Punjab News: ਮਾਸਟਰ ਨਿਰਭੈ ਸਿੰਘ ‘ਤੇ ਜਾਨਲੇਵਾ ਹਮਲੇ ਦਾ ਮਾਮਲਾ; ਇਨਸਾਫ ਲਈ ਮੁੱਖ ਮੰਤਰੀ ਵੱਲ ਭੇਜਿਆ ਮੰਗ ਪੱਤਰ
Punjab News: ਜਾਨਲੇਵਾ ਹਮਲੇ ਦੇ ਦੋਸ਼ੀਆਂ ਦੀ ਪੁਸ਼ਤ ਪੁਨਾਹੀ ਕਰਨਾ ਸੰਗਰੂਰ ਪੁਲਿਸ ਦਾ ਨਿਖੇਧੀਯੋਗ ਕਦਮ – ਡੀ.ਟੀ.ਐੱਫ.
Punjab News: 25 ਸਤੰਬਰ ਨੂੰ ਸੰਗਰੂਰ ਵਿਖੇ ਸੂਬਾ ਪੱਧਰੀ ਸਾਂਝੇ ਧਰਨੇ ਵਿੱਚ ਫ਼ਿਰੋਜ਼ਪੁਰ ਤੋਂ ਕਰਾਂਗੇ ਭਰਵੀਂ ਸ਼ਮੂਲੀਅਤ – ਮਲਕੀਤ ਹਰਾਜ / ਅਵਤਾਰ ਮਹਿਮਾ
ਫ਼ਿਰੋਜ਼ਪੁਰ
ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਾਸਟਰ ਨਿਰਭੈ ਸਿੰਘ ਖਾਈ ‘ਤੇ ਡਿਊਟੀ ਜਾਣ ਸਮੇਂ ਸਕੂਲ ਦੇ ਨੇੜੇ ਲਹਿਰੇ ਇਲਾਕੇ ਵਿੱਚ ਭੂ-ਮਾਫ਼ੀਆ ਵਜੋਂ ਸਰਗਰਮ ਵਿਅਕਤੀਆਂ ਵੱਲੋਂ ਕੀਤੇ ਗੰਭੀਰ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਪੰਜ ਮਹੀਨੇ ਬੀਤਣ ‘ਤੇ ਵੀ ਇਨਸਾਫ਼ ਨਾ ਮਿਲਣ ਅਤੇ ਸੰਗਰੂਰ ਪੁਲਿਸ ਵੱਲੋਂ ਸਿਆਸੀ ਇਸ਼ਾਰੇ ਤਹਿਤ ਦੋਸ਼ੀਆਂ ਦੀ ਪੁਸ਼ਤ ਪਨਾਹੀ ਕਰਨ ਦੇ ਰੋਸ ਵਜੋਂ ਡੈਮੋਕ੍ਰੈਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਵੱਲੋਂ ਜਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ, ਅਵਤਾਰ ਸਿੰਘ ਮਹਿਮਾ ਸੂਬਾ ਪ੍ਰੈੱਸ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਰਾਹੀਂ ਮੁੱਖ ਮੰਤਰੀ ਪੰਜਾਬ ਵੱਲ ‘ਮੰਗ ਪੱਤਰ’ ਭੇਜਿਆ ਗਿਆ।
ਇਸ ਦੌਰਾਨ ਜਿਲ੍ਹਾ ਕਮੇਟੀ ਵੱਲੋਂ 25 ਸਤੰਬਰ ਨੂੰ ਕਿਰਤੀ ਕਿਸਾਨ ਯੂਨੀਅਨ ਅਤੇ ਡੀ.ਟੀ.ਐੱਫ. ਵੱਲੋਂ ਭਰਾਤਰੀ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਐੱਸ.ਐੱਸ.ਪੀ. ਦਫ਼ਤਰ ਸੰਗਰੂਰ ਵਿਖੇ ਸੂਬਾ ਪੱਧਰੀ ਧਰਨੇ ਵਿੱਚ ਜਿਲ੍ਹੇ ਤੋਂ ਭਰਵੀਂ ਸ਼ਮੂਲੀਅਤ ਕਰਵਾਉਣ ਲਈ ਜਮੀਨੀ ਪੱਧਰ ‘ਤੇ ਲਾਮਬੰਦੀ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਮਲਕੀਤ ਸਿੰਘ ਹਰਾਜ, ਅਵਤਾਰ ਸਿੰਘ ਮਹਿਮਾ, ਅਮਿਤ ਕੁਮਾਰ, ਸਰਬਜੀਤ ਸਿੰਘ ਭਾਵੜਾ, ਹਰਮਨਪ੍ਰੀਤ ਸਿੱਧੂ ਪ੍ਰਧਾਨ ਕਿਸਾਨ ਵਿਦਿਆਰਥੀ ਯੂਨੀਅਨ ਗੁਰੂ ਨਾਨਕ ਕਾਲਜ ਨੇ ਦੱਸਿਆ ਕਿ ਮਾ. ਨਿਰਭੈ ਸਿੰਘ ‘ਤੇ ਹੋਏ ਜਾਨਲੇਵਾ ਹਮਲੇ ਦੌਰਾਨ ਉਨ੍ਹਾਂ ਦੀਆਂ ਦੋਨੋਂ ਲੱਤਾਂ ਤੇ ਖੱਬੀ ਬਾਂਹ ਕਈ ਥਾਵਾਂ ਤੋਂ ਬੁਰੀ ਤਰ੍ਹਾਂ ਤੋੜ ਦਿੱਤੀਆਂ ਗਈਆਂ ਸਨ। ਜਿਸ ਉਪਰੰਤ ਲਹਿਰਾ ਪੁਲਿਸ ਵੱਲੋਂ ਜਾਨਲੇਵਾ ਹਮਲੇ ਦੀ ਧਾਰਾ 109 ਬੀ.ਐੱਨ.ਐੱਸ. ਸਮੇਤ ਬਾਕੀ ਧਾਰਾਵਾਂ ਸਹਿਤ ਲਹਿਰਾ ਥਾਣਾ (ਜਿਲ੍ਹਾ ਸੰਗਰੂਰ) ਵਿਖੇ ਪਰਚਾ ਦਰਜ ਕੀਤਾ ਗਿਆ।
ਪ੍ਰੰਤੂ ਪੁਲਿਸ ਵੱਲੋਂ ਸਾਰੇ ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਨੂੰ ਬਣਦੀ ਸਜ਼ਾ ਦਵਾਉਣ ਦੀ ਥਾਂ ਪੱਖਪਾਤੀ ਭੂਮਿਕਾ ਨਿਭਾਈ ਜਾ ਰਹੀ ਹੈ ਅਤੇ ਮੁੱਖ ਦੋਸ਼ੀਆਂ ਨੂੰ ਬਚਾਉਣ ਖਾਤਰ ਇਰਾਦਾ ਕਤਲ ਦੇ ਮੁਕੱਦਮੇ ਨੂੰ ਕਾਨੂੰਨੀ ਤੌਰ ‘ਤੇ ਕਮਜ਼ੋਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਦੂਜੇ ਪਾਸੇ ਮੁੱਖ ਦੋਸ਼ੀਆਂ ਦੇ ਹੌਸਲੇ ਇਸ ਹੱਦ ਤੱਕ ਵੱਧ ਗਏ ਹਨ ਕਿ ਉਹ ਮਾ. ਨਿਰਭੈ ਸਿੰਘ ਨੂੰ ਜਾਨੋਂ ਮਾਰਨ ਦੀਆਂ ਸ਼ਰੇਆਮ ਧਮਕੀਆਂ ਦੇ ਰਹੇ ਹਨ।
ਇਸ ਸਭ ਦੇ ਮੱਦੇਨਜ਼ਰ ਡੀ.ਟੀ.ਐੱਫ. ਨੇ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਮਾ. ਨਿਰਭੈ ਸਿੰਘ ‘ਤੇ ਹੋਏ ਜਾਨਲੇਵਾ ਹਮਲੇ ਦੇ ਰਹਿੰਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ। ਸੰਗਰੂਰ ਪੁਲਿਸ ਨੂੰ ਇਸ ਮਾਮਲੇ ਵਿੱਚ ਪੇਸ਼ੇਵਰ ਗੰਭੀਰਤਾ ਨਾਲ ਤਫ਼ਤੀਸ਼ ਕਰਕੇ ਦੋਸ਼ੀਆਂ ਨੂੰ ਇਰਾਦਾ ਕਤਲ ਤੇ ਬਾਕੀ ਧਾਰਾਵਾਂ ਅਨੁਸਾਰ ਬਣਦੀ ਸਜ਼ਾ ਦਿਵਾਉਣ ਦੀ ਤਾਕੀਦ ਕੀਤੀ ਜਾਵੇ।
ਮਾ. ਨਿਰਭੈ ਸਿੰਘ ਵੱਲੋਂ ਸਵੈ ਸੁਰੱਖਿਆ ਲਈ ਅਪਲਾਈ ਕੀਤੇ ਆਰਮ ਲਾਈਸੈਂਸ ਦੇ ਕੇਸ ਨੂੰ ਫੌਰੀ ਪ੍ਰਵਾਨਗੀ ਦੇ ਕੇ ਲਾਈਸੈਂਸ ਜਾਰੀ ਕੀਤਾ ਜਾਵੇ। ਆਗੂਆਂ ਨੇ ਚੇਤਵਾਨੀ ਦਿੱਤੀ ਕਿ ਇਸ ਮਾਮਲੇ ਵਿੱਚ ਇਨਸਾਫ ਨਾ ਮਿਲਣ ‘ਤੇ ਡੀ.ਟੀ.ਐੱਫ. ਵੱਲੋਂ ਕਿਰਤੀ ਕਿਸਾਨ ਯੂਨੀਅਨ ਨਾਲ ਸਾਂਝੇ ਰੂਪ ਵਿੱਚ 25 ਸਤੰਬਰ 2025 ਨੂੰ ਸੰਗਰੂਰ ਵਿਖੇ ਸੂਬਾਈ ਧਰਨਾ ਦਿੱਤਾ ਜਾਵੇਗਾ ਅਤੇ ਪੁਲਿਸ ਦੇ ਪੱਖਪਾਤੀ ਵਤੀਰੇ ਵਿਰੁੱਧ ਸਖਤ ਰੋਸ ਦਾ ਪ੍ਰਗਟਾਵਾ ਕੀਤਾ ਜਾਵੇਗਾ।
ਇਸ ਮੌਕੇ ਡੀਟੀਐਫ ਆਗੂ ਗੁਰਵਿੰਦਰ ਸਿੰਘ ਖੋਸਾ, ਮਨੋਜ ਕੁਮਾਰ, ਬਲਜਿੰਦਰ ਸਿੰਘ, ਕਿਰਪਾਲ ਸਿੰਘ, ਅਰਵਿੰਦ ਗਰਗ, ਲਖਵਿੰਦਰ ਸਿਮਕ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਤੋਂ ਗੁਰਸਿਮਰਨ ਸਿੰਘ ਮਹਿਮਾ, ਰਣਵੀਰ ਸਿੰਘ ਰਾਣਾ ਲਹੌਰੀਆ, ਜੱਗਾ ਗੁਲਾਮੀ ਵਾਲਾ, ਜਸਕਰਨ ਸਿੰਘ ਮਹਿਮਾ, ਗੁਰਜੱਜ ਸਿੰਘ ਸਾਂਦੇ ਹਾਸ਼ਮ, ਕਿਸਾਨ ਸਟੂਡੈਂਟ ਯੂਨੀਅਨ ਗੁਰੂ ਨਾਨਕ ਕਾਲਜ ਫਿਰੋਜ਼ਪੁਰ ਦੇ ਆਗੂ, ਹਰਮਨਪ੍ਰੀਤ ਸਿੰਘ ਸਿੱਧੂ ਪ੍ਰਧਾਨ, ਲਵਜੀਤ ਸਿੰਘ, ਜਸਵਿੰਦਰ ਸਿੰਘ, ਅਰਪਣ ਜੋਤ ਸਿੰਘ, ਸਿਮਰਨਜੀਤ ਸਿੰਘ ਆਦਿ ਹਾਜ਼ਰ ਸਨ।

