ਵੱਡੀ ਖ਼ਬਰ: ਪੰਜਾਬ ਦੇ ਸਰਕਾਰੀ ਹਸਪਤਾਲ ‘ਚ ਆਕਸੀਜਨ ਦੀ ਸਪਲਾਈ ਬੰਦ, 3 ਮਰੀਜ਼ਾਂ ਦੀ ਮੌਤ (ਵੇਖੋ ਵੀਡੀਓ)
Punjab News – ਭਗਵੰਤ ਮਾਨ ਸਰਕਾਰ ਦੇ ਦਾਅਵਿਆਂ ਦੀ ਪੋਲ ਉਸ ਵੇਲੇ ਬੀਤੀ ਰਾਤ ਖੁੱਲ ਗਈ, ਜਦੋਂ ਆਕਸੀਜਨ ਦੀ ਕਮੀ ਦੇ ਕਾਰਨ ਤਿੰਨ ਮਰੀਜ਼ਾਂ ਦੀ ਮੌਤ ਹੋ ਗਈ। ਜਲੰਧਰ ਦੇ ਸਿਵਲ ਹਸਪਤਾਲ ਦੇ ਟਰਾਮਾ ਵਾਰਡ ਵਿੱਚ ਆਕਸੀਜਨ ਦੀ ਸਪਲਾਈ ਵਿੱਚ ਅਚਾਨਕ ਕਮੀ ਆਉਣ ਕਾਰਨ 3 ਮਰੀਜ਼ਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਬੀਤੀ ਰਾਤ ਵਾਪਰੀ।
ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਆਕਸੀਜਨ ਸਪਲਾਈ ਵਿੱਚ ਤਬਦੀਲੀ ਦੌਰਾਨ ਤਕਨੀਕੀ ਖਰਾਬੀ ਕਾਰਨ ਵਾਪਰਿਆ। ਜਲੰਧਰ ਸਿਵਲ ਹਸਪਤਾਲ ਵਿੱਚ 3 ਮਰੀਜ਼ਾਂ ਦੀ ਮੌਤ ‘ਤੇ ਸੀਐਮਓ ਡਾ. ਵਿਨੈ ਕੁਮਾਰ ਨੇ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਆਕਸੀਜਨ ਦੀ ਸਪਲਾਈ ਥੋੜ੍ਹੀ ਘੱਟ ਹੋ ਗਈ ਸੀ।
ਬੈਕਅੱਪ ਸਿਲੰਡਰਾਂ ਨੂੰ ਤੁਰੰਤ ਚਾਲੂ ਕਰ ਦਿੱਤਾ ਗਿਆ। ਤਕਨੀਕੀ ਖਰਾਬੀ ਨੂੰ ਵੀ ਠੀਕ ਕਰ ਦਿੱਤਾ ਗਿਆ। ਇਹ ਸਭ 5 ਤੋਂ 10 ਮਿੰਟਾਂ ਦੇ ਅੰਦਰ-ਅੰਦਰ ਹੋਇਆ। ਇਸ ਮਾਮਲੇ ਵਿੱਚ ਮਰਨ ਵਾਲੇ ਤਿੰਨੋਂ ਮਰੀਜ਼ ਗੰਭੀਰ ਹਾਲਤ ਵਿੱਚ ਸਨ।ਡਾਕਟਰ ਨੇ ਦਾਅਵਾ ਕੀਤਾ ਹੈ, ਵੱਖ-ਵੱਖ ਕਾਰਨਾਂ ਕਰਕੇ ਉਨ੍ਹਾਂ (ਮਰੀਜ਼ਾਂ) ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ, ਘਟਨਾ ਕੱਲ੍ਹ ਰਾਤ ਵਾਪਰੀ। ਕਿਹਾ ਜਾ ਰਿਹਾ ਹੈ ਕਿ ਇਹ ਆਕਸੀਜਨ ਸਪਲਾਈ ਵਿੱਚ ਬਦਲਾਅ ਕਾਰਨ ਵਾਪਰਿਆ ਹੈ। ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਘਟਨਾ ਤੋਂ ਬਾਅਦ ਹਸਪਤਾਲ ਦਾ ਦੌਰਾ ਕੀਤਾ ਅਤੇ ਜਾਂਚ ਦੇ ਆਦੇਸ਼ ਦਿੱਤੇ। ਸਿਹਤ ਮੰਤਰੀ ਅਨੁਸਾਰ, ਇਹ ਮਰੀਜ਼ ਆਈਸੀਯੂ ਵਿੱਚ ਸਨ ਅਤੇ ਉਨ੍ਹਾਂ ਦੀ ਹਾਲਤ ਨਾਜ਼ੁਕ ਸੀ। ਇਸ ਹਾਦਸੇ ਵਿੱਚ ਮੌਤਾਂ ਇੱਕੋ ਸਮੇਂ ਨਹੀਂ ਹੋਈਆਂ। ਇਹ ਇੱਕ ਤੋਂ ਬਾਅਦ ਇੱਕ, 10-15 ਮਿੰਟਾਂ ਬਾਅਦ ਹੋਈਆਂ।
ਪੰਜਾਬ ਦੇ ਸਿਹਤ ਮੰਤਰੀ ਨੇ ਘਟਨਾ ਦੀ ਜਾਂਚ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਚੰਡੀਗੜ੍ਹ ਤੋਂ ਡਾਕਟਰਾਂ ਦੀ ਇੱਕ ਟੀਮ ਮਾਮਲੇ ਦੀ ਜਾਂਚ ਕਰੇਗੀ। ਉਧਰ ਦੂਜੇ ਪਾਸੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਮੌਕੇ ‘ਤੇ ਮੌਜੂਦ ਹਨ, ਉਨ੍ਹਾਂ ਨੇ ਜਾਂਚ ਲਈ ਇੱਕ ਕਮੇਟੀ ਬਣਾਈ ਹੈ। ਕਮੇਟੀ ਦੀ ਰਿਪੋਰਟ ਅਸਲ ਕਾਰਨ ਦਾ ਖੁਲਾਸਾ ਕਰੇਗੀ। ਜੇਕਰ ਮੌਤਾਂ ਕਿਸੇ ਦੀ ਗਲਤੀ ਕਾਰਨ ਹੋਈਆਂ ਹਨ, ਤਾਂ ਉਨ੍ਹਾਂ ਵਿਰੁੱਧ ਜਲਦੀ ਹੀ ਕਾਰਵਾਈ ਕੀਤੀ ਜਾਵੇਗੀ।

