ਭਗਵੰਤ ਮਾਨ ਸਰਕਾਰ ਦੀ ‘ਲੋਕ ਮਾਰੂ ਲੈਂਡ ਪੂਲਿੰਗ’ ਸਕੀਮ; ਕਰੋ ਜਾਂ ਮਰੋ ਦੀ ਭਾਵਨਾ ਨਾਲ ਅੰਦੋਲਨ ਸ਼ੁਰੂ
Punjab News –
ਲੁਧਿਆਣਾ ਗਲਾਡਾ ਦੇ ਦਫਤਰ ਤੋਂ ‘ਆਪ’ ਉਮੀਦਵਾਰ ਦੇ ਦਫਤਰ ਤੱਕ ਕਿਸਾਨਾਂ, ਮਜ਼ਦੂਰਾਂ ਤੇ ਹੋਰ ਖੇਤੀ ਸਹਾਇਕ ਧੰਦਿਆਂ ਨਾਲ ਜੁੜੇ ਲੋਕਾਂ ਵੱਲੋਂ 32 ਪਿੰਡਾਂ ਦੀ ਜ਼ਮੀਨ ਐਕਵਾਇਰ ਕਰਨ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ।
ਮੁਜ਼ਾਹਰੇ ਦੀ ਅਗਵਾਈ ਸਥਾਨਕ ਪਿੰਡਾਂ ਦੇ ਸਾਬਕਾ ਤੇ ਮੌਜੂਦਾ ਪੰਚਾਂ ਸਰਪੰਚਾਂ ਤੇ ਨੌਜਵਾਨਾਂ ਨੇ ਕੀਤੀ। ਇਨ੍ਹਾਂ ਪਿੰਡਾਂ ’ਚ ਮੌਜੂਦ ਵੱਖ-ਵੱਖ ਕਿਸਾਨ, ਮਜ਼ਦੂਰ ਤੇ ਵੱਖ ਵੱਖ ਜਨਤਕ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਹਾਜ਼ਰ ਸਨ। ਇਸ ਮੌਕੇ ਦਿੱਤੇ ਗਏ ਮੰਗ ਮੈਮੋਰੰਡਮ ’ਚ ਕੰਮ ਬਚਾਓ-ਖੇਤ ਬਚਾਓ-ਪਿੰਡ ਬਚਾਓ ਐਕਸ਼ਨ ਕਮੇਟੀ ਦੇ ਆਗੂਆਂ/ਮੈਂਬਰਾਂ ਵੱਲੋਂ ਸਰਕਾਰ ਦੀ ਨੀਤੀ ਤੇ ਨੀਅਤ ’ਤੇ ਵੱਡੇ ਸਵਾਲ ਚੁੱਕੇ ਗਏ।
ਉਨ੍ਹਾਂ ਵੱਲੋਂ ਰੋਸ ਤਿਆਰ ਕੀਤਾ ਗਿਆ ਕਿ ਲੈਂਡ ਪੂਲਿੰਗ ਐਕਟ, ਜ਼ਮੀਨ ਅਧੀਕਰਨ ਕਾਨੂੰਨ-2013 ਦੀ ਸਿੱਧਮ ਸਿੱਧੀ ਉਲੰਘਣਾ ਹੈ। ਇਸ ਕਾਨੂੰਨ ਅਨੁਸਾਰ ਪ੍ਰਭਾਵਿਤ ਪਿੰਡ ਵਾਸੀਆਂ ਯਾਨੀ ਗ੍ਰਾਮ ਸਭਾਵਾਂ ਦੇ ਆਮ ਇਜਲਾਸ ਵਿਚ 70 ਤੋਂ 80 ਫੀਸਦੀ ਸਹਿਮਤੀ ਜਰੂਰੀ ਹੁੰਦੀ ਹੈ।
ਜ਼ਮੀਨ ਲੈਣ ਦੀ ਲੋੜ, ਪੂਰੀ ਯੋਜਨਾ ਦੀ ਪਾਰਦਰਸ਼ਤਾ ਤੇ ਲੋਕਾਂ ਨੂੰ ਸਿੱਖਿਅਤ ਕਰ ਕੇ ਉਨ੍ਹਾਂ ਦੇ ਮੁੜ ਵਸੇਬੇ ਲਈ ਯਤਨਾਂ ’ਚੋਂ ਕੋਈ ਵੀ ਪੇਸ਼ਬੰਦੀ ਨਹੀਂ ਕੀਤੀ ਗਈ। ਸਕੀਮ ਅਨੁਸਾਰ ਜ਼ਮੀਨ ਦੇਣ ਵਾਲੇ ਨੂੰ ਪੰਜਵੇਂ ਹਿੱਸੇ ਦੀ ਮਾਲਕੀ ਦਿੱਤੀ ਗਈ ਹੈ ਪਰ ਇਨ੍ਹਾਂ ਜ਼ਮੀਨਾਂ ਦੇ ਸਾਲਾਂਬੱਧੀ ਵਿਕਾਸ ਹੁਣ ਤੱਕ ਖੇਤੀ ’ਤੇ ਨਿਰਭਰ ਲੋਕਾਂ ਦੀ ਆਰਥਿਕਤਾ ਬਾਰੇ ਕੋਈ ਜ਼ਿਕਰ ਨਹੀਂ।
ਉਨ੍ਹਾਂ ਅੱਗੇ ਕਿਹਾ ਕਿ ਪਿੰਡ ’ਚ ਅੱਧੋ-ਵੱਧ ਵੱਸਦੇ ਬੇ-ਜ਼ਮੀਨੇ ਲੋਕਾਂ ਦਾ ਭਵਿੱਖ ਉਨ੍ਹਾਂ ਨੂੰ ਖੂਹ ’ਚ ਧੱਕਾ ਦੇਣ ਦੇ ਬਰਾਬਰ ਹੈ। ਖੇਤੀ ਸਹਾਇਕ ਧੰਦਿਆਂ ਨਾਲ ਜੁੜੇ ਲੋਕਾਂ ਸਮੇਤ ਮਜ਼ਦੂਰਾਂ ਦਾ ਖੇਤਾਂ ’ਚ ਰੁਜ਼ਗਾਰ ਖੁਸਣ ਦੇ ਨਾਲ-ਨਾਲ ਮਨਰੇਗਾ ਦਾ ਕੰਮ ਵੀ ਖਤਮ ਹੋ ਜਾਵੇਗਾ।
ਇਹ ਲੋਕ ਮਾਰੂ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਲੋਕਾਂ ਵਲੋਂ ਕੀਤੀ ਗਈ ਤੇ ਅਜਿਹਾ ਨਾ ਹੋਣ ਤੇ ਕਰੋ ਜਾਂ ਮਰੋ ਦੀ ਭਾਵਨਾ ਨਾਲ ਅੰਦੋਲਨ ਆਰੰਭ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ।
ਇਸ ਮੌਕੇ ਪ੍ਰਕਾਸ਼ ਸਿੰਘ ਸਰਪੰਚ ਜੋਧਾਂ, ਜਗਦੇਵ ਸਿੰਘ ਸਾਬਕਾ ਸਰਪੰਚ, ਸਰਬਜੀਤ ਕੌਰ ਸਰਪੰਚ ਪਿੰਡ ਮਲਕ, ਨਰਿੰਦਰ ਸਿੰਘ ਸਰਪੰਚ ਸਿੱਧਵਾਂ, ਦੀਦਾਰ ਸਿੰਘ ਸਾਬਕਾ ਚੇਅਰਮੈਨ ਬਲਾਕ ਸੰਮਤੀ, ਗੁਰਵਿੰਦਰ ਸਿੰਘ ਸਰਪੰਚ ਪਿੰਡ ਪੋਨਾ, ਤਰਸੇਮ ਜੋਧਾਂ ਸਾਬਕਾ ਵਿਧਾਇਕ, ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ, ਦਿਲਬੀਰ ਸਿੰਘ, ਰਾਜਾ, ਜਸਵੰਤ ਸਿੰਘ ਘੋਲੀ ਮਾਰਕੀਟ ਪ੍ਰਧਾਨ, ਸੁਖ ਗਿੱਲ ਮੋਗਾ ਪ੍ਰਧਾਨ ਬੀਕੇਯੂ ਤੋਤੇਵਾਲ, ਫਤਿਹ ਸਿੰਘ ਕੌਮ ਇਨਸਾਫ਼ ਮੋਰਚਾ, ਬਗਾ ਸਿੰਘ, ਪ੍ਰਕਾਸ਼ ਸਿੰਘ ਹਿੱਸੋਵਾਲ, ਚਰਨਜੀਤ ਸਿੰਘ ਹਿਮਾਯੂਪੁਰ ਸਮੇਤ ਵੱਡੀ ਗਿਣਤੀ ਵਿਚ ਮਜ਼ਦੂਰ ਆਗੂ ਹਾਜਰ ਸਨ।