Punjab News: 4161 ਮਾਸਟਰ ਕੇਡਰ ਯੂਨੀਅਨ ਸੰਗਰੂਰ ਦੀ ਹੋਈ ਮੀਟਿੰਗ! ਅਗਲੇ ਸੰਘਰਸ਼ ਲਈ ਕਰ’ਤਾ ਵੱਡਾ ਐਲਾਨ
Punjab News: 7 ਜੁਲਾਈ ਨੂੰ ਪੰਜਾਬ ਪੇ ਸਕੇਲ ਬਹਾਲੀ ਫ਼ਰੰਟ ਵੱਲੋਂ ਜਲੰਧਰ ਰੋਸ ਪ੍ਰਦਰਸ਼ਨ ਵਿਚ ਕੀਤੀ ਜਾਵੇਗੀ ਸ਼ਮੂਲੀਅਤ
ਦਲਜੀਤ ਕੌਰ, ਸੰਗਰੂਰ
Punjab News: ਅੱਜ 4161 ਮਾਸਟਰ ਕੇਡਰ ਜਿਲ੍ਹਾ ਸੰਗਰੂਰ ਦੇ ਅਧਿਆਪਕਾਂ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਖੁਸ਼ਦੀਪ ਸਿੰਘ ਅਤੇ ਸੂਬਾ ਕਮੇਟੀ ਮੈਂਬਰ ਸੰਦੀਪ ਗਿੱਲ ਅਤੇ ਗੁਰਜੀਤ ਕੌਰ ਦੀ ਅਗਵਾਈ ਹੇਠ ਸਥਾਨਕ ਡੀਸੀ ਦਫ਼ਤਰ ਸੰਗਰੂਰ ਵਿਖੇ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਦੀਪ ਗਿੱਲ ਅਤੇ ਖੁਸ਼ਦੀਪ ਸਿੰਘ ਨੇ ਕਿਹਾ ਕਿ 4161 ਅਧਿਆਪਕਾਂ ਨੇ 9 ਮਈ ਨੂੰ ਆਪਣੇ ਆਪਣੇ ਜਿਲ੍ਹੇ ਦੀਆਂ ਡਾਈਟਾਂ ਵਿੱਚ ਜੁਆਇੰਨ ਕੀਤਾ ਸੀ। ਉਸ ਸਮੇਂ ਸਰਕਾਰ ਨੇ ਅਧਿਆਪਕਾਂ ਨੂੰ ਭਰੋਸਾ ਦਿੱਤਾ ਸੀ ਕੇ ਉਹਨਾਂ ਨੂੰ ਤਨਖਾਹ 9 ਮਈ ਤੋਂ ਹੀ ਜਾਰੀ ਕੀਤੀ ਜਾਵੇਗੀ, ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਮੁੱਕਰਦੀ ਜਾਪ ਰਹੀ ਹੈ।
ਉਹਨਾਂ ਮੰਗ ਕੀਤੀ ਕਿ ਸਰਕਾਰ ਆਪਣਾ ਵਾਅਦਾ ਪੂਰਾ ਕਰੇ। ਉਹਨਾਂ ਕਿਹਾ ਕਿ ਅਗਾਮੀ ਦਿਨਾਂ ਵਿੱਚ ਹੋ ਰਹੀਆਂ ਆਮ ਬਦਲੀਆਂ ਵਿੱਚ 4161 ਅਧਿਆਪਕਾਂ ਨੂੰ ਵੀ ਸਪੈਸ਼ਲ ਮੌਕਾ ਦਿੱਤਾ ਜਾਵੇ। ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੁਣਾਂ ਨੇ ਵੀ ਅਧਿਆਪਕਾਂ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਵੀ ਅਧਿਆਪਕ ਨੂੰ ਘਰ ਤੋਂ ਦੂਰ ਨਹੀਂ ਰਹਿਣ ਦਿੱਤਾ ਜਾਵੇਗਾ; ਜਦ ਕਿ 4161 ਅਧਿਆਪਕ 250-300 ਕਿਲੋਮੀਟਰ ਦੂਰ ਆਪਣੀਆਂ ਸੇਵਾਵਾਂ ਦੇ ਰਹੇ ਹਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਕਮੇਟੀ ਮੈਂਬਰ ਗੁਰਜੀਤ ਕੌਰ ਨੇ ਕਿਹਾ ਕੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਤੇ ਉਸ ਸਮੇਂ ਦੀ ਕਾਂਗਰਸ ਸਰਕਾਰ ਨੇ ਜਬਰੀ ਕੇਂਦਰੀ ਪੇ ਸਕੇਲ ਥੋਪ ਦਿੱਤੇ ਸਨ।
ਉਸ ਸਮੇਂ ਆਮ ਆਦਮੀ ਪਾਰਟੀ ਨੇ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕੇ ਉਹਨਾਂ ਦੀ ਸਰਕਾਰ ਬਣਨ ਉਪਰੰਤ ਕੇਂਦਰੀ ਸਕੇਲ ਰੱਦ ਕਰਕੇ ਮੁੜ ਪੰਜਾਬ ਪੇ ਸਕੇਲ ਬਹਾਲ ਕੀਤਾ ਜਾਵੇਗਾ, ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਢਾਈ ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰੰਤੂ ਹਜੇ ਤੱਕ ਇਹ ਵਾਅਦਾ ਵਫ਼ਾ ਨਹੀਂ ਹੋ ਸਕਿਆ।
ਉਹਨਾਂ ਕਿਹਾ ਕਿ ਆਉਣ ਵਾਲੀ 7 ਜੁਲਾਈ ਨੂੰ ਪੰਜਾਬ ਪੇ ਸਕੇਲ ਬਹਾਲੀ ਸਾਂਝਾ ਫ਼ਰੰਟ ਵੱਲੋਂ ਰੱਖੇ ਗਏ ਰੋਸ ਪ੍ਰਦਰਸ਼ਨ ਵਿਚ 4161 ਅਧਿਆਪਕ ਵੱਧ ਚੜ ਕੇ ਸ਼ਮੂਲੀਅਤ ਕਰਨਗੇ।
ਇਸ ਦੌਰਾਨ ਸੰਗਰੂਰ ਦੀ ਜਿਲ੍ਹਾ ਕਮੇਟੀ ਦਾ ਵੀ ਗਠਨ ਕੀਤਾ ਗਿਆ। ਜਿਸ ਵਿੱਚ ਮਨਦੀਪ ਸਿੰਘ ਮੀਤ ਪ੍ਰਧਾਨ, ਰਣਜੀਤ ਸਿੰਘ ਕੋਟੜਾ ਖਜਾਨਚੀ ਅਤੇ ਅਮਿਤ ਸੰਗਰੂਰ ਨੂੰ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਵਿੱਚ ਅਮਨਦੀਪ ਕੌਰ, ਗੁਰਮੀਤ ਕੌਰ, ਜਸਪ੍ਰੀਤ ਕੌਰ, ਮਨਦੀਪ ਸਿੰਘ, ਰਾਮ ਸਿੰਘ, ਗੁਰਤੇਜ ਖਾਈ, ਲਖਵੀਰ ਸਿੰਘ ਅੜਕਵਾਸ, ਕੁਲਦੀਪ ਸਿੰਘ, ਜਗਸੀਰ ਸਿੰਘ ਆਦਿ ਅਧਿਆਪਕ ਮੌਜੂਦ ਸਨ।