ਪੰਜਾਬ ‘ਚ ਵਾਲੀਬਾਲ ਖਿਡਾਰੀ ਦਾ ਬੇਰਹਿਮੀ ਨਾਲ ਕਤਲ
Punjab News: ਪੰਜਾਬ ਦੇ ਅੰਦਰ ਵਾਲੀਬਾਲ ਖਿਡਾਰੀ ਦਾ ਕਤਲ ਕੀਤੇ ਜਾਣ ਦੀ ਖ਼ਬਰ ਮਿਲੀ ਹੈ। ਇਹ ਮਾਮਲਾ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਟਾ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਵਿਵੇਕਬੀਰ ਸਿੰਘ (16) ਪੁੱਤਰ ਸ਼ਮਸ਼ੇਰ ਸਿੰਘ ਵਾਸੀ ਪਿੰਡ ਠੱਟਾ ਜੋ ਗਿਆਰ੍ਹਵੀਂ ਜਮਾਤ ਦਾ ਵਿਦਿਆਰਥੀ ਸੀ। ਉਸਦਾ ਪਿੰਡ ਦੇ ਹੀ ਕਿਸੇ ਨੌਜਵਾਨ ਨਾਲ ਝਗੜਾ ਹੋਇਆ ਸੀ।
ਜਿਸਦੀ ਰੰਜਿਸ਼ ਤਹਿਤ ਉਸ ਉੱਪਰ ਉਸ ਵੇਲੇ ਹਮਲਾ ਕਰ ਦਿੱਤਾ, ਜਦੋਂ ਕਿਸੇ ਕੰਮ ਲਈ ਸਰਹਾਲੀ ਦੀ ਅਨਾਜ ਮੰਡੀ ਕੋਲ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਵੇਕਬੀਰ ਸਿੰਘ ਵਾਲੀਵਾਲ ਦਾ ਖਿਡਾਰੀ ਸੀ।
ਜ਼ਖ਼ਮੀ ਹਾਲਤ ਵਿਚ ਉਸ ਦੇ ਚਚੇਰੇ ਭਰਾ ਅਤੇ ਹੋਰਾਂ ਨੇ ਉਸ ਨੂੰ ਹਸਪਤਾਲ ਲਿਆਂਦਾ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਸ਼ਾਮ ਕਰੀਬ 4 ਵਜੇ ਵਾਪਰੀ ਉਕਤ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਥਾਣਾ ਸਰਹਾਲੀ ਦੇ ਮੁਖੀ ਬਰਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ।
ਉਨ੍ਹਾਂ ਕਿਹਾ ਕਿ ਪਰਿਵਾਰ ਦੇ ਬਿਆਨਾਂ ‘ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਕਿ ਮ੍ਰਿਤਕ ਵਿਵੇਕਬੀਰ ਸਿੰਘ ਸੰਧੂ ਦੀ ਮਾਤਾ ਸਰਹਾਲੀ ਦੇ ਨਿੱਜੀ ਸਕੂਲ ਵਿਚ ਪ੍ਰਿੰਸੀਪਲ ਹੈ।