All Latest NewsHealthNews FlashPunjab News

Health News: ਪੰਜਾਬ ‘ਚ ਇਨ੍ਹਾਂ ਬਿਮਾਰੀਆਂ ਦਾ ਵਧਿਆ ਖ਼ਤਰਾ- ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

 

Health News: ਬਰਸਾਤੀ ਬਿਮਾਰੀਆਂ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ, ਬਰਸਾਤਾਂ ਵਿੱਚ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ: ਸਿਹਤ ਵਿਭਾਗ ਦੇ ਬੁਲਾਰੇ

Health News: ਸਿਹਤ ਵਿਭਾਗ ਨੇ ਲੋਕਾਂ ਨੂੰ ਸਿਹਤਮੰਦ ਰੱਖਣ ਦੇ ਉਪਰਾਲਿਆਂ ਤਹਿਤ, ਬਰਸਾਤੀ ਮੌਸਮ ਦੇ ਮੱਦੇਨਜ਼ਰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ।

ਬਿਮਾਰੀਆਂ ਦਾ ਖ਼ਤਰਾ

ਸਿਹਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਗਰਮੀਆਂ ਅਤੇ ਬਰਸਾਤਾਂ ਦੇ ਮੌਸਮ ਵਿੱਚ ਮੱਖੀ, ਮੱਛਰ ਅਤੇ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ, ਜਿਸ ਦਾ ਮੁੱਖ ਕਾਰਨ ਦੂਸ਼ਿਤ ਪਾਣੀ ਹੁੰਦਾ ਹੈ।

ਦੂਸ਼ਿਤ ਪਾਣੀ ਦੇ ਸੇਵਨ ਨਾਲ ਦਸਤ, ਉਲਟੀਆਂ, ਪੇਚਸ਼, ਪੀਲੀਆ ਅਤੇ ਟਾਈਫਾਈਡ ਵਰਗੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਇਸ ਤੋਂ ਇਲਾਵਾ, ਗਲਤ ਖਾਣ-ਪੀਣ ਦੀਆਂ ਚੀਜ਼ਾਂ ਦਾ ਸੇਵਨ, ਆਲੇ-ਦੁਆਲੇ ਗੰਦਗੀ ਦੇ ਢੇਰ ਅਤੇ ਸਾਫ਼-ਸਫ਼ਾਈ ਦੀ ਕਮੀ ਵੀ ਬਿਮਾਰੀਆਂ ਫੈਲਾਉਣ ਵਿੱਚ ਮਦਦ ਕਰਦੀ ਹੈ, ਜਿਸ ਕਾਰਨ ਮੱਛਰ ਅਤੇ ਮੱਖੀਆਂ ਦੀ ਗਿਣਤੀ ਵਧ ਜਾਂਦੀ ਹੈ।

ਬਿਮਾਰੀਆਂ ਤੋਂ ਬਚਾਅ ਲਈ ਦੀਆਂ ਹਦਾਇਤਾਂ

ਬੁਲਾਰੇ ਨੇ ਇਨ੍ਹਾਂ ਬਿਮਾਰੀਆਂ ਤੋਂ ਬਚਾਅ ਲਈ ਹੇਠ ਲਿਖੀਆਂ ਹਿਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ….

ਪੀਣ ਵਾਲਾ ਪਾਣੀ: ਹਮੇਸ਼ਾ ਸਾਫ਼ ਸਰੋਤਾਂ ਤੋਂ ਪਾਣੀ ਲਿਆ ਜਾਵੇ ਅਤੇ ਪਾਣੀ ਨੂੰ ਪੁਣ ਕੇ, ਉਬਾਲ ਕੇ ਠੰਢਾ ਕਰਕੇ ਪੀਣਾ ਯਕੀਨੀ ਬਣਾਇਆ ਜਾਵੇ।

ਖਾਣ-ਪੀਣ: ਗਰਮੀਆਂ ਵਿੱਚ ਫਾਸਟ ਫੂਡ, ਜ਼ਿਆਦਾ ਤਲੀਆਂ ਹੋਈਆਂ ਚੀਜ਼ਾਂ ਅਤੇ ਬਾਜ਼ਾਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ। ਗਲੇ-ਸੜੇ ਫਲ ਨਾ ਖਾਓ। ਘਰ ਦਾ ਬਣਿਆ ਤਾਜ਼ਾ ਭੋਜਨ ਅਤੇ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ।

ਮੱਖੀ-ਮੱਛਰ ਤੋਂ ਬਚਾਅ: ਘਰਾਂ ਵਿੱਚ ਜਾਲੀ ਵਾਲੇ ਦਰਵਾਜ਼ਿਆਂ ਦੀ ਵਰਤੋਂ ਕਰੋ ਤਾਂ ਜੋ ਮੱਖੀਆਂ ਅਤੇ ਮੱਛਰਾਂ ਨੂੰ ਅੰਦਰ ਆਉਣ ਤੋਂ ਰੋਕਿਆ ਜਾ ਸਕੇ।

ਸਾਫ਼-ਸਫ਼ਾਈ: ਆਪਣੇ ਆਲੇ-ਦੁਆਲੇ ਗੰਦਾ ਪਾਣੀ ਇਕੱਠਾ ਨਾ ਹੋਣ ਦਿਓ ਅਤੇ ਗੰਦਗੀ ਦੇ ਢੇਰ ਨਾ ਲੱਗਣ ਦਿਓ। ਜੇਕਰ ਕਿਤੇ ਪਾਣੀ ਖੜ੍ਹਾ ਹੈ, ਤਾਂ ਉਸ ਵਿੱਚ ਤੁਰੰਤ ਕਾਲੇ ਤੇਲ ਦੀ ਵਰਤੋਂ ਕਰੋ।

ਮੱਛਰਾਂ ਦੇ ਲਾਰਵੇ ਦੀ ਰੋਕਥਾਮ: ਕੂਲਰਾਂ, ਗਮਲਿਆਂ, ਫਰਿੱਜ ਦੀਆਂ ਟਰੇਆਂ ਅਤੇ ਛੱਤਾਂ ‘ਤੇ ਪਏ ਟਾਇਰਾਂ ਆਦਿ ਵਿੱਚੋਂ ਪਾਣੀ ਕੱਢਿਆ ਜਾਵੇ ਤਾਂ ਜੋ ਮੱਛਰਾਂ ਦਾ ਲਾਰਵਾ ਪੈਦਾ ਨਾ ਹੋ ਸਕੇ।

ਘਰੋਂ ਬਾਹਰ ਨਿਕਲਣਾ: ਬਰਸਾਤ ਅਤੇ ਗਰਮੀ ਦੇ ਮੌਸਮ ਨੂੰ ਮੁੱਖ ਰੱਖਦੇ ਹੋਏ ਬਿਨਾਂ ਜ਼ਰੂਰੀ ਕੰਮ ਤੋਂ ਘਰੋਂ ਬਾਹਰ ਨਿਕਲੋ।

ਬੁਲਾਰੇ ਨੇ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ।

 

Leave a Reply

Your email address will not be published. Required fields are marked *