ਮੈਰੀਟੋਰੀਅਸ ਸਕੂਲਾਂ ਦੇ 213 ਵਿਦਿਆਰਥੀਆਂ ਨੇ ਦੇਸ਼ ਭਰ ਦੇ ਮੈਡੀਕਲ ਕਾਲਜਾਂ ਵਿੱਚ ਦਾਖਲਾ ਲੈਣ ਲਈ ਹੋਣ ਵਾਲੀ ਨੀਟ ਪ੍ਰੀਖਿਆ ਪਾਸ ਕਰਕੇ ਸਿਰਜਿਆ ਇਤਿਹਾਸ
ਵਿਦਿਆਰਥੀਆਂ ਦੇ ਸੁਪਨੇ,ਮਾਪਿਆਂ ਦੀ ਤਾਂਘ ਅਤੇ ਅਧਿਆਪਕਾਂ ਦੀ ਸਖ਼ਤ ਮਿਹਨਤ ਸਮਰਪਣ ਦਾ ਤ੍ਰਿਕੋਣ
ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਵਿਦਿਆਰਥੀਆਂ ਦੀ ਮਿਹਨਤ ਰੰਗ ਲਿਆਈ- ਸੂਬਾ ਪ੍ਰਧਾਨ ਡਾ. ਟੀਨਾ
Punjab News –
ਸਿੱਖਿਆ ਦੇ ਨਾਮ ਤੇ ਸੱਤਾ ਵਿੱਚ ਆਈ ਸਰਕਾਰ ਮੈਰੀਟੋਰੀਅਸ ਅਧਿਆਪਕਾਂ ਦੀਆਂ ਸੇਵਾਵਾਂ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਵਿਚ ਕਿਉਂ ਕਰ ਰਹੀ ਹੈ ਦੇਰੀ? : ਜਨਰਲ ਸਕੱਤਰ ਡਾ. ਅਜੈ ਸ਼ਰਮਾ
ਦੇਸ਼ ਭਰ ਦੇ ਮੈਡੀਕਲ ਕਾਲਜਾਂ ਦੀ ਦਾਖ਼ਲਾ ਪ੍ਰੀਖਿਆ NEET 2025 ਪਾਸ ਕਰਨ ਵਾਲੇ ਕੁੱਲ 474 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚੋਂ 213 ਵਿਦਿਆਰਥੀ ਸਿਰਫ 10 ਮੈਰੀਟੋਰੀਅਸ ਸਕੂਲਾਂ ਦੇ ਹਨ। ਹੁਣ ਇਹ ਵਿਦਿਆਰਥੀ MBBS, BDS ਅਤੇ BAMS ਵਰਗੇ ਕੋਰਸਾਂ ਵਿੱਚ ਦਾਖਲਾ ਲੈ ਕੇ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਮਾਣ ਬਖਸ਼ਣਗੇ ਅਤੇ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਨਵੀਂ ਉਡਾਣ ਭਰਨਗੇ।
ਇੱਥੇ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਮੈਰੀਟੋਰੀਅਸ ਸਕੂਲਾਂ ਦੇ 135 ਵਿਦਿਆਰਥੀਆਂ ਨੇ ਜੇ.ਈ ਈ ਮੇਨ ਅਤੇ 21 ਵਿਦਿਆਰਥੀ ਜੇ.ਈ ਈ ਅਡਵਾਂਸਐਡ ਕੁਆਲੀਫਾਈ ਕਰਕੇ ਆਈ .ਆਈ .ਟੀ ਅਤੇ ਐਨ .ਆਈ. ਟੀ ਵਰਗੀਆਂ ਨਾਮੀ ਸੰਸਥਾਵਾਂ ਵਿੱਚ ਦਾਖਲਾ ਲੈਣ ਯੋਗ ਹੋ ਗਏ ਹਨ। ਇਸੇ ਤਰ੍ਹਾਂ ਹੀ ਬਾਰਵੀਂ ਦੀ ਬੋਰਡ ਨਤੀਜਿਆਂ ਵਿੱਚ 37 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿੱਚ ਆਪਣਾ ਨਾਮ ਦਰਜ਼ ਕਰਵਾਇਆ ਹੈ। ਪੰਜਾਬ ਦੇ 10 ਮੈਰੀਟੋਰੀਅਸ ਸਕੂਲਾਂ ਨੇ ਇੱਕ ਵਾਰ ਫਿਰ ਸਾਬਤ ਕੀਤਾ ਹੈ ਕਿ ਮਿਹਨਤ ਅਤੇ ਸਮਰਪਣ ਨਾਲ ਵੱਡੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ।
ਜਿਕਰਯੋਗ ਹੈ ਕਿ ਮੈਰੀਟੋਰੀਅਸ ਸਕੂਲਾਂ ਵਿੱਚ ਪੰਜਾਬ ਦੇ ਆਰਥਿਕਤਾ ਪੱਖੋਂ ਗਰੀਬ ਅਤੇ ਮਾਨਸਿਕ ਪੱਖੋਂ ਮਿਹਨਤੀ ਬੱਚੇ ਵਿੱਦਿਆ ਪ੍ਰਾਪਤ ਕਰ ਰਹੇ ਹਨ। ਇਹਨਾਂ ਸਕੂਲਾਂ ਵਿੱਚ ਉੱਚ-ਯੋਗਤਾ ਤੇ ਤਜ਼ਰਬੇਕਾਰ ਅਧਿਆਪਕਾਂ ਦੀ ਯੋਗ ਅਗਵਾਈ ਸਦਕਾ ਹੀ ਹਰ ਸਾਲ ਦੇਸ਼ ਦੇ ਮਿਆਰੀ ਟੈਸਟ NEET/JEE /CMA/NDA ਵਿੱਚ ਸੈਂਕੜੇ ਵਿਦਿਆਰਥੀ ਇਹਨਾਂ ਟੈਸਟਾਂ ਨੂੰ ਪਾਸ ਕਰਦੇ ਹਨ।
ਅੱਜ ਦੇ ਦੌਰ ਵਿੱਚ ਦੇਸ਼ ਵਿੱਚ ਸ਼ਾਇਦ ਹੀ ਕਿਧਰੇ ਹੋਰ ਮਿਸਾਲ ਹੋਵੇ ਕਿ ਬਿਨ੍ਹਾਂ ਕੋਈ ਫ਼ੀਸ ਦਿੱਤੇ ਬੱਚੇ ਅਜਿਹੇ ਟੈਸਟ ਪਾਸ ਕਰ ਸਕਣ। ਇਸ ਸਫ਼ਲਤਾ ਲਈ ਤਜ਼ਰਬੇਕਾਰ ਅਧਿਆਪਕ ਅਤੇ ਮਿਹਨਤੀ ਵਿਦਿਆਰਥੀ ਵਧਾਈ ਦੇ ਪਾਤਰ ਹਨ। ਅਜਿਹੇ ਸ਼ਾਨਦਾਰ ਨਤੀਜੇ ਦੇ ਰਹੇ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕ ਜੋ ਲਗਭਗ 11 ਸਾਲਾਂ ਤੋਂ ਕੱਚੇ ਹੋਣ ਦਾ ਸੰਤਾਪ ਹਡਾ ਰਹੇ ਹਨ, ਨਾਲ ਸਿੱਖਿਆ ਦੇ ਨਾਮ ਤੇ ਸੱਤਾ ਵਿੱਚ ਆਈ ਪੰਜਾਬ ਸਰਕਾਰ ਨੂੰ ਇਨਸਾਫ ਕਰਨਾ ਚਾਹੀਦਾ ਹੈ।
ਮੈਰੀਟੋਰੀਅਸ ਯੂਨੀਅਨ ਦੇ ਸੂਬਾ ਪ੍ਰਧਾਨ ਡਾ. ਟੀਨਾ ਦਾ ਕਹਿਣਾ ਹੈ ਕਿ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ NEET ਦੀ ਪ੍ਰੀਖਿਆ ਵਿੱਚ ਮੈਰੀਟੋਰੀਅਸ ਵਿਦਿਆਰਥੀਆਂ ਨੇ ਅਧਿਆਪਕਾਂ ਦੀ ਮਿਹਨਤ ਸਦਕਾ ਸ਼ਾਨਦਾਰ ਇਤਿਹਾਸ ਸਿਰਜਿਆ ਹੈ।
ਮੈਰੀਟੋਰੀਅਸ ਯੂਨੀਅਨ ਦੇ ਜਨਰਲ ਸਕੱਤਰ ਡਾ. ਅਜੈ ਸ਼ਰਮਾ ਨੇ ਕਿਹਾ ਕਿ ਸਰਕਾਰਾਂ ਨੇ ਸਾਡੀ ਮਿਹਨਤ ਦਾ ਮੁੱਲ ਨਹੀਂ ਪਾਇਆ ਤੇ ਸੱਤਾ ਤੇ ਬਿਰਾਜਮਾਨ ਸਰਕਾਰ ਮੈਰੀਟੋਰੀਅਸ ਸਕੂਲਾਂ ਦੇ ਅਧਿਆਪਕਾਂ ਦੇ ਰੁਜ਼ਗਾਰ ਨੂੰ ਸਿੱਖਿਆ ਵਿਭਾਗ ਵਿੱਚ ਰੈਗੂਲਰ ਨਹੀਂ ਕਰ ਸਕੀ। ਮਿਹਨਤ ਦਾ ਮੁੱਲ ਨਾ ਪਾਉਣਾ ਕਿਤੇ ਨਾ ਕਿਤੇ ਸਰਕਾਰ ਦਾ ਮੈਰੀਟੋਰੀਅਸ ਅਧਿਆਪਕਾਂ ਦੇ ਨਾਲ ਕੀਤੇ ਜਾ ਰਹੇ ਵਿਤਕਰੇ ਨੂੰ ਦਰਸਾਉਂਦਾ ਹੈ।
ਕੀ ਸਿੱਖਿਆ ਵਿੱਚ ਬਹੁਮੁੱਲਾ ਯੋਗਦਾਨ ਪਾਉਣ ਵਾਲੇ ਮੈਰੀਟੋਰੀਅਸ ਅਧਿਆਪਕ ਪੰਜਾਬ ਸਰਕਾਰ ਦੇ ਪੱਖਪਾਤੀ ਵਤੀਰੇ ਦਾ ਅੱਗੇ ਵੀ ਸ਼ਿਕਾਰ ਹੁੰਦੇ ਰਹਿਣਗੇ? ਜਾਂ ਪੰਜਾਬ ਸਰਕਾਰ ਰਾਜਨੀਤੀ ਤੋਂ ਉੱਪਰ ਉੱਠ ਕੇ ਸਿੱਖਿਆ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਮੈਰੀਟੋਰੀਅਸ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਦਾ ਕੋਈ ਹੱਲ ਕਰੇਗੀ?