ਯੁੱਧ ਨਸ਼ਿਆਂ ਵਿਰੁੱਧ: ਬਹਾਨਾ ਹੋਰ-ਨਿਸ਼ਾਨਾ ਹੋਰ
ਯੁੱਧ ਨਸ਼ਿਆਂ ਵਿਰੁੱਧ: ਬਹਾਨਾ ਹੋਰ-ਨਿਸ਼ਾਨਾ ਹੋਰ: ਨਸ਼ਿਆਂ ਦਾ ਕਹਿਰ, ਨਿੱਤ ਦਿਨ ਮੌਤਾਂ ਦੀਆਂ ਖਬਰਾਂ।ਨਸ਼ਾ, ਕੈਂਸਰ ਬਰਾਬਰ।ਨਾ ਕੈਂਸਰ ਰੁਕਦਾ, ਨਾ ਨਸ਼ਾ ਮੁੱਕਦਾ। ਨਸ਼ਾ, ਕੰਚਨ ਦੇਹੀ ਗਾਲੇ। ਪੈਸੇ ਠੱਗੇ, ਸਮਾਜ ‘ਚੋ ਨਿਖੇੜੇ।ਨਸ਼ਈ ਤੇ ਆਲਸੀ ਦਾ ਬਿੱਲਾ ਲਾਵੇ।ਜਵਾਨੀ ਨੂੰ ਵਲੇ ਤੇ ਨਿਗਲੇ।ਖੇਡ ਮੈਦਾਨ ‘ਚੋਂ ਬਾਹਰ ਕਰੇ। ਖੋਲ੍ਹਿਆਂ ‘ਚ ਬੈਠਣ ਲਾਵੇ। ਇੱਜ਼ਤ ਵੁੱਕਤ ਰੋਲੇ। ਨਸ਼ਾ, ਜਾਗਦਿਆਂ ਨੂੰ ਸੁਆਵੇ,ਹੱਕਾਂ ਹਿੱਤਾਂ ਨੂੰ ਭੁਲਾਵੇ।ਨਸ਼ਾ, ਲੋਕ ਦੋਖੀ ਹਾਕਮਾਂ ਹੱਥ ਹਥਿਆਰ। ਖੂਬ ਵਰਤਣ। ਰੜ੍ਹਕ, ਮੜ੍ਹਕ ਭੰਨਣ।
ਲੜਨ ਕਣ ਮਾਰਨ। ਸਰਕਾਰਾਂ ਬਣਾਉਣ ਤੇ ਲੁਟੇਰੇ ਰਾਜ ਦੀ ਉਮਰ ਵਧਾਉਣ।ਨਸ਼ਾ, ਕਮਾਈ ਦਾ ਧੰਦਾ। ਪੈਸੇ ਦੇ ਲੋਭੀ ਵੱਡੇ ਕਾਰਪੋਰੇਟ, ਇਸ ਧੰਦੇ ਦੇ ਡੀਲਰ। ਨਸ਼ਈਆਂ ਨੂੰ ਲੁੱਟਣ।ਨਸ਼ਾ, ਹੱਸਦੇ ਵੱਸਦੇ ਘਰਾਂ ‘ਚ, ਸੱਥਰ ਵਿਛਾਵੇ।ਨਸ਼ਾ, ਕਿਸੇ ਦੀ ਡੰਗੋਰੀ, ਕਿਸੇ ਦੇ ਸਿਰ ਦਾ ਸਾਈਂ, ਕਿਸੇ ਦੇ ਸਿਰ ਦੀ ਛਾਂ ਖੋਹਵੇ। ਜਾਂਚ ਬਿਊਰੋ ਦਾ ਕਹਿਣਾ, ਪਿਛਲੇ ਚਹੁੰ ਸਾਲਾਂ ਵਿਚ ਤਿੰਨ ਸੌ ਮੌਤਾਂ। ਬਹੁਤੀਆਂ ਮੌਤਾਂ ਇਸ ਖਾਤੇ ਦਰਜ਼ ਹੀ ਨਹੀਂ।
ਸਰਕਾਰ ਦੀ ਮੁਹਿੰਮ,”ਯੁੱਧ, ਨਸ਼ਿਆਂ ਵਿਰੁੱਧ “।ਯੁੱਧ ਦੀ ਕਮਾਂਡ, ਪੁਲਸ ਹੱਥ। ਮੁਹਿੰਮ ਦਾ ਗੁੱਡਾ ਬੰਨਿਆ।ਗਰੰਟੀਆਂ ਦਾਅਵੇ, ਫੁੱਲ ਪੱਤੀਆਂ, ਢੋਲ ਢਮੱਕਾ, ਅਖਬਾਰਾਂ ਵਿੱਚ ਇਸ਼ਤਿਹਾਰ, ਸੜਕਾਂ ‘ਤੇ ਬੋਰਡ ਤੇ ਥਾਂ ਥਾਂ ਫਲੈਗ ਮਾਰਚ।ਤੇ ਨਾਲੇ ਬੰਨਤਾ ਟੈਮ, ਇਕੱਤੀ ਮਈ। ਯੁੱਧ ਸ਼ੁਰੂ, ਫੜ੍ਹੋ ਫੜ੍ਹੀ ਦੀ ‘ਨੇਰੀ। ਹਲਕਾ ਡੇਰਾ ਬਾਬਾ ਨਾਨਕ ਦੇ ਵਿਧਾਇਕ ਨੇ ਦੱਸਿਆ, ਚਹੁੰ ਮਹੀਨਿਆਂ ਵਿੱਚ ਉੱਨੀਂ ਹਜ਼ਾਰ ਫੜ੍ਹੇ।ਜੇਲ੍ਹੀਂ ਡੱਕੇ। ਇਹ ਸਾਰੇ ਨਸ਼ਈ ਤੇ ਛੋਟੇ ਰਿਟੇਲਰ।
ਮਿਥਿਆ ਟੈਮ ਟੱਪਿਆ।ਕਹਿੰਦੇ ਸੀ ਪੰਦਰਾਂ ਦਿਨਾਂ ‘ਚ ਝਾੜੂ ਫੇਰ ਦਿਆਂਗੇ।ਅੱਜ ਅੱਸੀ ਪੰਦਰੀਆਂ ਬਾਦ ਵੀ ਨਸ਼ਾ, ਮੌਤਾਂ ਵੰਡਦਾ ਫਿਰੇ।ਪੱਟਿਆ ਪਹਾੜ, ਨਿਕਲਿਆ ਚੂਹਾ, ਉਹ ਵੀ ਮਰਿਆ। ਸੀ ਐਮ ਕਹੇ, ” ਨੜ੍ਹਿੰਨਵੇਂ ਫ਼ੀਸਦੀ ਖ਼ਤਮ।” ਸਿਹਤ ਮੰਤਰੀ ਕਹੇ, ” ਕੌਣ ਕਹਿੰਦੈ, ਪੰਜਾਬ ਨਸ਼ਾ ਮੁਕਤ ਹੋਇਐ।” ਇਹ ਬਿਆਨਾਂ ਦਾ ਟਕਰਾਅ।ਦੂਜਾ ਨਸ਼ਿਆਂ ਦਾ ਜਾਰੀ ਕਹਿਰ। ਯੁੱਧ ਦੀ ਬੁੱਧ ਮਾਰੀ, ਮੁਹਿੰਮ ਬਣੀ ਵਿਚਾਰੀ।ਵਿਚਾਰੇ ਵਿਚਾਰੀਆਂ ਨਾਲ ਐਂ ਈ ਹੁੰਦੈ।ਏਸ ਮੁਹਿੰਮ ਨਾਲ, ਐਂ ਈ ਹੋਇਆ।
ਨਸ਼ਾ ਜਿਥੋਂ ਚੱਲਦਾ, ਉਥੋਂ ਹੀ ਰੋਕਿਆਂ ਰੁਕੂ।ਅਡਾਨੀ ਦਾ ਸਮੁੰਦਰੀ ਅੱਡਾ। ਨਸ਼ੇ ਦੇ ਵੱਡੇ ਵੱਡੇ ਕੰਟੇਨਰ ਉੱਤਰਨ।ਦੋ ਵਾਰ ਦੀਆਂ ਤਾਂ ਖਬਰਾਂ ਛਪੀਆਂ।ਕੇਰਾਂ ਤਿੰਨ ਹਜ਼ਾਰ ਕਿੱਲੋ ਹੈਰੋਇਨ ਆਈ। ਉਥੋਂ ਤੁਰਦੀ ਐ ਸਪਲਾਈ।ਇਹ ਅੱਡਾ ਯੁੱਧ ਦੇ ਨਿਸ਼ਾਨੇ ਵਿੱਚ ਨਹੀਂ। ਪੰਜਾਬ ਪੁਲਸ ਕਹਿੰਦੀ ਐ ਫਿਰੋਜ਼ਪੁਰੋਂ ਆਉਂਦੈ, ਉਹ ਵੀ ਨਿਸ਼ਾਨੇ ਵਿੱਚ ਹੈਨੀਂ।
ਸਾਬਕਾ ਡੀਜੀਪੀ ਸ਼ਸ਼ੀ ਕਾਂਤ ਵੱਲੋਂ ਦੱਸੇ ਵੱਡੇ ਤਸਕਰ, ਮੰਤਰੀ ਤੇ ਅਫ਼ਸਰ, ਨਿਸ਼ਾਨੇ ਵਿੱਚ ਇਹ ਵੀ ਕੋਈ ਨਹੀਂ।ਜੇਲ੍ਹ ਵਿੱਚ ਬੰਦ ਭੋਲੇ ਭਲਵਾਨ ਵੱਲੋਂ ਜੱਜ ਸਾਹਮਣੇ ਦੱਸੇ ਬੰਦੇ ਵੀ ਨਿਸ਼ਾਨੇ ਦੀ ਮਾਰ ਤੋਂ ਪਾਸੇ। ਯੁੱਧ ਦੇ ਨਿਸ਼ਾਨੇ ਵਿੱਚ, ਨਸ਼ੇ ਦੇ ਵੱਡੇ ਡੀਲਰ ਸਿਆਸਤਦਾਨ ਤੇ ਕਾਰਪੋਰੇਟ ਨਹੀਂ ਆਏ ਅਤੇ ਨਾ ਆਏ ਖਬਰਾਂ ਵਿੱਚ ਛਪਦੇ ਪੁਲਸ ਦੇ ਵੱਡੇ ਅਧਿਕਾਰੀ।ਨਾ ਇਹਨਾਂ ਦੀ ਜਾਇਦਾਦ ਜ਼ਬਤ ਕੀਤੀ, ਨਾ ਘਰ ਢਾਹੇ। ਸੀਐਮ ਨੇ ਹੁਣ ਕਿਹਾ, ਵੱਡਿਆਂ ਨੂੰ ਹੱਥ ਹੁਣ ਪਾਵਾਂਗੇ।ਦੇਖੋ, ਊਂਠ ਕਿਸ ਕਰਵਟ ਬਹਿੰਦੈ।
ਇਉਂ ਯੁੱਧ ਦੀ ਧਾਰ ਦਾ, ਨਸ਼ਈਆਂ ਤੇ ਛੋਟੇ ਰਿਟੇਲਰਾਂ ਖਿਲਾਫ਼ ਹੀ ਬਣੇ ਰਹਿਣਾ। ਘਰ ਢਾਹੁੰਦੇ ਬੁਲਡੋਜ਼ਰ ਤੇ ਪੁਲਸ ਬਲ ਨੂੰ ਵਾਰ ਵਾਰ ਦਿਖਾਉਣਾ।ਏਸੇ ਸਮੇਂ ਹਰ ਵਰਗ ਦੇ ਧਰਨਿਆਂ ‘ਤੇ ਪੁਲਸ ਬਲ ਦਾ ਹਮਲਾਵਰ ਹੋਏ ਰਹਿਣਾ।
ਧਰਨਾਕਾਰੀਆਂ ਨਾਲ ਗੱਲਬਾਤ ਲਈ ਸਿਵਲ ਅਧਿਕਾਰੀ ਦੀ ਥਾਂ ਪੁਲਸ ਅਧਿਕਾਰੀ ਲਾਉਣੇ।ਇਸ ਸਭ ਨੇ ਸਾਹਮਣੇ ਲਿਆਂਦਾ ਯੁੱਧ ਦੇ ਨਿਸ਼ਾਨੇ ਦਾ ਸੱਚ। ਸਰਕਾਰ ਦੀ ਡੂੰਘੀ ਸਾਜ਼ਿਸ਼। ਬਹਾਨਾ ਹੋਰ, ਨਿਸ਼ਾਨਾਂ ਹੋਰ। ਬਹਾਨਾ “ਯੁੱਧ ਨਸ਼ਿਆਂ ਵਿਰੁੱਧ”, ਨਿਸ਼ਾਨਾਂ ਪੁਲਸ ਨੂੰ ਖੁੱਲਾਂ।
ਸਰਕਾਰ ਦਾ ਓਪਨ ਏਜੰਡਾ, ਦੇਸੀ ਵਿਦੇਸ਼ੀ ਕਾਰਪੋਰੇਟਾਂ ਦੀ ਸੇਵਾ। ਜ਼ਮੀਨਾਂ, ਪਾਣੀ, ਜੰਗਲ ਲੋਕਾਂ ਤੋਂ ਖੋਹਣਾ। ਕਾਰਪੋਰੇਟਾਂ ਮੂਹਰੇ ਪਰੋਸਣਾ।ਸਰਕਾਰੀ ਅਦਾਰਿਆਂ ਤੇ ਕਾਰੋਬਾਰਾਂ ਦਾ ਨਿੱਜੀਕਰਨ ਕਰਨਾ। ਰੁਜ਼ਗਾਰ ਦੇਣ ਦੀ ਥਾਂ ਰੁਜ਼ਗਾਰ ਖੋਹਣਾ।ਸੇਵਾ ਦਾ ਮੇਵਾ ਹਾਸਲ ਕਰਨ ਵਿੱਚ ਭਾਜਪਾ ਨੂੰ ਪਛਾੜਨਾ।
ਸਰਕਾਰ ਨੂੰ ਭਲੀਭਾਂਤ ਪਤੈ, ਇਹ ਏਜੰਡਾ ਲੋਕਾਂ ‘ਚ ਰੋਸ ਵਧਾਉਂਦੈ।ਧਰਨੇ, ਮੁਜ਼ਾਹਰੇ ਵਧਣਗੇ। ਉਸਦੀ ਸੇਵਾ ਵਿਚ ਵਿਘਨ ਪਾਉਣਗੇ।ਇਹ ਵੀ ਸਰਕਾਰ ਦੇ ਏਜੰਡੇ ਦਾ ਹਿੱਸਾ ਕਿ ਰੋਸ ਨੂੰ ਉੱਠਣ ਤੋਂ ਪਹਿਲਾਂ ਨੱਪਣਾ।ਲੋਕਾਂ ਦੀ ਜ਼ੁਬਾਨਬੰਦੀ ਕਰਨਾ। ਇਹਦੇ ਲਈ ਪੁਲਸੀਆ ਦਹਿਸ਼ਤ ਦਾ ਮਾਹੌਲ ਬਣਾਉਣਾ। ਸਰਕਾਰ ਦੀ ਇਹੀ ਸਾਜ਼ਿਸ਼ ਐ ਤੇ ਇਹੀ ਯੁੱਧ ਦਾ ਨਿਸ਼ਾਨਾ।
ਨਸ਼ਿਆਂ ਤੇ ਗੈਂਗਸਟਰਾਂ ਨੂੰ ਰੋਕਣ ਦੇ ਨਾਂ ਹੇਠ, ਪੁਲਸ ਨੂੰ ਖੁੱਲ੍ਹਾਂ। ਨਸ਼ਈ ਕੋਲੋਂ ਪੰਜ ਚਾਰ ਗ੍ਰਾਮ ਨਸ਼ਾ, ਗੈਂਗਸਟਰ ਦੀ ਖੱਬੀ ਲੱਤ ‘ਚ ਗੋਲੀ, ਨਿੱਤ ਦੀਆਂ ਇਹੀ ਖਬਰਾਂ। ਖੁੱਲ੍ਹਾਂ, ਪੁਲਸ ਰਾਜ ਵਰਗੀਆਂ।
ਸਰਕਾਰ ਭਰਮਾਂ ਦੀ ਮਾਰੀ। ਗੱਲ ਗੱਲ ‘ਚ ਹੰਕਾਰੀ।ਇਥੇ ਔਰੰਗੇ, ਫਰੰਗੀ ਹੋ ਹੋ ਗਏ। ਹਿਟਲਰ ਤੇ ਮੁਸੋਲਿਨੀ ਨਹੀਂ ਰਹੇ।ਪੁਲਸ ਬਲ, ਜੇਲ੍ਹੀਂ ਡੱਕ ਸਕਦੈ।ਲਾਠੀ ਗੋਲੀ ਚਲਾ ਸਕਦੈ।ਸਿਰ ਪਾੜ ਜਾਂ ਲੱਤ ਬਾਂਹ ਤੋੜ ਸਕਦੈ।ਜਾਨੋਂ ਮਾਰ ਸਕਦੈ। ਮੰਗਾਂ ਮਸਲਿਆਂ ਦਾ ਹੱਲ ਨਹੀਂ ਕਰ ਸਕਦਾ। ਸੰਘਰਸ਼ ਉੱਠਦੇ ਨੇ, ਮੰਗਾਂ ਮਸਲਿਆਂ ਦੇ ਹੱਲ ਲਈ।
ਮੰਗਾਂ ਮਸਲੇ ਹੀ ਲੜਨ ਦੀ ਮਜ਼ਬੂਰੀ ਬਣਾਉਂਦੇ ਨੇ, ਲੋੜ ਜਗਾਉਂਦੇ ਨੇ।ਸਫਲ ਸੰਘਰਸ਼ਾਂ ਦੇ ਤਜਰਬੇ ਪ੍ਰੇਰਨਾ ਤੇ ਹੌਂਸਲਾ ਦਿੰਦੇ ਨੇ।ਨਾਬਰ ਜ਼ਾਬਰ ਤੋਂ ਕਦੇ ਨਹੀਂ ਦਬੇ,ਉੱਪਰ ਦੀ ਰਹੇ ਐ। ਇਉਂ ਸੰਘਰਸ਼ਾਂ ਦੇ ਪਿੜ ਸਦਾ ਮਘਦੇ ਰਹਿੰਦੇ ਐ। ਲੋਕ ਘੋਲਾਂ ਦੇ ਝੰਡੇ ਸਦਾ ਝੂਲਦੇ ਰਹੇ ਐ ਤੇ ਸਦਾ ਝੂਲਦੇ ਰਹਿਣਗੇ।
ਜਗਮੇਲ ਸਿੰਘ
9417224822