮਾਟਰਾਂ ਦੀ ਥੋਕ ਕੀਮਤ 1000 ਰੁਪਏ ਪ੍ਰਤੀ 25 ਕਿਲੋਗ੍ਰਾਮ ਹੋ ਗਈ ਹੈ, ਜਦੋਂ ਕਿ ਪਹਿਲਾਂ ਇਹ 700-800 ਰੁਪਏ ਸੀ।
ਕੇਸ਼ਵਪੁਰ ਮੰਡੀ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਗਰਮੀ ਕਾਰਨ ਸਥਾਨਕ ਫ਼ਸਲ ਖਤਮ ਹੋ ਜਾਂਦੀ ਹੈ, ਅਤੇ ਇਸ ਤੋਂ ਬਾਅਦ, ਸ਼ਿਮਲਾ ਅਤੇ ਬੰਗਲੁਰੂ ਤੋਂ ਆਯਾਤ ਕੀਤੇ ਟਮਾਟਰਾਂ ਦੀਆਂ ਕੀਮਤਾਂ ਵੱਧ ਜਾਂਦੀਆਂ ਹਨ। ਇਸ ਤੋਂ ਇਲਾਵਾ ਫਸਲਾਂ ਦੇ ਨੁਕਸਾਨ ਕਾਰਨ ਮੰਡੀ ਵਿੱਚ ਕੀਮਤਾਂ ਵੀ ਵਧੀਆਂ ਹਨ।
ਦਿੱਲੀ ਤੋਂ ਇਲਾਵਾ ਨੋਇਡਾ, ਬੁਲੰਦਸ਼ਹਿਰ ਅਤੇ ਹਾਥਰਸ ਵਰਗੇ ਸ਼ਹਿਰਾਂ ਵਿੱਚ ਵੀ ਟਮਾਟਰ ਦੀਆਂ ਕੀਮਤਾਂ ਵਧੀਆਂ ਹਨ। ਨੋਇਡਾ ਵਿੱਚ ਟਮਾਟਰ ਦੀ ਕੀਮਤ 100 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਈ ਹੈ, ਜਦੋਂ ਕਿ ਹੋਰ ਸ਼ਹਿਰਾਂ ਵਿੱਚ ਇਹ 70-80 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ।