ਦੇਸ਼ ਵਿਆਪੀ ਹੜਤਾਲ ‘ਚ ਆਂਗਣਵਾੜੀ ਵਰਕਰ/ ਹੈਲਪਰ ਆਪਣੀਆਂ ਮੰਗਾਂ ਲੈ ਕੇ ਵੱਡੀ ਗਿਣਤੀ ਵਿੱਚ ਕਰਨਗੇ ਸ਼ਮੂਲੀਅਤ
ਰਣਬੀਰ ਕੌਰ ਢਾਬਾਂ, ਜਲਾਲਾਬਾਦ
ਆਲ ਇੰਡੀਆ ਆਂਗਣਵਾੜੀ ਵਰਕਰਜ਼/ ਹੈਲਪਰਜ਼ ਯੂਨੀਅਨ (ਏਟਕ) ਦੀ ਮੀਟਿੰਗ 9 ਜੁਲਾਈ ਦੇਸ਼ ਵਿਆਪੀ ਹੜਤਾਲ ਦੇ ਸਬੰਧ ਵਿੱਚ ਸਥਾਨਕ ਸੁਤੰਤਰ ਭਵਨ ਵਿਖੇ ਬਲਾਕ ਪ੍ਰਧਾਨ ਬਲਵਿੰਦਰ ਕੌਰ ਮੁਹੰਮਦੇ ਵਾਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸਰੋਜ ਛੱਪੜੀਵਾਲਾ ਅਤੇ ਜ਼ਿਲ੍ਹਾ ਪ੍ਰਧਾਨ ਸੁਨੀਲ ਕੌਰ ਬੇਦੀ ਵਿਸ਼ੇਸ਼ ਤੌਰ ਤੇ ਪਹੁੰਚੇ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸ੍ਰੀਮਤੀ ਸਰੋਜ ਛੱਪੜੀਵਾਲਾ ਨੇ ਕਿਹਾ ਕਿ 9 ਜੁਲਾਈ ਦੇਸ਼ ਵਿਆਪੀ ਹੜਤਾਲ ਨੂੰ ਕਾਮਯਾਬ ਬਣਾਉਣ ਲਈ ਆਂਗਣਵਾੜੀ ਵਰਕਰ ਹੈਲਪਰ ਆਪਣੀਆਂ ਮੰਗਾਂ ਲੈ ਕੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ।
ਮੰਗਾਂ ਦੇ ਸਬੰਧ ਵਿੱਚ ਉਹਨਾਂ ਬੋਲਦਿਆਂ ਕਿਹਾ ਕਿ ਪੋਸ਼ਨ ਟਰੈਕਰ ਦੇ ਨਾਂ ਤੇ ਆਂਗਣਵਾੜੀ ਵਰਕਰ/ਹੈਲਪਰ ਦੀ ਮਾਨਸਿਕ ਤੇ ਆਰਥਿਕ ਲੁੱਟ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਨਾ ਤਾਂ ਕੋਈ ਮੋਬਾਈਲ ਦਿੱਤੇ ਗਏ ਹਨ ਤੇ ਨਾ ਹੀ ਸਾਲ ਭਰ ਦਾ ਮੋਬਾਈਲ ਰੀਚਾਰਜ਼ ਕੀਤਾ ਜਾਂਦਾ ਹੈ।
ਪੋਸ਼ਨ ਟਰੈਕਰ ਤੇ ਕੰਮ ਸਵੇਰੇ 8 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਚਲਦਾ ਹੈ। ਕੰਮ ਇੰਨਾ ਜ਼ਿਆਦਾ ਹੈ ਕਿ ਵਰਕਰ 14 ਘੰਟੇ ਕੰਮ ਕਰਨ ਤੇ ਵੀ ਪੂਰਾ ਨਹੀਂ ਕਰ ਸਕਦੀ, ਕਿਉਂਕਿ ਉਸ ਵਿੱਚ ਰਾਸ਼ਨ ਦੇਣ ਲਈ ਲਾਭ ਪਾਤਰੀ ਦੀ ਫੋਟੋ ਕੈਪਚਰ ਕਰਕੇ ਓਟੀਪੀ ਲੈਣਾ ਹੁੰਦਾ ਹੈ। ਕਈ ਵਾਰ ਲਾਭਪਾਤਰੀ ਆਪ ਮੌਜੂਦ ਨਹੀਂ ਹੁੰਦਾ।
ਉਸ ਦੇ ਪਰਿਵਾਰ ਵਾਲਾ ਕੋਈ ਰਾਸ਼ਨ ਲੈਣ ਆ ਜਾਂਦਾ ਹੈ। ਕੁਝ ਲਾਭਪਾਤਰੀ ਗਰੀਬੀ ਕਰਕੇ ਮੋਬਾਈਲ ਵੀ ਨਹੀਂ ਖਰੀਦ ਸਕਦੇ। ਕਈ ਵਾਰੀ ਆਪਣੇ ਬੈਂਕ ਖਾਤੇ ਵਿੱਚੋਂ ਪੈਸੇ ਨਿਕਲਣ ਦੇ ਡਰ ਨਾਲ ਉਹ ਵਰਕਰ ਨੂੰ ਓਟੀਪੀ ਨਹੀਂ ਦਿੰਦੇ। ਕੰਮ ਵੀ ਪੰਜਾਬੀ ਭਾਸ਼ਾ ਵਿੱਚ ਨਹੀਂ ਸਗੋਂ ਅੰਗਰੇਜ਼ੀ ਭਾਸ਼ਾ ਵਿੱਚ ਕਰਨਾ ਹੁੰਦਾ ਹੈ। ਉਹਨਾਂ ਮੰਗ ਕਰਦੇ ਹੋਏ ਕਿਹਾ ਕਿ ਲਾਭਪਾਤਰੀਆਂ ਤੋਂ ਓਟੀਪੀ ਲੈਣਾ ਬੰਦ ਕੀਤਾ ਜਾਵੇ।
ਜ਼ਿਲ੍ਹਾ ਪ੍ਰਧਾਨ ਸੁਨੀਲ ਕੌਰ ਬੇਦੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ,ਆਗਣਵਾੜੀ ਵਰਕਰ/ਹੈਲਪਰ ਨੂੰ ਪੂਰੀ ਤਨਖਾਹ ਕਦੇ ਵੀ ਨਹੀਂ ਮਿਲੀ। ਹੁਣ ਤਾਂ ਲਾਭ ਪਾਤਰੀਆਂ ਅਨੁਸਾਰ ਰਾਸ਼ਨ ਵੀ ਨਹੀਂ ਦਿੱਤਾ ਜਾਂਦਾ।
ਇਸ ਮੌਕੇ ਹੋਰਾਂ ਤੋਂ ਇਲਾਵਾ ਮੀਟਿੰਗ ਨੂੰ ਭਗਵੰਤ ਕੌਰ ਨਕੇਰੀਆਂ,ਬਲਵਿੰਦਰ ਕੌਰ ਮਹਮਦੇ ਵਾਲਾ,ਹਰਜੀਤ ਕੌਰ ਢੰਡੀਆਂ, ਬਿਮਲਾ ਰਾਣੀ ਜਲਾਲਾਬਾਦ,ਸਲਵਿੰਦਰ ਕੌਰ, ਅਰਪਣਾ ਰਾਣੀ ਸਿਮਰਿਆਂ ਵਾਲੀ,ਨੀਲਮਰਾਣੀ, ਕ੍ਰਿਸ਼ਨਾ ਰਾਣੀ ਸੰਤੋਖ ਸਿੰਘ ਵਾਲਾ, ਰਾਜ ਲੋਮਚੜ,ਮੰਜੂ ਬਾਲਾ, ਰਾਜ ਲੱਧੂਵਾਵਾ, ਲਾਜਵੰਤੀ ਅਮਰਜੀਤ ਕੌਰ ਜੰਡਵਾਲਾ, ਕੁਸਮ ਲਤਾ ਕੱਟੀਆਂ ਵਾਲਾ, ਕੁਲਵਿੰਦਰ ਕੌਰ ਨਕੇਰੀਆਂ, ਗੁਰਪ੍ਰੀਤ ਕੌਰ ਜਲਾਲਾਬਾਦ ਅਤੇ ਕੈਲਾਸ਼ ਰਾਣੀ ਜਲਾਲਾਬਾਦ ਨੇ ਸਬੋਧਨ ਕੀਤਾ।