All Latest NewsNews FlashPunjab News

Flood News: ਕਿਤੇ ਪਾਕਿਸਤਾਨ ਦਾ ਹਿੱਸਾ ਤਾਂ ਨਹੀਂ, ਚੜ੍ਹਦੇ ਪੰਜਾਬ ਦੇ ਇਹ 14 ਪਿੰਡ! ਲੋਕਾਂ ਨੇ ਕਿਹਾ- ਸਾਨੂੰ ਮਰਿਆਂ ਨੂੰ, ਹੋਰ ਮਾਰ ਰਹੀ ਹੈ ਸਰਕਾਰ

 

Flood News: ਹਰ ਸਾਲ ਹੜ੍ਹ ਆਉਂਦੇ ਨੇ ਅਤੇ ਹਰ ਸਾਲ ਹੀ ਸਾਨੂੰ ਘਰ ਛੱਡ ਕੇ ਜਾਣਾ ਪੈਂਦਾ। ਸਾਡੀ ਕੋਈ ਵੀ ਸਰਕਾਰ ਮਦਦ ਨਹੀਂ ਕਰਦੀ। ਸਟੇਟ ਅਤੇ ਸੈਂਟਰ ਸਰਕਾਰਾਂ ਸਿਰਫ਼ ਤਮਾਸ਼ਾ ਵੇਖਦੀਆਂ ਨੇ…! ਜੰਗ ਲੱਗੀ ਸੀ ਤਾਂ ਸਭ ਤੋਂ ਪਹਿਲਾਂ ਸਾਨੂੰ ਹੀ ਘਰ ਛੱਡਣੇ ਪਏ ਅਤੇ ਹੁਣ ਹੜ੍ਹ ਆ ਰਹੇ ਨੇ ਤਾਂ, ਹੁਣ ਫਿਰ ਸਾਨੂੰ ਹੀ ਘਰ ਛੱਡਣੇ ਪੈਣੇ ਨੇ। ਇਹ ਕਹਿਣਾ ਕਿਸੇ ਹੋਰ ਦਾ ਨਹੀਂ, ਬਲਕਿ ਰਾਵੀ ਪਾਰ ਡਰ ਦੇ ਮਾਹੌਲ ਵਿੱਚ ਜੀ ਰਹੇ 14 ਪਿੰਡਾਂ ਦੇ ਲੋਕਾਂ ਦਾ ਹੈ। ‍

ਦਰਅਸਲ, ਗੁਰਦਾਸਪੁਰ ਦੇ ਸਰਹੱਦੀ ਕਸਬਾ ਦੀਨਾਨਗਰ ਅਧੀਨ ਪੈਂਦੇ ਮਕੌੜਾ ਪੱਤਣ ਰਾਵੀ ਦਰਿਆ ‘ਤੇ ਬਣਿਆ ਅਸਥਾਈ ਪੁੱਲ ਚੁੱਕੇ ਜਾਣ ਕਾਰਨ ਰਾਵੀ ਦਰਿਆ ਤੋਂ ਪਾਰ ਵੱਸਦੇ 7 ਪਿੰਡਾ ਦਾ ਜ਼ਮੀਨੀ ਸਪੰਰਕ ਭਾਰਤ ਦੇਸ਼ ਨਾਲ ਟੁੱਟ ਚੁੱਕਾ ਅਤੇ ਇਹਨਾਂ ਪਿੰਡਾ ਨੂੰ ਜਾਣ ਦਾ ਇਕ ਮਾਤਰ ਸਹਾਰਾ ਕਿਸ਼ਤੀ ਹੈ।

ਆਜ਼ਾਦੀ ਤੋਂ ਬਾਅਦ ਇਸ ਰਾਵੀ ਦਰਿਆ ਤੋਂ ਪਾਰ 14 ਪਿੰਡ ਵਸਦੇ ਸਨ ਪਰ ਆਜ਼ਾਦੀ ਦੇ 76 ਸਾਲ ਬੀਤ ਜਾਣ ਦੇ ਬਵਜੂਦ ਇਹਨਾਂ ਪਿੰਡਾ ਦੀ ਕਿਸੇ ਸਰਕਾਰ ਨੇ ਸਾਰ ਨਹੀਂ ਲਈ। ਜਿਸ ਕਰਕੇ ਕਈ ਲੋਕ ਇਹਨਾਂ ਪਿੰਡਾਂ ਨੂੰ ਛੱਡ ਕੇ ਜਾ ਚੁੱਕੇ ਹਨ। ਇਸ ਵਕਤ ਰਾਵੀ ਦਰਿਆ ਤੋਂ ਪਾਰ ਸਿਰਫ 14 ਵਿੱਚੋ 7 ਪਿੰਡ ਹੀ ਮੌਜੂਦ ਹਨ। ਇਨ੍ਹਾਂ ਲੋਕਾਂ ਨੂੰ ਰਾਵੀ ਦਰਿਆ ‘ਤੇ ਪੱਕਾ ਪੁੱਲ ਨਾ ਹੋਣ ਕਰਕੇ ਕੋਈ ਸੁੱਖ ਸਹੂਲਤ ਨਹੀਂ ਹੈ। ਜਿਸ ਕਰਕੇ ਅੱਜ ਦੇਸ਼ ਦੀ ਆਜ਼ਾਦੀ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ।

ਰਾਵੀ ਦਰਿਆ ਤੋਂ ਪਾਰ ਵੱਸਦੇ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਭਾਰਤ-ਪਾਕਿ ਸਰਹੱਦ ਨਾਲ ਲੱਗਦੇ ਲਗਭਗ ਦਰਜਨ ਪਿੰਡਾਂ ਦੇ ਲੋਕ ਕਹਿਣ ਨੂੰ ਤਾਂ ਭਾਰਤ ਦਾ ਹਿੱਸਾ ਹਨ ਪਰ ਬਰਸਾਤ ਦੇ ਦਿਨਾਂ ਵਿਚ ਇਨ੍ਹਾਂ ਪਿੰਡਾਂ ਦੇ ਲੋਕ ਖ਼ੁਦ ਨੂੰ ਬੇਸਹਾਰਾ ਮਹਿਸੂਸ ਕਰਦੇ ਹਨ।

ਆਜ਼ਾਦੀ ਦੇ ਏਨੇ ਸਾਲ ਬੀਤ ਜਾਣ ਤੋਂ ਬਾਅਦ ਵੀ ਪੁਲ ਦੇ ਪਾਰ ਵੱਸਦੇ 7 ਪਿੰਡਾਂ ਦੇ ਲੋਕ ਆਪਣੇ ਆਪ ਨੂੰ ਗ਼ੁਲਾਮ ਸੱਮਝਦੇ ਹਨ, ਕਿਉਂਕਿ ਜਦ ਵੀ ਇਹ ਅਸਥਾਈ ਪੁੱਲ ਚੁੱਕ ਲਿਆ ਜਾਂਦਾ ਹੈ ਤਾਂ ਇਹਨਾਂ ਲੋਕਾਂ ਦਾ ਸੰਪਰਕ ਦੇਸ਼ ਨਾਲੋਂ ਟੁੱਟ ਜਾਂਦਾ ਹੈ। ਕਈ ਲੋਕ ਤਾਂ ਕਹਿੰਦੇ ਹਨ ਕਿ ਇਨ੍ਹਾਂ ਦਿਨਾਂ ਵਿਚ ਸਾਨੂੰ ਇਹ ਪਤਾ ਨਹੀਂ ਚਲਦਾ ਕਿ ਅਸੀਂ ਕਿਸ ਦੇਸ਼ ਦੇ ਨਾਗਰਿਕ ਹਾਂ ਕਿਉਂਕਿ ਇਹ ਇਲਾਕਾ 2 ਦਰਿਆਵਾਂ ਦੇ ਪਾਰ ਅਤੇ ਐਲਓਸੀ ਦੇ ਨਾਲ ਲੱਗਦਾ ਹੈ।

ਬਰਸਾਤ ਦੇ ਮੌਸਮ ਵਿਚ ਨਹਿਰੀ ਵਿਭਾਗ ਵੱਲੋਂ ਬਣਾਇਆ ਗਿਆ ਅਸਥਾਈ ਪੁੱਲ ਚੁੱਕ ਲਿਆ ਜਾਂਦਾ ਹੈ ਤੇ ਲੋਕਾਂ ਨੂੰ ਆਉਣ-ਜਾਣ ਲਈ ਇਕ ਮਾਤਰ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ ,ਜੋ ਦਰਿਆ ‘ਚ ਪਾਣੀ ਦਾ ਪੱਧਰ ਜਿਆਦਾ ਹੋਣ ਕਰਕੇ ਕਈ ਵਾਰ ਨਹੀ ਚੱਲ ਸਕਦੀ ਅਤੇ ਪਾਰ ਵਸਦੇ 7 ਪਿੰਡ ਇਕ ਟਾਪੂ ਬਣ ਜਾਂਦੇ ਹਨ ਤੇ ਫਿਰ ਲੋਕਾਂ ਦੇ ਆਉਣ ਜਾਣੂ ਦਾ ਕੋਈ ਸਾਧਨ ਨਹੀਂ ਹੁੰਦਾ। ਰਾਵੀ ਦਰਿਆ ਤੋਂ ਪਾਰ ਪੈਂਦੇ 7 ਪਿੰਡ ਭਰਿਆਲ, ਤੂਰਬਾਨੀ, ਰਾਏਪੁਰ ਚਿੱਬ, ਮੰਮੀ ਚਕਰੰਗਾਂ, ਕਜਲੇ, ਝੁੰਬਰ, ਲਸਿਆਣ ਆਦਿ ਪਿੰਡਾਂ ਦੇ ਲੋਕ ਅਕਸਰ ਹਰ ਸਾਲ ਸਰਕਾਰ ਤੋਂ ਪੱਕੇ ਪੁਲ ਦੀ ਆਸ ਰੱਖਦੇ ਹਨ ਪਰ ਸਿਵਾਏ ਲਾਰਿਆਂ ਦੇ ਕੁਝ ਨਹੀਂ ਮਿਲਦਾ

ਜ਼ਿਕਰਯੋਗ ਹੈ ਕਿ ਮਕੌੜਾ ਪੱਤਣ ‘ਤੇ ਦੋ ਦਰਿਆਵਾਂ ਦਾ ਮੇਲ਼ ਹੁੰਦਾ ਹੈ। ਇੱਕ ਜੰਮੂ-ਕਸ਼ਮੀਰ ਤੋਂ ਆਉਂਦਾ ਬਰਸਾਤੀ ਦਰਿਆ ਉਂਝ ਤੇ ਦੂਜਾ ਸ਼ਿਵਾਲਿਕ ਦੀਆਂ ਪਹਾੜੀਆਂ ‘ਚੋਂ ਨਿਕਲ ਕੇ ਮਾਧੋਪੁਰ ਤੋਂ ਹੁੰਦਾ ਹੋਇਆ ਸਦਾ ਬਹਾਰ ਦਰਿਆ ਰਾਵੀ ਇਸ ਜਗ੍ਹਾ ‘ਤੇ ਉਝ ਦਰਿਆ ਨਾਲ ਮਿਲ ਕੇ ਇੱਕ ਝੀਲ ਦਾ ਰੂਪ ਧਾਰਨ ਕਰ ਲੈਂਦਾ ਹੈ।

ਇਸ ਜਗ੍ਹਾ ‘ਤੇ ਵਿਭਾਗ ਵੱਲੋਂ ਹਰ ਸਾਲ ਆਰਜ਼ੀ ਪਲਟੂਨ ਪੁਲ ਅਕਤੂਬਰ-ਨਵੰਬਰ ਮਹੀਨੇ ਵਿਚ ਪਾਇਆ ਜਾਂਦਾ ਹੈ ਅਤੇ ਬਰਸਾਤ ਦਾ ਮੌਸਮ ਆਉਣ ‘ਤੇ ਚੁੱਕ ਲਿਆ ਜਾਂਦਾ ਹੈ ,ਜੋ ਕਿ ਦਰਿਆ ਦੇ ਆਰ-ਪਾਰ ਜਾਣ ਦਾ ਇੱਕਮਾਤਰ ਸਾਧਨ ਹੁੰਦਾ ਹੈ, ਜਿਸ ਰਾਹੀਂ ਪਾਰ ਰਹਿੰਦੇ ਕਿਸਾਨ ਆਪਣੇ ਟ੍ਰੈਕਟਰ-ਟਰਾਲੀਆਂ ਵਿਚ ਖੇਤੀ ਲਈ ਲੋੜੀਂਦਾ ਸਾਮਾਨ ਲੈ ਕੇ ਜਾਂਦੇ ਹਨ। ਇਸ ਵਾਰ ਵਿਭਾਗ ਵੱਲੋਂ 15 ਦਿਨ ਪਹਿਲਾਂ ਹੀ ਪਲਟੂਨ ਪੁਲ ਚੁੱਕ ਲਿਆ ਗਿਆ ਹੈ। ਜਿਸ ਨਾਲ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ptc

 

Leave a Reply

Your email address will not be published. Required fields are marked *