Weather Alert: ਮੌਸਮ ਵਿਭਾਗ ਵੱਲੋਂ ਪੰਜਾਬ ‘ਚ ਭਾਰੀ ਮੀਂਹ ਪੈਣ ਦੀ ਚੇਤਾਵਨੀ, ਪੜ੍ਹੋ ਪੂਰੀ ਖ਼ਬਰ
Weather Alert: ਮੌਸਮ ਵਿਭਾਗ ਦੇ ਵੱਲੋਂ ਪੰਜਾਬ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਠੰਡੀਆਂ ਹਵਾਵਾਂ ਵੀ ਚੱਲਣਗੀਆਂ। ਦੱਸ ਦਈਏ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਸੂਬੇ ਭਰ ਦੇ ਵੱਖ ਵੱਖ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਪੈ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ, ਮੀਂਹ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ 40 ਕਿਲੋਮੀਟਰ ਦੀ ਰਫ਼ਤਾਰ ਨਾਲ ਹਵਾਵਾਂ ਵੀ ਚੱਲ ਸਕਦੀਆਂ ਹਨ।
ਪਿਛਲੇ ਦੋ ਦਿਨਾਂ ਵਿੱਚ ਬਣੇ ਹਾਲਾਤਾਂ ਤੋਂ ਬਾਅਦ, ਪੰਜਾਬ ਵਿੱਚ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਵੱਧ ਤੋਂ ਵੱਧ ਤਾਪਮਾਨ ਔਸਤਨ 3.9 ਡਿਗਰੀ ਸੈਲਸੀਅਸ ਡਿੱਗ ਗਿਆ ਹੈ, ਜੋ ਕਿ ਆਮ ਨਾਲੋਂ 6 ਡਿਗਰੀ ਸੈਲਸੀਅਸ ਘੱਟ ਹੈ।
ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 34.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਕਈ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਵੀ ਦਰਜ ਕੀਤੀ ਗਈ।
ਜਿਸ ਵਿੱਚ ਲੁਧਿਆਣਾ ਵਿੱਚ 4.4 ਮਿਲੀਮੀਟਰ, ਪਟਿਆਲਾ ਵਿੱਚ 3.0 ਮਿਲੀਮੀਟਰ, ਮੋਹਾਲੀ ਵਿੱਚ 0.5 ਮਿਲੀਮੀਟਰ ਬਾਰਿਸ਼ ਹੋਈ।
ਮੌਸਮ ਵਿਭਾਗ ਅਨੁਸਾਰ ਅੱਜ ਵੀ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਅਸਮਾਨ ਬੱਦਲਵਾਈ ਰਹੇਗਾ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ, 22 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟਾ), ਗਰਜ ਅਤੇ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।
ਮੌਸਮ ਵਿਭਾਗ ਨੇ ਅੱਜ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਹੈ।