Punjab News: ਸਿੱਖਿਆ ਮੰਤਰੀ ਦੀ ਸੋਸ਼ਲ ਮੀਡੀਆ ਪੋਸਟ ‘ਚ ਕਈ ਗ਼ਲਤੀਆਂ!
Punjab News: ਬੀਤੀ ਰਾਤ ਇੱਕ ਹਾਦਸੇ ਵਿੱਚ ਜ਼ਖ਼ਮੀ ਹਾਲਤ ਤੋਂ ਬਾਅਦ ਦੌੜਾਕ ਫ਼ੌਜਾ ਸਿੰਘ ਸੰਸਾਰ ਨੂੰ ਅਲਵਿਦਾ ਕਹਿ ਗਏ।
ਫ਼ੌਜਾ ਸਿੰਘ ਦੇ ਦੇਹਾਂਤ ‘ਤੇ ਜਿੱਥੇ ਪ੍ਰਧਾਨ ਮੰਤਰੀ, ਮੁੱਖ ਮੰਤਰੀ ਸਮੇਤ ਵੱਡੇ ਪੱਧਰ ‘ਤੇ ਸਿਆਸੀ ਅਤੇ ਸਮਾਜਿਕ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ, ਉੱਥੇ ਹੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਵੀ ਫ਼ੌਜਾ ਸਿੰਘ ਦੇ ਦੇਹਾਂਤ ‘ਤੇ ਇੱਕ ਪੋਸਟ ਸ਼ੇਅਰ ਕੀਤੀ ਗਈ।
ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਅਲਵਿਦਾ ਸਰਦਾਰ ਫ਼ੌਜਾ ਸਿੰਘ ਜੀ ਦੇ ਨਾਮ ਤੋਂ ਇੱਕ ਪੋਸਟ ਆਪਣੀ ਅਤੇ ਫ਼ੌਜਾ ਸਿੰਘ ਦੀ ਤਸਵੀਰ ਦੇ ਨਾਲ ਸ਼ੇਅਰ ਕੀਤੀ।
ਇਸ ਤਸਵੀਰ ਦੇ ਨਾਲ ਜਿਹੜੀ ਪੋਸਟ ਲਿਖੀ ਗਈ ਸੀ, ਉਹ ਵਿੱਚ ਕਈ ਗ਼ਲਤੀਆਂ ਸਨ, ਜਿਸਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸਿੱਖਿਆ ਮੰਤਰੀ ਦੇ ਖ਼ਿਲਾਫ਼ ਲੋਕ ਪੋਸਟ ਪਾ ਕੇ ਆਲੋਚਨਾ ਕਰ ਰਹੇ ਹਨ।
ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਲਿਖਿਆ ਕਿ, ਸੂਬੇ ਦੇ ਸਿੱਖਿਆ ਮੰਤਰੀ ਦੀ ਇੱਕ ਪੋਸਟ ਵਿੱਚ ਐਨੀਆਂ ਗ਼ਲਤੀਆਂ ਨੇ ਤਾਂ, ਸੋਚੋ ਹੋਰਨਾਂ ਦਾ ਕੀ ਹਾਲ ਹੋਵੇਗਾ। ਇੱਕ ਹੋਰ ਵਿਅਕਤੀ ਨੇ ਕਿਹਾ ਕਿ ਮੰਤਰੀ ਸਾਬ੍ਹ ਤਾਂ (ਫ਼ੌਜਾ, ਦੌੜਾਕ, ਖ਼ਬਰ, ਬਖ਼ਸ਼ਣ, ਉਨ੍ਹਾਂ) ਜਿਹੇ ਸ਼ਬਦ ਹੀ ਗ਼ਲਤ ਲਿਖ ਗਏ।
ਹੇਠਾਂ ਪੜ੍ਹੋ ਸਿੱਖਿਆ ਮੰਤਰੀ ਦੀ ਪੋਸਟ
ਦਰਅਸਲ, ਸਿੱਖਿਆ ਮੰਤਰੀ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ, ਅਲਵਿਦਾ ਸਰਦਾਰ ਫੌਜਾ ਸਿੰਘ ਜੀ 💔ਦੁਨੀਆ ਭਰ ਵਿੱਚ ਪੰਜਾਬ ਅਤੇ ਸਿੱਖਾਂ ਦਾ ਨਾਮ ਰੌਸ਼ਨ ਕਰਨ ਵਾਲੇ 114 ਸਾਲਾ ਦੋੜਾਕ ਫੌਜਾ ਸਿੰਘ ਜੀ ਦੇ ਅਚਨਚੇਤ ਦੇਹਾਂਤ ਦੀ ਖਬਰ ਸੁਣ ਕੇ ਮਨ ਨੂੰ ਗਹਿਰਾ ਸਦਮਾ ਪਹੁੰਚਿਆ। ਉਨਾਂ ਦੇ ਇਸ ਦੁਨੀਆ ਤੋਂ ਚਲੇ ਜਾਣ ਨਾਲ, ਜਿੱਥੇ ਅੱਜ ਇੱਕ ਯੁੱਗ ਦਾ ਅੰਤ ਹੋ ਗਿਆ ਹੈ, ਉੱਥੇ ਹੀ ਸਾਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਵਾਹਿਗੁਰੂ ਜੀ 🙏