ਤਾਂਤਰਿਕਾਂ ਨੂੰ ਖੁੱਲ੍ਹਾ ਚੈਲੰਜ, ਭੂਤਾਂ ਦੀ ਹੋਂਦ ਕਰੋ ਸਾਬਿਤ ਅਤੇ ਜਿੱਤੋ 5 ਲੱਖ ਦਾ ਇਨਾਮ: ਤਰਕਸ਼ੀਲ ਸੋਸਾਇਟੀ
ਜਸਵੀਰ ਸੋਨੀ, ਮਾਨਸਾ
ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ:) ਜੋਨ ਮਾਨਸਾ ਦੀ ਇਕਾਈ ਬੁਢਲਾਡਾ ਵੱਲੋਂ ਅੱਜ, ਇੰਗਲਿਸ਼ ਗ੍ਰਾਮਰ ਹਾਈ ਸਕੂਲ ਪਿੰਡ ਬਰੇ ਵਿਖੇ ਤਰਕਸ਼ੀਲ ਪ੍ਰੋਗਰਾਮ ਕੀਤਾ ਗਿਆ,ਜਿਸ ਵਿੱਚ ਜੋਨ ਆਗੂ ਜਸਵੀਰ ਸੋਨੀ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੰਧ ਵਿਸ਼ਵਾਸ ਮਨੁੱਖੀ ਸਮਾਜ ਦੀ ਤਰੱਕੀ ਵਿੱਚ ਬਹੁਤ ਵੱਡੀ ਰੁਕਾਵਟ ਬਣਦੇ ਹਨ।
ਅੰਧ ਵਿਸ਼ਵਾਸਾਂ ਨੂੰ ਪੁਰਾਣੇ ਸਮੇਂ ਦੇ ਨਾਲ ਜੋੜਿਆ ਜਾਂਦਾ ਹੈ ਕਿ ਸਾਡੇ ਬਜ਼ੁਰਗ ਅਨਪੜ੍ਹ ਸਨ ਇਸ ਕਰਕੇ ਅੰਧਵਿਸ਼ਵਾਸ ਹਨ, ਉਨ੍ਹਾਂ ਕਿਹਾ ਬੜੀ ਹੈਰਾਨੀ ਦੀ ਗੱਲ ਹੈ ਪੁਰਾਣੀਆਂ ਪੀੜ੍ਹੀਆਂ ਨੂੰ ਅਨਪੜ੍ਹ ਕਹਿਣ ਵਾਲੇ ਅੱਜ ਦੇ ਪੜੇ ਲਿਖੇ ਲੋਕ ਫਿਰ ਵੀ ਉਨ੍ਹਾਂ ਅੰਧ ਵਿਸ਼ਵਾਸਾਂ ਨੂੰ ਮੰਨੀਂ ਜਾ ਰਹੇ ਹਨ,ਅਤੇ ਅਣਪੜ੍ਹ ਤਾਂਤਰਿਕਾਂ ਤੋਂ ਅਪਣੀ ਲੁੱਟ ਕਰਵਾ ਰਹੇ ਹਨ।
ਇਹ ਲੋਕ ਇਸ ਸਮਝ ਤੋਂ ਵੀ ਕੋਰੇ ਹਨ ਕਿ ਜੋ ਤਾਂਤਰਿਕ ਅਪਣਾ ਕੂੜ ਦਾ ਕਾਰੋਬਾਰ ਚਲਾਉਣ ਲਈ ਮੀਡੀਆ ਦਾ ਸਹਾਰਾ ਲੈਂਦੇ ਹਨ, ਉਹ ਲੋਕਾਂ ਦਾ ਕੀ ਸਵਾਰ ਦੇਣਗੇ, ਲੋਕਾਂ ਨੂੰ ਇਸ ਤੋਂ ਹੀ ਸਮਝ ਜਾਣਾ ਚਾਹੀਦਾ ਸੀ ਕਿ ਕਰੋਨਾ ਕਾਲ ਸਮੇਂ ਨਾ ਤਾਂ ਕਿਸੇ ਨੂੰ ਕੋਈ ਕਸਰ ਹੋਈ ਤੇ ਨਾ ਇਨ੍ਹਾਂ ਤਾਂਤਰਿਕਾਂ ਬਾਬਿਆਂ ਦਾ ਕੋਈ ਚਮਤਕਾਰ ਹੀ ਚੱਲਿਆ, ਪਰ ਲਾਕਡਾਉਨ ਖੁਲ੍ਹਦੇ ਹੀ ਬਾਬੇ ਭੋਰਿਆਂ ਵਿਚੋਂ ਬਾਹਰ ਆ ਗਏ।
ਭੂਤਾਂ ਪਰੇਤਾਂ ਤੇ ਬੋਲਦਿਆਂ ਕਿਹਾ ਕਿ ਇਹ ਇੱਕ ਮਾਨਸਿਕ ਰੋਗ ਹਨ, ਤੇ ਇਨ੍ਹਾਂ ਦਾ ਇਲਾਜ ਡਾਕਟਰਾਂ ਕੋਲ ਹੈ ਨਾ ਕਿ ਤਾਂਤਰਿਕਾਂ ਬਾਬਿਆਂ ਕੋਲ ਤਰਕਸ਼ੀਲ ਸੁਸਾਇਟੀ ਦੇ ਰੱਖੇ ਪੰਜ ਲੱਖ ਦੇ ਇਨਾਮ ਬਾਰੇ ਦੱਸਿਆ ਕਿ ਸੁਸਾਇਟੀ ਵੱਲੋਂ ਗ਼ੈਬੀ ਸ਼ਕਤੀਆਂ ਦੇ ਦਾਅਵੇਦਾਰਾਂ ਨੂੰ ਖੁੱਲ੍ਹਾ ਚੈਲੇਂਜ ਹੈ ਕਿ ਉਹ ਭੂਤ ਪਰੇਤਾਂ ਦੀ ਹੋਂਦ ਸਾਬਤ ਕਰਕੇ ਇਹ ਇਨਾਮ ਜਿੱਤ ਲੈਣ।
ਜਾਦੂ ਦੇ ਟਰਿੱਕ ਦਿਖਾਉਂਦਿਆਂ ਕਿਹਾ ਕਿ ਇਹ ਇੱਕ ਕਲਾ ਹੈ ਜਿਸ ਨੂੰ ਕੋਈ ਵੀ ਸਿੱਖ ਸਕਦਾ, ਪਰ ਜਦੋਂ ਇਹ ਕਲਾ ਇਨ੍ਹਾਂ ਚਾਲਾਕ ਲੋਕਾਂ ਕੋਲ ਆ ਜਾਂਦੀ ਹੈ ਤਾਂ ਇਹ ਲੋਕਾਂ ਨੂੰ ਗੁੰਮਰਾਹ ਕਰਨਾ ਸ਼ੁਰੂ ਕਰ ਦਿੰਦੇ ਹਨ। ਅਤੇ ਅਪਣੇ ਆਪ ਨੂੰ ਚਮਤਕਾਰੀ ਸਿੱਧ ਕਰਨਾ ਸ਼ੁਰੂ ਕਰ ਦਿੰਦੇ ਹਨ ਤੇ ਲੋਕਾਂ ਦੀ ਆਰਥਿਕ ਮਾਨਸਿਕ ਅਤੇ ਸਰੀਰਕ ਲੁੱਟ ਸ਼ੁਰੂ ਕਰ ਦਿੰਦੇ ਹਨ ਜਿਸ ਤੋਂ ਬਚਣ ਦੀ ਲੋੜ ਹੈ।
ਇਸ ਮੌਕੇ ਪ੍ਰਿੰਸੀਪਲ ਮੈਡਮ ਸਤਵਿੰਦਰ ਕੌਰ ਨੇ ਤਰਕਸ਼ੀਲ ਟੀਮ ਨੂੰ ਜੀ ਆਇਆਂ ਕਿਹਾ ਡੀ ਪੀ ਅਤੇ ਚਿਰਾਗਦੀਪ ਸਿੰਘ ਨੇ ਸਟੇਜ ਸੰਚਾਲਨ ਕੀਤਾ,ਪੂਰੇ ਸਟਾਫ਼ ਨੇ ਭਰਪੂਰ ਸਹਿਯੋਗ ਦਿੱਤਾ, ਸਕੂਲ ਚੇਅਰਮੈਨ ਸਤਿਗੁਰੂ ਸਿੰਘ ਨੇ ਟੀਮ ਦਾ ਧੰਨਵਾਦ ਕੀਤਾ, ਤਰਕਸ਼ੀਲ ਸਾਥੀ ਮਨਦੀਪ ਸਿੰਘ ਗੁਰਨੇ ਨੇ ਵਿਸ਼ੇਸ਼ ਯੋਗਦਾਨ ਪਾਇਆ, ਪਰਮਜੀਤ ਸਿੰਘ ਬਰੇ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ।