ਪੰਜਾਬ ਸਰਕਾਰ ਨੇ ਡਰਾਈਵਿੰਗ ਲਾਇਸੈਂਸ ਅਤੇ RC ਬਣਵਾਉਣ ਵਾਲਿਆਂ ਲਈ ਲਿਆ ਵੱਡਾ ਫੈਸਲਾ!
ਚੰਡੀਗੜ੍ਹ :
ਪੰਜਾਬ ਸਰਕਾਰ ਨੇ ਰਜਿਸਟ੍ਰੇਸ਼ਨ ਸਰਟੀਫਿਕੇਟਾਂ (RC) ਅਤੇ ਡਰਾਈਵਿੰਗ ਲਾਇਸੰਸਾਂ (DL) ਦੀ ਰਜਿਸਟ੍ਰੇਸ਼ਨ ਅਤੇ ਰੀਨਿਊਅਲ ਦੇ ਅਧਿਕਾਰ ਖੇਤਰੀ ਅਧਿਕਾਰੀਆਂ ਨੂੰ ਦੇ ਦਿੱਤੇ ਹਨ ਤਾਂ ਜੋ ਆਰ.ਸੀ. ਅਤੇ ਡੀ.ਐਲ. ਦੀ ਰਜਿਸਟ੍ਰੇਸ਼ਨ ਅਤੇ ਰੀਨਿਊਅਲ ਸਬੰਧੀ ਪਿਛਲੇ ਕਈ ਸਾਲਾਂ ਦੇ ਬੈਕਲਾਗ ਦਾ ਕੰਮ ਪੂਰਾ ਕੀਤਾ ਜਾ ਸਕੇ ।
ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੂਬੇ ਦੇ ਨਾਗਰਿਕ ਇੱਕ ਨਿਰਧਾਰਿਤ ਪ੍ਰਕਿਰਿਆ ਤਹਿਤ ਇਸ ਰਾਹਤ ਦਾ ਲਾਭ ਲੈ ਸਕਣਗੇ। ਉਨ੍ਹਾਂ ਦੱਸਿਆ ਕਿ ਹੁਣ ਬਿਨੈਕਾਰ ਆਪਣੇ ਪੁਰਾਣੇ ਵਹੀਕਲ ਅਤੇ ਡਰਾਈਵਿੰਗ ਲਾਇਸੰਸ ਨੂੰ ਆਨਲਾਈਨ ਕਰਵਾ ਸਕਦੇ ਹਨ ਅਤੇ ਸਬੰਧਤ ਦਸਤਾਵੇਜਾਂ ਨੂੰ ਰੀਨਿਊ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਪੁਰਾਣੇ ਆਰ.ਸੀ. ਅਤੇ ਡੀ.ਐਲ. ਨੂੰ ਰੀਨਿਊ ਕਰਨ ਸਬੰਧੀ ਦਸਤਾਵੇਜਾਂ ਦੀਆਂ ਪ੍ਰਵਾਨਗੀਆਂ ਅਤੇ ਆਨਲਾਈਨ ਨਾ ਹੋਣਾ ਵੱਡੀ ਰੁਕਾਵਟ ਬਣਿਆ ਹੋਇਆ ਸੀ।
ਮੰਤਰੀ ਨੇ ਦੱਸਿਆ ਕਿ ਇੱਕ ਲਿਖਤੀ ਪੱਤਰ ਰਾਹੀਂ ਪੰਜਾਬ ਦੀਆਂ ਸਮੂਹ ਰਜਿਸਟ੍ਰਿੰਗ ਅਥਾਰਟੀਜ ਅਤੇ ਸਮੂਹ ਲਾਈਸੰਸਿੰਗ ਅਥਾਰਟੀਜ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਅਤੇ ਬੈਕਲਾਗ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜੋ ਦਸਤਾਵੇਜ ਕੇਂਦਰੀ ਸੜਕੀ ਆਵਾਜਾਈ ਅਤੇ ਹਾਈਵੇਜ਼ ਮੰਤਰਾਲੇ ਦੀਆਂ ਸ਼ਰਤਾਂ ਦੀ ਪੂਰਤੀ ਨਾ ਕਰਦੇ ਹੋਣ, ਉਨ੍ਹਾਂ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਦੇ ਦਫ਼ਤਰ ਵੱਲੋਂ 24 ਮਈ 2024 ਨੂੰ ਜਾਰੀ ਪੱਤਰ ਦੀਆਂ ਸ਼ਰਤਾਂ ਅਨੁਸਾਰ ਨਜਿੱਠਣ ਲਈ ਲਿਖਿਆ ਗਿਆ ਹੈ।
ਭੁੱਲਰ ਨੇ ਦੱਸਿਆ ਕਿ ਆਰ.ਸੀ. ਅਤੇ ਡੀ.ਐਲ. ਦੇ ਬੈਕਲਾਗ ਸਬੰਧੀ ਕਾਰਜਕਾਰੀ ਮੈਜਿਸਟ੍ਰੇਟ ਤੋਂ ਤਸਦੀਕ ਸ਼ੁਦਾ ਹਲਫੀਆ ਬਿਆਨ ਲਿਆ ਜਾਵੇਗਾ, ਜਿਸ ਵਿਚ ਬੈਕਲਾਗ ਰਾਹੀਂ ਆਨਲਾਈਨ ਕਰਵਾਉਣ ਸਬੰਧੀ, ਮਿਆਦ, ਕੈਟਾਗਿਰੀ, ਮੈਨੂਅਲ ਜਾਰੀ ਕਰਨ ਵਾਲੀ ਅਥਾਰਟੀ, ਟੈਕਸ ਭਰੇ ਹੋਣ ਤੇ ਕੋਈ ਬਕਾਇਆ ਨਾ ਹੋਣ ਸਬੰਧੀ ਅਤੇ ਸਮੁੱਚੀ ਜਾਣਕਾਰੀ ਸਹੀ ਹੋਣ ਸਬੰਧੀ ਇੰਦਰਾਜ ਕਰਨਾ ਹੋਵੇਗਾ।
ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਆਰ.ਸੀ. ਦੇ ਬੈਕਲਾਗ ਆਨਲਾਈਨ ਸਬੰਧੀ ਸਮੁੱਚੀਆਂ ਜਾਣਕਾਰੀਆਂ ਆਨਲਾਈਨ ਅਪਲੋਡ ਕੀਤੇ ਜਾਣ ਸਮੇਂ, ਰਜਿਸਟ੍ਰੇਸ਼ਨ ਨੰਬਰ ਜਿਸ ਵਾਹਨ ‘ਤੇ ਲੱਗਾ ਹੈ, ਦੀ ਮੋਟਰ ਵਹੀਕਲ ਇੰਸਪੈਕਟਰ ਵੱਲੋਂ ਚੈਸੀ ਅਤੇ ਇੰਜਣ ਨੰਬਰ ਦੇ ਪੂਰੇ ਵੇਰਵੇ ਦਰਜ ਕੀਤੀ ਭੌਤਿਕ ਚੈਕਿੰਗ ਰਿਪੋਰਟ ਵੀ ਅਪਲੋਡ ਕੀਤੀ ਜਾਣੀ ਜ਼ਰੂਰੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਆਰ.ਸੀ. ਬੈਕਲਾਗ ਕਰਨ ਸਮੇਂ ਵੱਖ-ਵੱਖ ਵਿਅਕਤੀਆਂ ਦਾ ਵਹੀਕਲ ਟਰਾਂਸਫਰ ਰਿਕਾਰਡ ਵੀ ਅਪਲੋਡ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਪਹਿਲੇ ਮਾਲਕਾਂ ਦਾ ਰਿਕਾਰਡ ਵੀ ਸਾਂਭਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਵਿਭਾਗ ਦਾ ਪੱਕਾ ਕਰਮਚਾਰੀ ਬਿਨੈਕਾਰ ਵੱਲੋਂ ਡਰਾਈਵਿੰਗ ਲਾਇਸੰਸ/ਆਰ.ਸੀ. ਨਾਲ ਸਬੰਧਤ ਬੈਕਲਾਗ ਦੀ ਐਂਟਰੀ ਦਫਤਰ ਵਿੱਚ ਦਰਜ ਕਰਕੇ, ਉਸਨੂੰ ਪਰਿਵਾਹਨ ਪੋਰਟਲ ‘ਤੇ ਵੈਰੀਫਾਈ ਕਰਨਗੇ ਅਤੇ ਇਸਦੇ ਉਪਰੰਤ ਸਬੰਧਤ ਅਥਾਰਟੀ ਵੱਲੋਂ ਉਸਦੀ ਅਪਰੂਵਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸ ਵੀ ਗਲਤ ਐਂਟਰੀ ਦੀ ਨਿਰੋਲ ਜ਼ਿੰਮੇਵਾਰੀ ਸਬੰਧਤ ਰਜਿਸਟ੍ਰੇਸ਼ਨ ਅਤੇ ਲਾਈਸੰਸਿੰਗ ਅਥਾਰਟੀ ਦੀ ਹੋਵੇਗੀ।