ਬੋਲਣ ਦੀ ਆਜ਼ਾਦੀ ‘ਤੇ ਵੱਡਾ ਹਮਲਾ, ਹੱਕੀ ਮੰਗਾਂ ਲਈ ਪ੍ਰਦਰਸ਼ਨ ਕਰਦੇ ਕਾਮਿਆਂ ਨੂੰ ਥਾਣੇ ਡੱਕਿਆ
ਮਗਨਰੇਗਾ ਕਾਰਡ ਧਾਰਕਾਂ ਨੂੰ ਪਾਰਦਰਸ਼ੀ ਕੰਮ ਦਿਵਾਉਣ ਲਈ ਡੀਸੀ ਖਿਲਾਫ ਕੀਤੇ ਜਾ ਰਹੇ ਹਨ ਮੁਜ਼ਾਹਰੇ!
ਪਰਮਜੀਤ ਢਾਬਾਂ, ਫਾਜ਼ਿਲਕਾ:
ਜ਼ਿਲ੍ਹਾ ਫਾਜ਼ਿਲਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਹੈ, ਜਦੋਂ ਫਾਜ਼ਿਲਕਾ ਜ਼ਿਲੇ ਦੀ ਡਿਪਟੀ ਕਮਿਸ਼ਨਰ ਨੂੰ ਆਪਣਾ ਹੱਕ ਮੰਗਦੇ ਲੋਕਾਂ ਵੱਲੋਂ ਕੀਤਾ ਜਾਣ ਵਾਲਾ ਵਿਰੋਧ ਮਾਫ਼ਕ ਨਹੀਂ ਪੈ ਰਿਹਾ। ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਅਤੇ ਸਰਬ ਭਾਰਤ ਨੌਜਵਾਨ ਸਭਾ ਵੱਲੋਂ ਨਰੇਗਾ ਕਾਮਿਆਂ ਨੂੰ ਪਾਰਦਰਸ਼ੀ ਢੰਗ ਨਾਲ ਕੰਮ ਦਿਵਾਉਣ ਲਈ ਲਗਾਤਾਰ ਮੰਗ ਕੀਤੀ ਜਾ ਰਹੀ ਸੀ।
ਪ੍ਰੰਤੂ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਨ ‘ਤੇ ਜੂੰ ਨਾ ਸਰਕਣ ਕਾਰਨ ਉਹ ਵਿਰੋਧ ਕਰ ਰਹੇ ਹਨ ਅਤੇ ਡੀਸੀ ਦੇ ਲਗਾਤਾਰ ਪੁਤਲੇ ਫੂਕੇ ਜਾ ਰਹੇ ਹਨ। ਵਿਰੋਧ ਰੂਪ ਵਿੱਚ ਡੀਸੀ ਮੈਡਮ ਦੇ ਪ੍ਰਦਰਸ਼ਨਕਾਰੀਆਂ ਵੱਲੋਂ ਸ਼ਹਿਰ ਦੇ ਬਾਜ਼ਾਰਾਂ ਵਿੱਚ ਪੋਸਟਰ ਲਗਾਏ ਗਏ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਸ ਦਾ ਤਬਾਦਲਾ ਕੀਤਾ ਜਾਵੇ ਤਾਂ ਕਿ ਮਜ਼ਦੂਰਾਂ ਦਾ ਹੱਕ ਬਚਾਇਆ ਜਾ ਸਕੇ।
ਤੈਸ਼ ਵਿੱਚ ਆਈ ਡਿਪਟੀ ਕਮਿਸ਼ਨਰ ਮੈਡਮ ਨੇ ਨਗਰ ਕੌਂਸਲ ਦੇ ਮੁਖੀ ਨੂੰ ਕਹਿ ਕੇ ਪਹਿਲਾਂ ਸਰਕਾਰੀ ਪ੍ਰਾਪਰਟੀ ਤੇ ਡੀਸੀ ਦੇ ਪੋਸਟਰ ਲਗਾਉਣ ਖਿਲਾਫ ਮੁਕੱਦਮਾ ਦਰਜ ਕਰਾਇਆ ਅਤੇ ਆਗੂਆਂ ਨੂੰ ਥਾਣਾ ਸਿਟੀ ਫਾਜ਼ਿਲਕਾ ਵਿਖੇ ਅੰਦਰ ਕਰਵਾ ਦਿੱਤਾ। ਜਿਵੇਂ ਹੀ ਇਸ ਸਬੰਧੀ ਬਾਕੀ ਦੇ ਕਾਮਰੇਡ ਆਗੂਆਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਥਾਣਾ ਸਿਟੀ ਫਾਜ਼ਿਲਕਾ ਨੂੰ ਘੇਰ ਲਿਆ ਅਤੇ ਆਪਣੇ ਆਗੂਆਂ ਨੂੰ ਛੁਡਾ ਕੇ ਦਮ ਲਿਆ।
ਥਾਣਾ ਸਿਟੀ ਸਾਹਮਣੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੀਪੀਆਈ ਦੇ ਜਿਲ੍ਹਾ ਸਕੱਤਰ ਕਾਮਰੇਡ ਹੰਸਰਾਜ ਗੋਲਡਨ,ਮੀਤ ਸਕੱਤਰ ਕਾਮਰੇਡ ਸੁਰਿੰਦਰ ਢੰਡੀਆਂ, ਬਲਾਕ ਸੰਮਤੀ ਮੈਂਬਰ ਸ਼ੁਬੇਗ ਝੰਗੜਭੈਣੀ, ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਛੱਪੜੀ ਵਾਲਾ, ਸੰਦੀਪ ਜੋਧਾ,ਭਜਨ ਲਾਲ ਫਾਜ਼ਿਲਕਾ, ਮੋਨਿਕਾ ਝੰਗੜਭੈਣੀ ਅਤੇ ਰਾਜਵਿੰਦਰ ਨੌੌਲਾ ਨੇ ਕਿਹਾ ਕਿ ਆਗੂ ਨੇ ਕਿਹਾ ਕਿ ਉਹ ਅੰਗਰੇਜ਼ ਹਕੂਮਤ ਤੋਂ ਨਹੀਂ ਡਰੇ ਇਹ ਤਾਂ ਸਾਡੇ ਨੌਕਰ ਹਨ ਅਤੇ ਸਾਡੀਆਂ ਤਨਖਾਹਾਂ ਤੇ ਪਲ ਰਹੇ ਹਨ ਤਾਂ ਫਿਰ ਇਹ ਕਿਵੇਂ ਸਾਨੂੰ ਪ੍ਰਦਰਸ਼ਨ ਕਰਨ ਤੋਂ ਰੋਕ ਸਕਦੇ ਹਨ।
ਵਰਨਨਯੋਗ ਹੈ ਕਿ ਫਾਜ਼ਿਲਕਾ ਜਿਲਾ ਸਾਲ 2011 ਵਿੱਚ ਬਣਿਆ ਹੈ ਅਤੇ ਦਰਜਨ ਦੇ ਕਰੀਬ ਇੱਥੇ ਜ਼ਿਲ੍ਹਾ ਮੁਖੀ ਭਾਵ ਡਿਪਟੀ ਕਮਿਸ਼ਨਰ ਦੇ ਰੂਪ ਵਿੱਚ ਅਫਸਰ ਤਾਇਨਾਤ ਹੋਏ ਹਨ ਅਤੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ।
ਕਿਸੇ ਵੀ ਡਿਪਟੀ ਕਮਿਸ਼ਨਰ ਵੱਲੋਂ ਆਪਣਾ ਹੁੰਦਾ ਵਿਰੋਧ ਵੇਖ ਕੇ ਤੁਰੰਤ ਆਗੂਆਂ ਨੂੰ ਸੱਦ ਕੇ ਮੀਟਿੰਗ ਬੁਲਾ ਕੇ ਮਸਲੇ ਦਾ ਹੱਲ ਕਰ ਲਿਆ ਜਾਂਦਾ ਸੀ, ਪਰੰਤੂ ਇਹ ਪਹਿਲੇ ਡਿਪਟੀ ਕਮਿਸ਼ਨਰ ਹਨ ਜਿਨਾਂ ਨੇ ਹੱਲ ਕੱਢਣ ਦੀ ਬਜਾਏ ਉਲਟਾ ਆਗੂਆਂ ਤੇ ਮੁਕੱਦਮੇ ਦਰਜ ਕਰਾਉਣੇ ਸ਼ੁਰੂ ਕਰ ਦਿੱਤੇ ਹਨ।