ਸਿੱਖਿਆ ਵਿਭਾਗ ਦਾ ਅਧਿਆਪਕ ਵਿਰੋਧੀ ਫ਼ੈਸਲਾ: ਛੁੱਟੀਆਂ ਦੌਰਾਨ ਮਿਡ ਡੇ ਮੀਲ ਦੇ ਭਾਂਡੇ ਖਰੀਦਣ ਦੇ ਹੁਕਮ
ਸੰਗਰੂਰ
ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਮਿਡ ਡੇ ਮੀਲ ਦੇ ਭਾਂਡੇ ਖਰੀਦਣ/ਬਦਲਣ ਲਈ ਰਾਸ਼ੀ ਸਕੂਲਾਂ ਨੂੰ ਮੰਗਲਵਾਰ ਤੱਕ ਖਰਚ ਕਰਨ ਦੇ ਤਾਨਾਸ਼ਾਹੀ ਹੁਕਮਾਂ ਦੀ ਸਖ਼ਤ ਨਿਖੇਧੀ ਕੀਤੀ ਹੈ।
ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਸਕੱਤਰ ਹਰਭਗਵਾਨ ਗੁਰਨੇ ਨੇ ਕਿਹਾ ਕਿ ਵਿਭਾਗ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਕੂਲਾਂ ਵਿੱਚ ਛੁੱਟੀਆਂ ਚੱਲ ਰਹੀਆਂ ਹਨ ਤੇ ਇਹ ਛੁੱਟੀਆਂ ਅਧਿਆਪਕਾਂ ਦੀਆਂ ਕਮਾਈ ਛੁੱਟੀਆਂ ਬਦਲੇ ਉਹਨਾਂ ਨੂੰ ਮਿਲਦੀਆਂ ਹਨ ਇਸ ਲਈ ਉਹਨਾਂ ਦੀਆਂ ਕਮਾਈ ਛੁੱਟੀਆਂ ਖਰਾਬ ਕਰਨ ਦਾ ਵਿਭਾਗ ਨੂੰ ਕੋਈ ਹੱਕ ਨਹੀਂ ਹੈ।
ਉਹਨਾਂ ਨੇ ਕਿਹਾ ਕਿ ਛੁੱਟੀਆਂ ਤੋਂ ਬਾਅਦ ਵੀ ਇਸ ਲਈ ਘੱਟੋ ਘੱਟ ਹਫਤੇ ਦਾ ਸਮਾਂ ਦਿੱਤਾ ਜਾਵੇ ਭਾਂਡੇ ਖਰੀਦਣ ਦਾ ਕੰਮ ਠਰ੍ਹੰਮੇ ਨਾਲ ਅਤੇ ਕੁੱਕ ਬੀਬੀਆਂ ,ਸਾਰੇ ਸਟਾਫ ਅਤੇ ਖਾਸ ਕਰ ਲੇਡੀਜ਼ ਅਧਿਆਪਕਾਵਾਂ ਦੀ ਸਹਿਮਤੀ ਨਾਲ ਹੀ ਕੀਤਾ ਜਾ ਸਕਦਾ ਹੈ।
ਇੱਕ ਦੋ ਦਿਨਾਂ ‘ਚ ਖਰਚਣ ਲਈ ਮਜ਼ਬੂਰ ਕਰਕੇ ਗ੍ਰਾਂਟ ਦੀ ਸਹੀ ਵਰਤੋਂ ਨਹੀਂ ਹੋ ਸਕੇਗੀ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਵਿੱਤ ਸਕੱਤਰ ਯਾਦਵਿੰਦਰ ਪਾਲ ਅਤੇ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਕਿਹਾ ਕਿ ਵੱਖ ਵੱਖ ਦੁਕਾਨਦਾਰਾਂ ਤੋਂ ਕੁਟੇਸ਼ਨਾਂ ਲੈ ਕੇ ਉਹਨਾਂ ਨੂੰ ਆਨਲਾਈਨ ਭੁਗਤਾਨ ਕਰਨ ਵਿੱਚ ਚਾਰ ਪੰਜ ਦਿਨ ਲੱਗ ਜਾਂਦੇ ਹਨ।
ਇਸ ਲਈ ਆਗੂਆਂ ਨੇ ਮੰਗ ਕੀਤੀ ਕਿ ਭਾਂਡਿਆਂ ਦੀ ਰਾਸ਼ੀ ਖਰਚ ਕਰਨ ਦੀ ਸਮਾਂ ਸੀਮਾ ਜੁਲਾਈ ਦੇ ਪਹਿਲੇ ਹਫਤੇ ਦੇ ਅੰਤ ਤੱਕ ਵਧਾਈ ਜਾਵੇ।