Punjab News: ਅਧਿਆਪਕਾ ਨੂੰ ਬਦਮਾਸ਼ਾਂ ਨੇ ਲੁੱਟਿਆ, ਖੋਹਿਆ ਪਰਸ!
Punjab News
ਪੰਜਾਬ ‘ਚ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਆਮ ਲੋਕ ਤਾਂ ਇਸ ਦਾ ਸ਼ਿਕਾਰ ਹੋ ਹੀ ਰਹੇ ਨੇ, ਇਸ ਦੇ ਨਾਲ ਹੀ ਪੜ੍ਹੀ ਲਿਖੀ ਜਮਾਤ ਅਤੇ ਮੁਲਾਜ਼ਮ ਵਰਗ ਨੂੰ ਲੁਟੇਰਿਆਂ ਦੇ ਵੱਲੋਂ ਸਭ ਤੋਂ ਵੱਧ ਟਾਰਗੇਟ ਕੀਤਾ ਜਾ ਰਿਹਾ।
ਤਾਜ਼ਾ ਜਾਣਕਾਰੀ ਦੇ ਮੁਤਾਬਿਕ ਪਠਾਨਕੋਟ ਦੇ ਵਿੱਚ ਇੱਕ ਅਧਿਆਪਕਾ ਨੂੰ ਦੋ ਲੁਟੇਰਿਆਂ ਦੇ ਵੱਲੋਂ ਲੁੱਟ ਲਿਆ ਗਿਆ। ਹਾਲਾਂਕਿ ਕੁਝ ਦੂਰੀ ਤੇ ਹੀ ਲੋਕਾਂ ਨੇ ਲੁਟੇਰਿਆਂ ਨੂੰ ਕਾਬੂ ਕਰਕੇ ਚੰਗੀ ਛਿੱਤਰ ਪਰੇਟ ਕੀਤੀ।
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਦੋ ਲੁਟੇਰਿਆਂ ਨੇ ਪਠਾਨਕੋਟ ਤੋਂ ਸੁਜਾਨਪੁਰ ਜਾ ਰਹੀ ਇੱਕ ਸਕੂਟਰ ਸਵਾਰ ਅਧਿਆਪਕਾ ਦਾ ਪਰਸ ਖੋਹ ਲਿਆ ਅਤੇ ਭੱਜ ਗਏ। ਜਦੋਂ ਅਧਿਆਪਕਾ ਨੇ ਰੌਲਾ ਪਾਇਆ ਤਾਂ ਨੇੜੇ ਮੌਜੂਦ ਲੋਕਾਂ ਨੇ ਦੋਵਾਂ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫੜ ਲਿਆ ਅਤੇ ਛਿੱਤਰ ਪਰੇਡ ਕੀਤੀ।
ਰਾਹਗੀਰ ਸੁਭਾਸ਼ ਨੇ ਦੱਸਿਆ ਕਿ ਉਹ ਬਾਈਕ ‘ਤੇ ਪਠਾਨਕੋਟ ਤੋਂ ਸੁਜਾਨਪੁਰ ਜਾ ਰਿਹਾ ਸੀ ਤਾਂ ਮੋਟਰਸਾਈਕਲ ‘ਤੇ ਸਵਾਰ ਦੋ ਲੁਟੇਰਿਆਂ ਨੇ ਸਕੂਟਰ ਸਵਾਰ ਇੱਕ ਲੜਕੀ ਦਾ ਪਰਸ ਖੋਹ ਲਿਆ। ਉਸਨੇ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਥੋੜ੍ਹੀ ਦੂਰੀ ‘ਤੇ ਰੇਲਵੇ ਫਾਟਕ ਬੰਦ ਹੋ ਗਿਆ।
ਇੱਕ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ , ਜਦੋਂ ਕਿ ਦੂਜੇ ਨੂੰ ਲੋਕਾਂ ਨੇ ਫੜ ਲਿਆ। ਲੋਕਾਂ ਨੇ ਪਹਿਲਾਂ ਉਸ ਦੀ ਛਿੱਤਰ ਪਰੇਡ ਕੀਤੀ ਅਤੇ ਵੀਡੀਓ ਵੀ ਬਣਾਈ। ਦੱਸ ਦੇਈਏ ਕਿ, ਹੁਣ ਉਕਤ ਵੀਡਿਉ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ।

