All Latest NewsNews FlashPunjab News

ਸੋਧੀ ਖ਼ਬਰ: ਪੰਜਾਬੀ ਯੂਨੀਵਰਸਿਟੀ ਦੇ ਕੱਚੇ ਪ੍ਰੋਫ਼ੈਸਰਾਂ ਵੱਲੋਂ ਡਿਗਰੀਆਂ ਫੂਕਣ ਦਾ ਐਲਾਨ!

 

Punjab News- ਪੰਜਾਬੀ ਯੂਨੀਵਰਸਿਟੀ ਦੇ ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਦਾ ਧਰਨਾ 61ਵੇਂ ਦਿਨ ਵੀ ਜਾਰੀ।

Punjab News- ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ ਵੱਖ ਅਦਾਰਿਆਂ ਜਿਹਨਾਂ ਵਿੱਚ ਪੰਜਾਬੀ ਯੂਨੀਵਰਸਿਟੀ (ਮੇਨ ਕੈਂਪਸ), ਕਾਂਸਟੀਚੂਐਂਟ ਕਾਲਜ, ਨੇਬਰਹੁਡ ਕੈਂਪਸ ਅਤੇ ਰੀਜਨਲ ਸੈਂਟਰ ਸ਼ਾਮਿਲ ਹਨ ਦੇ ਕੰਟਰੈਕਟ ਅਸਿਸਟੈਂਟ ਪ੍ਰੋਫੈਸਰਾਂ ਦਾ ਸੰਧਰਸ਼ ਅੱਜ 61ਵੇਂ ਦਿਨ ਵੀ ਜਾਰੀ ਰਿਹਾ ਅਤੇ ਇਨ੍ਹਾਂ ਪ੍ਰੋਫ਼ੈਸਰਾਂ ਨੇ ਡਿਗਰੀਆਂ ਫੂਕਣ ਦਾ ਐਲਾਨ ਵੀ ਅੱਜ ਕਰ ਦਿੱਤਾ ਹੈ।

ਪੰਜਾਬੀ ਯੂਨੀਵਰਸਿਟੀ ਦੇ ਕੰਟਰੈਕਟ ਅਸਿਸਟੈਂਟ ਪ੍ਰੋਫੈਸਰ ਆਪਣੇ ਆਪ ਤੇ ਪੰਜਾਬ ਸਰਕਾਰ ਦੁਆਰਾ 2022 ਵਿੱਚ ਜਾਰੀ ਕੀਤੇ ਗਏ UGC 2018 ਰੈਗੂਲੇਸ਼ਨ ਅਨੁਸਾਰ ਸੱਤਵਾਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਕਰ ਰਹੇ ਹਨ। ਹਾਲਾਂਕਿ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਵੱਲੋਂ ਸਬੰਧਤ ਅਧਿਆਪਕਾਂ ਨੂੰ ਸੱਤਵਾਂ ਪੇ ਕਮਿਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ।

ਪਰ ਮਈ ਦੇ ਆਖਰੀ ਦਿਨਾਂ ਵਿੱਚ ਪੰਜਾਬੀ ਯੂਨੀਵਰਸਿਟੀ ਦੀ ਕਮਾਨ ਡਾ. ਜਗਦੀਪ ਸਿੰਘ ਦੇ ਹੱਥ ਆ ਗਿਆ। ਨਵ ਨਿਯੁਕਤ ਵਾਈਸ ਚਾਂਸਲਰ ਦੁਆਰਾ ਪਹਿਲਾਂ ਤਾਂ ਕੰਟਰੈਕਟ ਅਧਿਆਪਕਾਂ ਨੂੰ ਇਹ ਵਾਅਦਾ ਕੀਤਾ ਗਿਆ ਕਿ ਉਹਨਾਂ ਨੂੰ ਉਹਨਾਂ ਦਾ ਬਣਦਾ ਹੱਕ ਜ਼ਰੂਰ ਦਿੱਤਾ ਜਾਵੇਗਾ।

ਪ੍ਰੰਤੂ ਪਿਛਲੇ ਹਫਤੇ ਹੋਈ ਮੀਟਿੰਗ ਵਿੱਚ ਵਾਈਸ ਚਾਂਸਲਰ ਆਪਣੇ ਕਰਾਰ ਤੋਂ ਪੂਰੀ ਤਰਾਂ ਮੁਨਕਰ ਹੋ ਗਏ ਅਤੇ ਅੱਜ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਕੰਟਰੈਕਟ ਅਧਿਆਪਕਾਂ ਨੂੰ ਸੱਤਵਾਂ ਪੇ ਕਮਿਸ਼ਨ ਦੇਣ ਦੀ ਥਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਡਰ ਵਿਖਾਇਆ ਜਾ ਰਿਹਾ ਹੈ।

ਆਪਣੇ ਇਸੀ ਮਨਸ਼ਾ ਤਹਿਤ ਅੱਜ ਯੂਨੀਵਰਸਿਟੀ ਕੈਂਪਸ ਵਿੱਚ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਜਿਸ ਕਾਰਨ ਯੂਨੀਵਰਸਿਟੀ ਕੈਂਪਸ ਵਿਖੇ ਮਾਹੌਲ ਬਹੁਤ ਹੀ ਤਨਾਅਪੂਰਨ ਹੋ ਗਿਆ। ਯੂਨੀਵਰਸਿਟੀ ਅਥਾਰਟੀ ਵਾਰ-ਵਾਰ ਕੰਟਰੈਕਟ ਅਧਿਆਪਕਾਂ ਨੂੰ ਧਰਨਾ ਖਤਮ ਕਰਨ ਦੀ ਧਮਕੀਆਂ ਦੇ ਰਹੀ ਹੈ।

ਪੰਜਾਬੀ ਯੂਨੀਵਰਸਿਟੀ ਕੰਟਰੈਕਟ ਟੀਚਰਜ਼ ਐਸੋਸੀਏਸ਼ਨ (ਪੁਕਟਾ) ਦੀ ਪ੍ਰਧਾਨ ਡਾ. ਤਰਨਜੀਤ ਕੌਰ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਕੰਟਰੈਕਟ ਅਧਿਆਪਕਾਂ ਤੋਂ ਉਹਨਾਂ ਦਾ ਹੱਕ ਖੋਹ ਕੇ ਸਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਯੂਨੀਵਰਸਿਟੀ ਅਥਾਰਟੀ ਦਾ ਵਰਤਾਰਾ ਜਿੱਥੇ ਪ੍ਰਸ਼ਾਸਨਿਕ ਤੌਰ ਤੇ ਗ਼ਲਤ ਹੈ ਉੱਥੇ ਹੀ ਇਸਨੂੰ ਨੈਤਿਕ ਤੌਰ ਤੇ ਵੀ ਉਚਿਤ ਕਰਾਰ ਨਹੀਂ ਕੀਤਾ ਜਾ ਸਕਦਾ।

ਪੁਕਟਾ ਪ੍ਰਧਾਨ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਸਪੱਸ਼ਟ ਕੀਤਾ ਕਿ ਜੇਕਰ ਸਮੂਹ ਕੰਟਰੈਕਟ ਅਧਿਆਪਕਾਂ ਤੇ ਤੁਰੰਤ ਪ੍ਰਭਾਵ ਨਾਲ 2018 ਦੇ UGC regulations ਮੁਤਾਬਿਕ ਸੱਤਵਾਂ ਪੇ-ਕਮਿਸ਼ਨ ਲਾਗੂ ਨਾ ਕੀਤਾ ਗਿਆ ਤਾਂ ਕੱਲ ਮਿਤੀ 24-6-2025 ਨੂੰ 11 ਵਜੇ ਸਵੇਰੇ ਡਿਗਰੀ ਫੂਕ ਮੁਜਾਹਰਾ ਕੀਤਾ ਜਾਵੇਗਾ ਤੇ 12 ਵਜੇ ਤੱਕ ਜੇ ਸੱਤਵਾਂ ਸਕੇਲ ਲਾਗੂ ਕਰਨ ਸਬੰਧੀ ਕੋਈ ਉੱਦਮ ਨਾ ਕੀਤਾ ਤਾਂ 12 ਵਜੇ ਪੁਕਟਾ ਵੱਲੋਂ ਮਰਨ ਵਰਤ ਸ਼ੁਰੂ ਕੀਤਾ ਜਾਵੇਗਾ ਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ।

 

Leave a Reply

Your email address will not be published. Required fields are marked *