ਵੱਡੀ ਖਬਰ: ਪੰਜਾਬ ‘ਚ ਇੱਕ ਹੋਰ ਨਿਹੰਗ ਦੀ ਗੁੰਡਾਗਰਦੀ, ਤਲਵਾਰ ਨਾਲ ਵੱਢੇ ਨੌਜਵਾਨ ਦੇ ਦੋਵੇਂ ਹੱਥ
Punjab News –
ਪੰਜਾਬ ਪੁਲਿਸ ਦੀ ਸਖਤ ਕਾਰਵਾਈ ਨਾ ਹੋਣ ਦੇ ਕਾਰਨ ਲਗਾਤਾਰ ਪੰਜਾਬ ਦੇ ਅੰਦਰ ਮਾਹੌਲ ਵਿਗੜਦਾ ਜਾ ਰਿਹਾ ਹੈ। ਕੁਝ ਕੁ ਤਾਕਤਾਂ ਦੇ ਵੱਲੋਂ ਨੌਜਵਾਨਾਂ ਅਤੇ ਆਮ ਲੋਕਾਂ ਨੂੰ ਡਰਾ ਧਮਕਾ ਕੇ ਜਿੱਥੇ ਫਿਰੌਤੀ ਮੰਗੀ ਜਾ ਰਹੀ ਹੈ, ਉਥੇ ਹੀ ਇਹ ਧੜੇ ਕਾਤਲਾਨਾ ਹਮਲੇ ਕਰ ਰਹੇ ਹਨ।
ਜਿਸ ਦੀ ਤਾਜ਼ਾ ਮਿਸਾਲ ਫਤਿਹਗੜ੍ਹ ਸਾਹਿਬ ਤੋਂ ਮਿਲਦੀ ਹੈ। ਜਿੱਥੇ ਇੱਕ ਨਿਹੰਗ ਦੇ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਹੋਇਆਂ ਨੌਜਵਾਨ ਦੇ ਦੋਵੇਂ ਹੱਥ ਹੀ ਵੱਢ ਦਿੱਤੇ ਗਏ। ਇਹ ਘਟਨਾ ਮੰਡੀ ਗੋਬਿੰਦਗੜ੍ਹ ਦਾ ਹੈ। ਜਿੱਥੇ ਨਿਹੰਗ ਨੇ ਸ਼ਰੇਆਮ ਗੁੰਡਾਗਰਦੀ ਕਰਦਿਆਂ ਹੋਇਆਂ ਇੱਕ ਨੌਜਵਾਨ ਦੇ ਦੋਵੇਂ ਹੱਥ ਤਲਵਾਰ ਦੇ ਨਾਲ ਵੱਢ ਦਿੱਤੇ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਜ਼ਖਮੀ ਨੌਜਵਾਨ ਦੀ ਪਹਿਛਾਣ ਜਤਿਨ ਵਜੋਂ ਹੋਈ ਹੈ, ਜਿਸ ਨੂੰ ਪਹਿਲਾਂ ਸਿਵਲ ਹਸਪਤਾਲ ਮੰਡੀ ਗੋਬਿੰਦਗੜ੍ਹ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਗੰਭੀਰ ਵੇਖਦਿਆਂ ਹੋਇਆਂ ਚੰਡੀਗੜ੍ਹ ਰੈਫਰ ਕਰ ਦਿੱਤਾ।
ਮੀਡੀਆ ਰਿਪੋਰਟਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਇਹ ਨਿਹੰਗ ਪਿਛਲੇ ਲੰਮੇ ਸਮੇਂ ਤੋਂ ਇਲਾਕੇ ਦੇ ਵਿੱਚ ਲੋਕਾਂ ਨੂੰ ਧਮਕੀਆਂ ਦੇ ਰਿਹਾ ਹੈ ਅਤੇ ਨੌਜਵਾਨਾਂ ਤੇ ਵੰਨ ਸੁਵੰਨੇ ਦੋਸ਼ ਲਗਾ ਕੇ ਉਹਨਾਂ ਨੂੰ ਡਰਾਉਂਦਾ ਹੈ ਅਤੇ ਫਿਰੌਤੀ ਦੀ ਮੰਗ ਕਰ ਰਿਹਾ ਹੈ। ਸੋਮਵਾਰ ਨੂੰ ਮਾਸਟਰ ਕਲੋਨੀ ਵਿੱਚ ਜਤਿਨ ‘ਤੇ ਕਾਤਲਾਨਾ ਹਮਲਾ ਉਕਤ ਨਿਹੰਗ ਦੇ ਵੱਲੋਂ ਕੀਤਾ ਗਿਆ, ਜਿਸ ਦੇ ਕਾਰਨ ਜਿੱਥੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ, ਉਥੇ ਹੀ ਸਾਰੇ ਇਲਾਕੇ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਉਕਤ ਨਿਹੰਗ ਦੇ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਸ ਮਾਮਲੇ ਸੰਬੰਧੀ ਸਬ ਇੰਸਪੈਕਟਰ ਧਰਮਪਾਲ ਸਿੰਘ ਦਾ ਕਹਿਣਾ ਹੈ ਕਿ ਜ਼ਖਮੀ ਵਿਅਕਤੀ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਦੋਸ਼ੀ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਜਲਦੀ ਕਾਬੂ ਕੀਤਾ ਜਾਵੇਗਾ। ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਉਕਤ ਨਿਹੰਗ ਪਹਿਲਾਂ ਵਿਵਾਦਾਂ ਵਿੱਚ ਰਿਹਾ ਹੈ ਅਤੇ ਉਸ ਨੇ ਸਰਹਿੰਦ ਵਿਖੇ ਇੱਕ ਢਾਬੇ ‘ਤੇ ਵੀ ਗੁੰਡਾਗਰਦੀ ਕੀਤੀ ਸੀ।