ਕੇਂਦਰ ਦੇ ਖੇਤੀ ਮੰਡੀ ਖਰੜੇ ਨੂੰ ਰੱਦ ਕਰੋ ਮੰਡੀਕਰਨ ਅੰਦਰ ਲੋਕ ਪੱਖੀ ਕਦਮ ਚੁੱਕਣ ਲਈ ਦਬਾਅ ਬਣਾਓ
ਪੰਜਾਬ ਨੈੱਟਵਰਕ, ਬਠਿੰਡਾ
ਅੱਜ ਬਠਿੰਡਾ ਵਿਖੇ ਲੋਕ ਮੋਰਚਾ ਪੰਜਾਬ ਨੇ ਕੇਂਦਰ ਵੱਲੋਂ ਭੇਜੇ ਖੇਤੀ ਮੰਡੀ ਨੀਤੀ ਖਰੜੇ ਦੀ ਲੋਕ ਦੋਖੀ ਅਸਲੀਅਤ ਉਜਾਗਰ ਕਰਨ ਤੇ ਮੰਡੀਆਂ ਚ ਲੋਕ ਪੱਖੀ ਸੁਧਾਰ ਕਰਵਾਉਣ ਵਾਸਤੇ ਲੋਕ ਲਾਮਬੰਦੀ ਤੇ ਆਵਾਜ਼ ਬੁਲੰਦ ਕਰਨ ਲਈ ਜਾਗਰੂਕਤਾ ਪੈਦਾ ਕਰਨ ਹਿੱਤ ਆਪਣੇ ਮੈਂਬਰਾਂ, ਹਮਦਰਦਾਂ, ਸ਼ੁਭ ਚਿੰਤਕਾਂ ਦੀ ਇਕੱਤਰਤਾ ਕੀਤੀ ਗਈ ਹੈ। ਇਸ ਇਕੱਤਰਤਾ ਵਿੱਚ ਕਿਸਾਨ ਮਜ਼ਦੂਰ ਠੇਕਾ ਮੁਲਾਜ਼ਮ ਅਤੇ ਅਧਿਆਪਕਾਂ ਨੇ ਹਿੱਸਾ ਲਿਆ।
ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ ਨੇ ਕਿਹਾ ਕਿ ਹੁਣ ਮੰਡੀਆਂ ਸਰਕਾਰੀ ਕੰਟਰੋਲ ਹੇਠ ਹਨ। ਕੇਂਦਰ ਸਰਕਾਰ ਸਰਕਾਰੀ ਖ਼ਰੀਦ ਏਜੰਸੀਆਂ ਰਾਹੀਂ ਖਰੀਦ ਕਰਦੀ ਹੈ। ਖਰੜੇ ਮੁਤਾਬਿਕ ਹੁਣ ਇਉਂ ਨਹੀਂ ਚੱਲਣਾ।ਇਹ ਮੰਡੀਆਂ ਨਹੀਂ ਰਹਿਣੀਆਂ। ਪ੍ਰਾਈਵੇਟ ਹੋਣਗੀਆਂ।ਖਰੀਦ ਵੀ ਸਰਕਾਰ ਨਹੀਂ, ਦੇਸੀ ਵਿਦੇਸ਼ੀ ਕੰਪਨੀਆਂ ਕਰਨਗੀਆਂ।ਸਿੱਧੀ ਖੇਤ ਤੋਂ ਖਰੀਦ ਕਰਨਗੀਆਂ।
ਇਹਨਾਂ ਦੇ ਸਾਇਲੋ ਤੇ ਕੋਲਡ ਸਟੋਰ ਹੀ ਮੰਡੀਆਂ ਹੋਣਗੀਆਂ। ਇਹ ਨਵੀਨਤਮ ਤਕਨੀਕ ਨਾਲ ਲੈਸ ਹੋਣਗੀਆਂ, ਬਹੁਤੇ ਮਨੁੱਖਾਂ ਦੀ ਥਾਂ ਇੱਕ ਮਸ਼ੀਨ ਹੀ ਹੋਵੇਗੀ।ਇਹਨਾਂ ਕੋਲ ਆਪਦੇ ਹੀ ਜਹਾਜ਼ ਹਨ ਸਮੁੰਦਰੀ ਜਹਾਜ਼, ਰੇਲਾਂ ਤੇ ਟਰੱਕ ਹਨ। ਮਸ਼ਹੂਰੀਆਂ ਕਰਨ ਦਾ ਸਮਾਨ ਵੀ ਹੈ। ਨੋਟਾਂ ਦੇ ਢੇਰ ਹਨ।ਦੁਨੀਆਂ ਦੇ ਦੈਂਤ ਨੇ ਇਹ ਵਿਦੇਸ਼ੀ ਕੰਪਨੀਆਂ। ਆਡਾਨੀਆਂ ਅੰਬਾਨੀਆਂ ਤੋਂ ਕਿਤੇ ਵੱਡੇ।ਆਪਣੇ ਮੁਲਕ ਦੇ ਅਮੀਰਾਂ ਦੇ ਅਮੀਰ। ਸਰਕਾਰਾਂ ਦੇ ਆਕਾ।
ਸਾਰੀ ਦੁਨੀਆਂ ‘ਚ ਇਹਨਾਂ ਦੀ ਤੂਤੀ ਬੋਲੇ।ਦੁਨੀਆਂ ਦਾ 70 ਪ੍ਰਤੀਸ਼ਤ ਅਨਾਜ ਵਪਾਰ ਇਹਨਾਂ ਦੀ ਮੁੱਠੀ ‘ਚ। 60-70 ਮੁਲਕਾਂ ਵਿੱਚ ਕਾਰੋਬਾਰ।50-60 ਲੱਖ ਏਕੜ ਜ਼ਮੀਨ ਦੀ ਮਾਲਕੀ। ਲੱਖਾਂ ਏਕੜ ਹੋਰ ਖਰੀਦਣ ਦੇ ਸੌਦੇ।ਠੇਕੇ ‘ਤੇ ਖੇਤੀ ਅਲਾਹਿਦਾ।ਮੁੱਖ ਕਾਰੋਬਾਰ ਆਨਾਜ ਵਪਾਰ ਦਾ। ਇਕੱਲੀ ਏ. ਕੰਪਨੀ ਦਾ ਰੋਜ਼ ਦਾ ਮੁਨਾਫ਼ਾ ਇੱਕ ਅਰਬ ਸੋਲ੍ਹਾਂ ਕਰੋੜ ਰੁਪਏ।
ਮੋਰਚੇ ਦੇ ਸਕੱਤਰ ਨੇ ਅੱਗੇ ਕਿਹਾ ਕਿ ਇਹਨਾਂ ਦਿਉ ਕਦ ਕੰਪਨੀਆਂ ਦਾ ਮੰਡੀਆਂ ਵਿੱਚ ਦਾਖਲ ਹੋਣ ਦਾ ਮਤਲਬ ਕਿਸਾਨਾਂ ਦੀ ਫਸਲ ਦੀ ਲੁੱਟ ਤੇ ਮਜ਼ਦੂਰਾਂ ਦੀ ਛਾਂਟੀ ਹੋਵੇਗੀ।
ਖੇਤੀ ਪੈਦਾਵਾਰ ਕੌਡੀਆਂ ਦੇ ਭਾਅ ਲੁੱਟੀ ਜਾਣੀ ਹੈ।ਖੁੰਘਲ ਹੋਈ ਕਿਸਾਨੀ ਸੂਦਖੋਰੀ ਕਰਜ਼ੇ ਦੇ ਤੰਦੂਏ ਜਾਲ ਵਿੱਚ ਫਸ ਜਾਣ ਦੇ ਹਾਲਤ ਬਣੇਗੀ।ਗਰੀਬੀ ਮਾਰੀ ਕਿਸਾਨੀ ਜ਼ਮੀਨਾਂ ਵੇਚਣ ਲਈ ਸਰਾਪੀ ਜਾਵੇਗੀ। ਖੇਤ ਮਜ਼ਦੂਰਾਂ ਲਈ ਕੰਮ-ਮੌਕੇ ਘਟ ਜਾਣਗੇ, ਕੰਮ-ਘੰਟੇ ਵਧ ਜਾਣਗੇ। ਥੁੜਾਂ ਮਾਰੇ ਮਜ਼ਦੂਰਾਂ ਲਈ ਜਿਉਣਾ ਮੁਹਾਲ ਹੋ ਜਾਵੇਗਾ।ਗਰੀਬੀ ਤੇ ਮੁਥਾਜਗੀ ਦਾ ਮਨ ‘ਤੇ ਬੋਝ ਵਧੇਗਾ। ਜਨਤਕ ਵੰਡ ਪ੍ਰਣਾਲੀ ਦਾ ਪੂਰੀ ਤਰ੍ਹਾਂ ਗਲ਼ ਘੁੱਟਿਆ ਜਾਵੇਗਾ। ਮੰਡੀਆਂ ਵਿੱਚ ਕੰਮ ਕਰਦੇ ਪੱਲੇਦਾਰ ਮਜ਼ਦੂਰ ਬੇਰੁਜ਼ਗਾਰੀ ਮੂੰਹ ਧੱਕੇ ਜਾਣਗੇ।
ਖਰੀਦ ਏਜੰਸੀਆਂ ਦੀ ਸਫ ਲਪੇਟੀ ਜਾਵੇਗੀ, ਨੌਕਰੀਓ ਬਾਹਰ ਕੀਤੇ ਕਰਮਚਾਰੀਆਂ ਨੂੰ ਤਨਖਾਹਾਂ ਪੈਨਸ਼ਨਾਂ ਨਹੀਂ ਮਿਲਣਗੀਆਂ। ਨਵੀਆਂ ਨੌਕਰੀਆਂ ਪਹਿਲਾਂ ਹੀ ਬੰਦ ਹਨ। ਨੌਜਵਾਨਾਂ ਵਿਚ ਬੇਰੁਜ਼ਗਾਰਾਂ ਦੀ ਨਫ਼ਰੀ ਵਧੇਗੀ। ਖੇਤੀ ਪੈਦਾਵਾਰ ਨਾਲ ਜੁੜੇ ਅਣਗਿਣਤ ਕਾਰੋਬਾਰਾਂ ‘ਚ ਉਖੜਨਗੇ। ਖੇਤੀ ਪੈਦਾਵਾਰ ਨੂੰ ਖਪਤ ਯੋਗ ਬਣਾਉਣ ਵਾਲਿਆਂ ਤੇ ਖਪਤਕਾਰਾਂ ਤੱਕ ਪਹੁੰਚਾਉਣ ਵਾਲਿਆਂ ਲਈ ਰੁਜ਼ਗਾਰ ਦੇ ਮੌਕਿਆਂ ਵਿੱਚ ਸੁੰਗੇੜਾ ਆਵੇਗਾ।ਟਰੱਕਾਂ ਵਾਲਿਆਂ ਦੇ ਧੰਦੇ ‘ਤੇ ਵੀ ਮਾੜਾ ਅਸਰ ਪਵੇਗਾ।
ਮਹਿੰਗਾਈ ਮੂਹਰੇ ਸਾਹ ਸਤ ਹੀਣ ਹੋਈਆਂ ਠੇਕਾ ਮੁਲਾਜ਼ਮਾਂ ਨੂੰ ਮਿਲਦੀਆਂ ਨਿਗੂਣੀਆਂ ਤਨਖਾਹਾਂ ਦਾ ਕੁਝ ਨੀਂ ਵੱਟਿਆ ਜਾਣਾ। ਪ੍ਰਚੂਨ ਵਪਾਰ ਵਿੱਚ ਇਹਨਾਂ ਦੇ ਆਉਣ ਨਾਲ ਅਨੇਕਾਂ ਦੁਕਾਨਾਂ ਨੂੰ ਤਾਲੇ ਲੱਗ ਜਾਣ ਦੀ ਨੌਬਤ ਆ ਜਾਣੀ ਹੈ। ਪਹਿਲਾਂ ਖੁੱਲੇ ਮਾਲਾਂ ਨੇ ਬਥੇਰੀ ਮਾਰ ਮਾਰੀ ਹੈ।ਦੂਜੇ ਪਾਸੇ ਕੰਪਨੀਆਂ ਖੇਤੀ ਪੈਦਾਵਾਰ ਨੂੰ ਮਨ ਆਏ ਭਾਅ ਖਰੀਦਣਗੀਆਂ ਤੇ ਮਨ ਚਾਹੇ ਭਾਅ ਵੇਚਣਗੀਆਂ।ਮੋਟੇ ਮੁਨਾਫ਼ੇ ਮੁੱਛਣਗੀਆਂ।
ਇਕੱਤਰਤਾ ਦੇ ਅੰਤ ਤੇ ਇਕੱਤਰ ਹੋਏ ਲੋਕਾਂ ਨੂੰ ਸੱਦਾ ਦਿੰਦਿਆਂ ਮੋਰਚੇ ਦੇ ਸਕੱਤਰ ਨੇ ਕਿਹਾ ਕਿ ਇਸ ਖਰੜੇ ਨੂੰ ਰੱਦ ਕਰਾਉਣ ਤੇ ਮੰਡੀਆਂ ਚ ਲੋਕ ਪੱਖੀ ਕਦਮ ਚੁੱਕਣ ਲਈ ਸੰਘਰਸ਼ ਦੇ ਅਖਾੜੇ ਭਖਾਉਣ ਦੀ ਲੋੜ ਨੂੰ ਭਰਵਾਂ ਹੁੰਗਾਰਾ ਭਰਨ ਦਾ ਸੱਦਾ ਦਿੱਤਾ ਹੈ।