ਕੰਪਿਊਟਰ ਅਧਿਆਪਕਾਂ ਦੇ ਸੰਘਰਸ਼ ‘ਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ: ਡੈਮੋਕ੍ਰੇਟਿਕ ਟੀਚਰਜ਼ ਫਰੰਟ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸੰਗਰੂਰ ਵਿਖੇ ਕੰਪਿਊਟਰ ਅਧਿਆਪਕਾਂ ਵੱਲੋਂ ਪੂਰੇ ਲਾਭਾਂ ਸਮੇਤ ਸਿੱਖਿਆ ਵਿੱਚ ਮਰਜਿੰਗ ਦੀ ਆਪਣੀ ਹੱਕੀ ਮੰਗ ਲਈ ਲਗਾਤਾਰ ਭੁੱਖ ਹੜਤਾਲ ਦੇ ਰੂਪ ਵਿੱਚ ਸੰਘਰਸ਼ ਕੀਤਾ ਜਾ ਰਿਹਾ ਹੈ।
ਇਸ ਹੱਕੀ ਮੰਗ ਨੂੰ ਪੂਰਾ ਕਰਨ ਦੀ ਥਾਂ 5 ਸਤੰਬਰ ਨੂੰ ਅਧਿਆਪਕ ਦਿਵਸ ‘ਤੇ ਮੁੱਖ ਮੰਤਰੀ ਦੀ ਕੋਠੀ ਅੱਗੇ ਸੰਘਰਸ਼ ਕਰ ਰਹੇ ਇਹਨਾਂ ਅਧਿਆਪਕਾਂ ‘ਤੇ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਪੁਲਿਸ ਵੱਲੋਂ ਵਹਿਸ਼ੀ ਜਬਰ ਢਾਹਿਆ ਗਿਆ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੇ ਦਿੱਗਵਿਜੈ ਪਾਲ ਸ਼ਰਮਾ ਅਤੇ ਸੂਬਾ ਜਨਰਲ ਸਕੱਤਰ ਬਲਬੀਰ ਲੌਂਗੋਵਾਲ ਨੇ ਦੱਸਿਆ ਕਿ, ਇਸ ਦੇ ਰੋਸ ਵਜੋਂ ਅਤੇ ਆਪਣੀ ਰੈਗੂਲਰਟੀ ਦੀ ਮੰਗ ਨੂੰ ਪੂਰਾ ਕਰਵਾਉਣ ਲਈ ਕੰਪਿਊਟਰ ਅਧਿਆਪਕਾਂ ਵੱਲੋਂ 8 ਸਤੰਬਰ ਦਿਨ ਐਤਵਾਰ ਨੂੰ 11 ਵਜੇ ਡੀ ਸੀ ਦਫਤਰ ਸੰਗਰੂਰ ( ਭੁੱਖ ਹੜਤਾਲ ਮੋਰਚੇ) ਤੋਂ ਵਿੱਤ ਮੰਤਰੀ ਦੀ ਕੋਠੀ ਤੱਕ ਮਾਰਚ ਅਤੇ ਅਰਥੀ ਫੂਕਣ ਦਾ ਪ੍ਰੋਗਰਾਮ ਰੱਖਿਆ ਗਿਆ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਡੀ ਟੀ ਐਫ ਦੀਆਂ ਸਮੂਹ ਜਿਲ੍ਹਾ ਇਕਾਈਆਂ ਨੂੰ ਇਸ ਵਿੱਚ ਭਰਵੀਂ ਸ਼ਮੂਲੀਅਤ ਕਰਨ ਦੀ ਪੁਰਜੋਰ ਅਪੀਲ ਕੀਤੀ ਜਾਂਦੀ ਹੈ।