ਨਕਲੀ ਖਾਦਾਂ ਦੀ ਵਿਕਰੀ ਤੇ DAP ਦੀ ਘਾਟ ਖਿਲਾਫ਼ ਭਾਕਿਯੂ ਉਗਰਾਹਾਂ ਵੱਲੋਂ ਪੰਜਾਬ ਭਰ ‘ਚ ਰੋਸ ਪ੍ਰਦਰਸ਼ਨ

All Latest NewsNews FlashPunjab News

 

16 ਜ਼ਿਲ੍ਹਿਆਂ ‘ਚ 15 ਡੀਸੀ ਦਫ਼ਤਰਾਂ ਅਤੇ 2 ਐੱਸਡੀਐੱਮ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ, ਮੁੱਖ ਮੰਤਰੀ ਦੇ ਨਾਂ ਅਧਿਕਾਰੀਆਂ ਨੂੰ ਸੌਂਪੇ ਗਏ ਮੰਗ ਪੱਤਰ

ਨੈਨੋ ਖਾਦਾਂ ਮੱਲੋਜ਼ੋਰੀ ਮੜ੍ਹਨ ਵਿਰੁੱਧ ਤਿੱਖਾ ਰੋਸ ਪ੍ਰਗਟ

ਦਲਜੀਤ ਕੌਰ, ਚੰਡੀਗੜ੍ਹ:

ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਵੱਲੋਂ ਨਕਲੀ ਖਾਦਾਂ ਦੀ ਸ਼ਰੇਆਮ ਵਿਕਰੀ ਅਤੇ ਡੀ. ਏ. ਪੀ. ਦੀ ਘਾਟ ਸਮੇਤ ਖਾਦਾਂ ਖ੍ਰੀਦਣ ਸਮੇਂ ਨੈਨੋ ਖਾਦਾਂ ਅਤੇ ਕੀਟਨਾਸ਼ਕ ਮੱਲੋਜ਼ੋਰੀ ਕਿਸਾਨਾਂ ਦੇ ਗਲ਼ ਮੜ੍ਹਨ ਵਿਰੁੱਧ ਪੰਜਾਬ ਦੇ 16 ਜ਼ਿਲ੍ਹਿਆਂ ਵਿੱਚ 15 ਡੀ ਸੀ ਅਤੇ 2 ਐੱਸ ਡੀ ਐਮ ਕੁੱਲ 17 ਦਫ਼ਤਰਾਂ ਅੱਗੇ ਤਿੰਨ ਘੰਟੇ ਰੋਸ ਪ੍ਰਦਰਸ਼ਨ ਕੀਤੇ ਗਏ। ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਿਸਾਨਾਂ ਦੀ ਇਸ ਲੁੱਟ ਖਸੁੱਟ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਲਿਖਤੀ ਮੰਗ ਪੱਤਰ ਜ਼ਿਲ੍ਹਾ ਅਧਿਕਾਰੀਆਂ ਨੂੰ ਸੌਂਪੇ ਗਏ। ਰੋਸ ਪ੍ਰਦਰਸ਼ਨਾਂ ਵਿੱਚ ਔਰਤਾਂ ਅਤੇ ਨੌਜਵਾਨਾਂ ਸਮੇਤ ਭਾਰੀ ਗਿਣਤੀ ਵਿੱਚ ਕਿਸਾਨਾਂ ਮਜ਼ਦੂਰਾਂ ਨੇ ਸ਼ਿਰਕਤ ਕੀਤੀ।

ਅੱਜ ਵੱਖ ਵੱਖ ਥਾਵਾਂ ‘ਤੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਆਗੂਆਂ ਝੰਡਾ ਸਿੰਘ ਜੇਠੂਕੇ, ਸ਼ਿੰਗਾਰਾ ਸਿੰਘ ਮਾਨ, ਰੂਪ ਸਿੰਘ ਛੰਨਾਂ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਹਰਦੀਪ ਸਿੰਘ ਟੱਲੇਵਾਲ, ਹਰਿੰਦਰ ਕੌਰ ਬਿੰਦੂ, ਕਮਲਜੀਤ ਕੌਰ ਬਰਨਾਲਾ ਅਤੇ ਕੁਲਦੀਪ ਕੌਰ ਕੁੱਸਾ ਆਦਿ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਕਲੀ ਖਾਦਾਂ ਦੀ ਸ਼ਰੇਆਮ ਵਿਕਰੀ ਤੁਰੰਤ ਰੋਕੀ ਜਾਵੇ ਅਤੇ ਅਜਿਹਾ ਕੁਕਰਮ ਕਰ ਰਹੀਆਂ ਉਤਪਾਦਕ ਕੰਪਨੀਆਂ ਅਤੇ ਡੀਲਰਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪ੍ਰਚਲਤ ਖਾਦਾਂ ਦੇ ਨਾਲ ਨੈਨੋ ਖਾਦਾਂ ਅਤੇ ਹੋਰ ਵਾਧੂ ਵਸਤਾਂ ਸਹਿਕਾਰੀ ਸਭਾਵਾਂ ਅਤੇ ਆਮ ਡੀਲਰਾਂ ਵੱਲੋਂ ਮੱਲੋਜ਼ੋਰੀ ਕਿਸਾਨਾਂ ਦੇ ਗਲ਼ ਮੜ੍ਹਨਾ ਤੁਰੰਤ ਬੰਦ ਕੀਤਾ ਜਾਵੇ। ਲੋੜੀਂਦੀਆਂ ਖਾਦਾਂ ਦੀ ਸਪਲਾਈ ਸਾਰੇ ਡੀਲਰਾਂ ਅਤੇ ਸਹਿਕਾਰੀ ਸਭਾਵਾਂ ਰਾਹੀਂ ਮੰਗ ਅਨੁਸਾਰ ਤੁਰੰਤ ਪੂਰੀ ਕਰਨ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਖਾਦਾਂ ਦਾ ਬਣਾਉਟੀ ਸੰਕਟ ਖੜ੍ਹਾ ਕਰ ਕੇ ਨਕਲੀ ਖਾਦਾਂ ਦੇ ਉਤਪਾਦਕ ਅਤੇ ਬਲੈਕੀਏ ਆਪ ਦੀ ਮਾਨ ਸਰਕਾਰ ਦੀ ਛਤਰਛਾਇਆ ਹੇਠ ਕਿਸਾਨਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ।

ਇਸਦਾ ਮੂੰਹੋਂ ਬੋਲਦਾ ਸਬੂਤ ਇਹ ਹੈ ਕਿ ਕਈ ਮਹੀਨੇ ਪਹਿਲਾਂ ਮੋਹਾਲੀ ਤਰਨਤਾਰਨ ਸਮੇਤ ਕਈ ਜ਼ਿਲ੍ਹਿਆਂ ਵਿੱਚ ਡੀ ਏ ਪੀ ਦੇ ਅੱਧਿਓਂ ਵੱਧ ਨਮੂਨੇ ਬੁਰੀ ਤਰ੍ਹਾਂ ਫੇਲ੍ਹ ਹੋਣ ਦੇ ਬਾਵਜੂਦ ਇਸਦੇ ਜ਼ਿੰਮੇਵਾਰ ਕਿਸੇ ਵੀ ਅਧਿਕਾਰੀ ਜਾਂ ਨਿਰਮਾਤਾ/ਡੀਲਰ ਦੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਅੱਜ ਤੱਕ ਨਹੀਂ ਕੀਤੀ ਗਈ। ਅਜਿਹੀ ਸ਼ਹਿ ਕਾਰਨ ਵਧ ਫੁੱਲ ਰਹੇ ਇਸ ਕਾਲੇ ਧੰਦੇ ਦਾ ਤਾਜ਼ਾ ਪਰਦਾਫਾਸ਼ ਉਦੋਂ ਹੋਇਆ ਜਦੋਂ ਗਣੇਸ਼ ਬਾਇਓਖਾਦ ਏਜੰਸੀ ਸੰਗਰੂਰ ਤੋਂ ਲਿਆ ਕੇ ਵਿਸ਼ਾਲ ਕੁਮਾਰ ਫਿਰੋਜ਼ਪੁਰ ਅਤੇ ਜਸਵਿੰਦਰ ਸਿੰਘ ਦੁਸਾਂਝ (ਮੋਗਾ) ਰਾਹੀਂ ਨਕਲੀ ਖਾਦ ਦੌਧਰ (ਮੋਗਾ) ਦੇ ਕਿਸਾਨ ਕੁਲਵੰਤ ਸਿੰਘ ਨੂੰ ਵੇਚੀ ਗਈ ਡੀ ਏ ਪੀ ਖਾਦ ਦੇ ਨਮੂਨੇ ਮੋਗਾ ਦੇ ਖੇਤੀਬਾੜੀ ਅਫ਼ਸਰ ਰਾਹੀਂ ਟੈਸਟ ਕਰਵਾਉਣ ‘ਤੇ ਇਸ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੋਨੋਂ ਤੱਤ ਸਿਫਰ ਪਾਏ ਗਏ। ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਅਤੇ ਨਿੱਜੀ ਡੀਲਰਾਂ ਵੱਲੋਂ ਖਾਦ ਵਿਕਰੀ ਸਮੇਂ ਨੈਨੋ ਖਾਦਾਂ ਅਤੇ ਕੀਟਨਾਸ਼ਕ ਸ਼ਰੇਆਮ ਮੱਲੋਜ਼ੋਰੀ ਕਿਸਾਨਾਂ ਦੇ ਗਲ਼ ਮੜ੍ਹੇ ਜਾ ਰਹੇ ਹਨ। ਰਹਿੰਦੀ ਕਸਰ ਡੀ ਏ ਪੀ ਦੀ ਬਣਾਉਟੀ ਕਿੱਲਤ ਪੈਦਾ ਕਰਨ ਰਾਹੀਂ ਕਾਲੇ ਧੰਦੇ ਨੂੰ ਉਤਸ਼ਾਹਿਤ ਕਰਕੇ ਕੱਢੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਜਥੇਬੰਦੀ ਨੂੰ ਤੁਰਤਪੈਰੇ ਰੋਸ ਪ੍ਰਦਰਸ਼ਨ ਕਰਨੇ ਪਏ ਹਨ।

ਅੱਜ ਵੱਖ ਵੱਖ ਥਾਵਾਂ ਤੇ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਮਾਨ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਜੇਕਰ ਇਸ ਕਾਲੇ ਧੰਦੇ ਨੂੰ ਨੱਥ ਮਾਰ ਕੇ ਕਿਸਾਨਾਂ ਨੂੰ ਲੋੜੀਂਦੀਆਂ ਖਾਦਾਂ ਪੂਰੀ ਮਾਤਰਾ ਵਿੱਚ ਸਮੇਂ ਸਿਰ ਮੁਹੱਈਆ ਨਾ ਕਰਵਾਈਆਂ ਗਈਆਂ ਤਾਂ ਕਿਸਾਨ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਿਹਾ ਜਾਵੇ। ਕਿਸਾਨ ਆਗੂਆਂ ਨੇ ਮੰਡੀਆਂ ਵਿੱਚ ਪਹੁੰਚ ਰਹੇ ਝੋਨੇ ‘ਚ ਵੱਧ ਨਮੀ ਵਰਗੀਆਂ ਬੇਲੋੜੀਆਂ ਸ਼ਰਤਾਂ ਲਾ ਕੇ ਖ੍ਰੀਦ ਤੋਂ ਭੱਜਣ ਵਿਰੁੱਧ ਵੀ ਸਖ਼ਤ ਤਾੜਨਾ ਕਰਦਿਆਂ ਨਮੀ ਦੀ ਮਾਤਰਾ 21% ਕਰਨ ਦੀ ਮੰਗ ਕੀਤੀ। ਇਸੇ ਤਰ੍ਹਾਂ ਪਰਾਲ਼ੀ ਨੂੰ ਸਾੜਨ ਤੋਂ ਬਿਨਾ ਸਾਂਭਣ ਲਈ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦੀ ਲਟਕਦੀ ਮੰਗ ਮੰਨਣ ਉੱਤੇ ਜ਼ੋਰ ਦਿੱਤਾ ਅਤੇ ਬੋਨਸ ਦੇਣ ਤੋਂ ਬਿਨਾਂ ਹੀ ਪਰਾਲੀ ਸਾੜਨ ਦੇ ਮੁਕੱਦਮੇ/ਜੁਰਮਾਨੇ ਠੋਸਣ ਅਤੇ ਲਾਲ ਐਂਟਰੀਆਂ ਦਾ ਕਿਸਾਨ ਵਿਰੋਧੀ ਸਿਲਸਿਲਾ ਬੰਦ ਕਰਨ ਦੀ ਮੰਗ ਕੀਤੀ।

Media PBN Staff

Media PBN Staff

Leave a Reply

Your email address will not be published. Required fields are marked *