Punjab News: ‘ਸੰਗਰੂਰ ਰੈਲੀ’ ਵਿੱਚ DTF ਵੱਲੋਂ ਭਰਵੀਂ ਸ਼ਮੂਲੀਅਤ ਦਾ ਐਲਾਨ
Punjab News: ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਪੰਜਾਬ ਵੱਲੋਂ ਫੈਸਲਾ ਕੀਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲਣ ਅਤੇ ਲੋਕਾਂ ਦੇ ਸੰਘਰਸ਼ ਕਰਨ ਦੇ ਜਮਹੂਰੀ ਹੱਕ ਉੱਤੇ ਮਾਰੇ ਜਾ ਰਹੇ ਡਾਕੇ ਖ਼ਿਲਾਫ਼ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ 25 ਜੁਲਾਈ ਨੂੰ ਦਾਣਾ ਮੰਡੀ ਸੰਗਰੂਰ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਅਤੇ ਰੋਸ ਮੁਜ਼ਾਹਰੇ ਵਿੱਚ ਵੱਡੇ ਪੱਧਰ ‘ਤੇ ਅਧਿਆਪਕਾਂ ਵੱਲੋਂ ਵੀ ਸ਼ਮੂਲੀਅਤ ਜਾਵੇਗੀ। ਇਸ ਸੰਬੰਧੀ ਡੀ.ਟੀ.ਐੱਫ. ਜਿਲ੍ਹਾ ਪਟਿਆਲਾ ਦੀ ਵਿਸਤਾਰੀ ਮੀਟਿੰਗ ਹੋਈ।
ਮੀਟਿੰਗ ਤੋਂ ਬਾਅਦ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਫਰੰਟ ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਜਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਰੱਖੜਾ, ਸਕੱਤਰ ਜਸਪਾਲ ਸਿੰਘ ਖਾਂਗ, ਵਿੱਤ ਸਕੱਤਰ ਰਜਿੰਦਰ ਸਿੰਘ ਸਮਾਣਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮੋਦੀ ਸਰਕਾਰ ਦੀ ਤਰਜ਼ ਤੇ ਵਿਰੋਧ ਦੀ ਹਰ ਆਵਾਜ਼ ਨੂੰ ਦਬਾਉਣ ਦੇ ਰਾਹ ਪਈ ਹੋਈ ਹੈ।
ਪਿਛਲੇ ਸਮੇਂ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਕੂਚ ਨੂੰ ਗ੍ਰਿਫਤਾਰੀਆਂ ਦਾ ਦੌਰ ਚਲਾ ਕੇ ਫੇਲ ਕਰਨਾ, ਸ਼ੰਭੂ ਤੇ ਖਨੌਰੀ ਮੋਰਚਿਆਂ ਦੀ ਲੀਡਰਸ਼ਿਪ ਨੂੰ ਗੱਲਬਾਤ ਲਈ ਬੁਲਾ ਕੇ ਗ੍ਰਿਫ਼ਤਾਰ ਕਰਨ ਉਪਰੰਤ ਜ਼ਬਰੀ ਉਹਨਾਂ ਦੇ ਧਰਨੇ ਚੁਕਵਾਉਣਾ, ਸੰਗਰੂਰ ਵਿਖੇ ਬੇਗਮਪੁਰਾ ਵਸਾਉਣ ਲਈ ਜਾ ਰਹੇ ਸੈਂਕੜੇ ਮਜ਼ਦੂਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਨਾ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ‘ਤੇ ਅਣ ਐਲਾਨੀ ਪਾਬੰਦੀ ਲਗਾਉਣਾ ਅਤੇ ਉਨ੍ਹਾਂ ਦੇ ਆਗੂਆਂ ਦੀ ਕੀਤੀ ਜਾ ਰਹੀ ਛਾਪੇਮਾਰੀ, ਬੇਰੁਜ਼ਗਾਰ ਅਧਿਆਪਕਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿੱਚ ਬੰਦ ਕਰਨਾ ਆਦਿ ਇਸਦੀਆਂ ਪ੍ਰਮੁੱਖ ਉਦਾਹਰਣਾਂ ਹਨ।
ਇਸੇ ਤਰ੍ਹਾਂ ਇੱਕ ਪਾਸੇ ਪੰਜਾਬ ਪੁਲਿਸ ਨੂੰ ਅੰਨ੍ਹੇਵਾਹ ਤਾਕਤਾਂ ਦੇ ਕੇ ਨਿੱਤ ਦਿਨ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਜਦਕਿ ਕਿਸਾਨ ਆਗੂ ਨਿਰਭੈ ਸਿੰਘ ਖਾਈ (ਜੋ ਪੇਸ਼ੇ ਵਜੋਂ ਇੱਕ ਅਧਿਆਪਕ ਹਨ) ਉੱਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਜਾ ਰਹੀ ਹੈ ਅਤੇ ਮੁੱਖ ਦੋਸ਼ੀਆਂ ਨੂੰ ਹਾਲੇ ਵੀ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਹੈ। ਇਸ ਲਈ ਵੱਖ-ਵੱਖ ਜਨਤਕ ਤੇ ਜਮਹੂਰੀ ਜਥੇਬੰਦੀਆਂ ਵਲੋਂ 25 ਜੁਲਾਈ ਨੂੰ ਸੰਗਰੂਰ ਵਿਖੇ ਕੀਤੀ ਜਾ ਰਹੀ ਜਬਰ ਵਿਰੋਧੀ ਵਿਸ਼ਾਲ ਰੈਲੀ ਵਿੱਚ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪਟਿਆਲਾ ਵੱਡੇ ਪੱਧਰ ਤੇ ਸ਼ਮੂਲੀਅਤ ਕਰੇਗੀ ਜਿਸ ਲਈ ਪਟਿਆਲਾ ਦੇ ਵੱਖ-ਵੱਖ ਬਲਾਕਾਂ ਵਿੱਚ ਲਾਮਬੰਦੀ ਮੁਹਿੰਮ ਚਲਾਈ ਜਾਏਗੀ।
ਇਸ ਮੌਕੇ ਡੀ.ਐਮ.ਐਫ਼. ਦੇ ਸੂਬਾ ਸਕੱਤਰ ਹਰਦੀਪ ਟੋਡਰਪੁਰ, ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਸੂਬਾ ਕਨਵੀਂਨਰ ਅਤਿੰਦਰਪਾਲ ਘੱਗਾ ਅਤੇ ਡੀਟੀਐੱਫ ਦੇ ਜਿਲ੍ਹਾ ਆਗੂ ਰਾਮਸ਼ਰਨ ਅਲੌਹਰਾਂ, ਗੁਰਵਿੰਦਰ ਖਟੜਾ, ਹਰਵਿੰਦਰ ਬੇਲੂਮਾਜਰਾ, ਗੁਰਜੀਤ ਘੱਗਾ, ਹਰਿੰਦਰ ਪਟਿਆਲਾ, ਸੁਖਪਾਲ ਰੋਮੀ, ਰਣਧੀਰ ਸਿੰਘ, ਸਤਪਾਲ ਸਮਾਣਵੀ, ਰਾਜੀਵ ਪਾਤੜਾਂ, ਕ੍ਰਿਸ਼ਨ ਚੁਹਾਨਕੇ, ਰਵਿੰਦਰ ਕੰਬੋਜ, ਸੁਖਦੇਵ ਰਾਜਪੁਰਾ, ਜਗਜੀਤ ਜਟਾਣਾ, ਭਜਨ ਨੌਹਰਾ, ਸੋਹਣ ਸਿੰਘ ਆਦਿ ਹਾਜ਼ਰ ਰਹੇ।

