ਵੱਡੀ ਖ਼ਬਰ: ਭਗਵੰਤ ਦੇ ਭਮੱਕੜਾਂ ਦੀ ਪਿੰਡਾਂ ‘ਚ ਐਂਟਰੀ ਬੈਨ! ਕਿਸਾਨਾਂ ਨੇ ਲੈਂਡ ਪੂਲਿੰਗ ਪਾਲਿਸੀ ਵਿਰੁੱਧ ਕੀਤਾ ਵੱਡਾ ਐਲਾਨ
Punjab News: AAP ਆਗੂਆਂ ਨੂੰ ਪਿੰਡਾਂ ‘ਚ ਨਹੀਂ ਵੜ੍ਹਨ ਦਿਆਂਗੇ- ਕਿਸਾਨ
Punjab News: ਸੀਐੱਮ ਭਗਵੰਤ ਮਾਨ ਦੇ ਭਮੱਕੜਾਂ ਅਤੇ ਆਮ ਆਦਮੀ ਪਾਰਟੀ ਦੇ ਕੱਟੜ ਫ਼ੈਨਸ ਦੀ ਪਿੰਡਾਂ ਦੇ ਵਿੱਚ ਐਂਟਰੀ ਬੈਨ ਕਰ ਦਿੱਤੀ ਗਈ ਹੈ ਅਤੇ ਇਸ ਨੂੰ ਲੈ ਕੇ ਕਈ ਪਿੰਡਾਂ ਵਿੱਚ ਪੋਸਟਰ ਵੀ ਲੱਗ ਚੁੱਕੇ ਹਨ।
ਦਰਅਸਲ, ਇਹ ਪੋਸਟਰ ਕਿਸੇ ਹੋਰ ਨੇ ਨਹੀਂ, ਪੰਜਾਬ ਦੇ ਕਿਸਾਨਾਂ ਵੱਲੋਂ ਲਗਾਏ ਗਏ ਹਨ। ਦੱਸ ਦਈਏ ਕਿ, ਲੁਧਿਆਣਾ ਦੇ ਦਰਜਨਾਂ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਖਿਲਾਫ਼ ਪੋਸਟਰ ਲਗਾ ਕੇ ਕਿਸਾਨਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।
ਪੋਸਟਰ ਵਿੱਚ ਸੀਐੱਮ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਤਸਵੀਰ ਹੈ ਅਤੇ ਨਾਲ ਹੀ ਲਿਖਿਆ ਗਿਆ ਹੈ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਸਾਡੇ ਪਿੰਡਾਂ ਵਿੱਚ ਪੈਰ ਨਾ ਪਾਵੇ।

ਕਿਸਾਨਾਂ ਨੇ ਕਿਹਾ ਕਿ ਸਾਡੀ ਮੰਗ ਤਾਂ ਇਹੀ ਹੈ ਕਿ ਜਿਹੜੀ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਸਕੀਮ ਲਿਆਂਦੀ ਹੈ, ਇਹਨੂੰ ਤੁਰੰਤ ਰੱਦ ਕੀਤਾ ਜਾਵੇ ਤਾਂ ਜੋ ਕਿਸਾਨ ਆਪਣੀ ਜਮੀਨ ਤੇ ਖੇਤੀ ਕਰ ਸਕਣ।
ਪਰ ਇਸ ਦੇ ਬਾਵਜੂਦ ਪਿੰਡਾਂ ਵਿੱਚ ਪਟਵਾਰੀ ਅਤੇ ਆਮ ਆਦਮੀ ਪਾਰਟੀ ਦੇ ਭਮੱਕੜ ਆ ਰਹੇ ਹਨ ਅਤੇ ਸਰਵੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਜਿੰਨੇ ਵੀ ਆਮ ਕਿਸਾਨ ਨੇ ਉਹ ਆਪਣੀ ਰੋਜ਼ੀ ਰੋਟੀ ਕਮਾਉਂਦੇ ਨੇ, ਰੋਟੀ ਖਾਂਦੇ ਨੇ ਅਤੇ ਲੋਕਾਂ ਨੂੰ ਖਵਾਉਂਦੇ ਨੇ।
ਅਸੀਂ ਸਰਕਾਰ ਤੋਂ ਇਹੋ ਮੰਗ ਕਰਦੇ ਹਾਂ ਕਿ ਸਾਨੂੰ ਤੁਹਾਡੇ ਪਲਾਟਾਂ ਦੀ ਲੋੜ ਨਹੀਂ, ਨਾ ਹੀ ਸਾਨੂੰ ਤੁਹਾਡੇ ਪੈਸਿਆਂ ਦੀ ਲੋੜ ਹੈ। ਸਰਕਾਰ ਦੀ ਇਸ ਸਕੀਮ ਦੇ ਵਿਰੋਧ ਵਿੱਚ ਇਹ ਸਾਰੇ ਬੋਰਡ ਲੱਗੇ ਹਨ।
ਉਨ੍ਹਾਂ ਕਿਹਾ ਕਿ ਕੋਈ ਵੀ ਕਿਸਾਨ ਨਹੀਂ ਚਾਹੁੰਦਾ ਕਿ, ਅਸੀਂ ਆਪਣੀ ਜ਼ਮੀਨ ਕਾਰਪੋਰੇਟ ਘਰਾਣਿਆਂ ਜਾਂ ਫਿਰ ਸਰਕਾਰ ਨੂੰ ਦੇਈਏ।
ਕਿਸਾਨਾਂ ਨੇ ਕਿਹਾ ਕਿ ਅਸੀਂ ਪਿੰਡਾਂ ਵਿੱਚ ਮਤੇ ਪਾ ਦਿੱਤੇ ਨੇ ਅਤੇ ਆਪਣੇ ਇਤਰਾਜ਼ ਗਮਾਡਾ ਅਤੇ ਪ੍ਰਸਾਸ਼ਨ ਨੂੰ ਭੇਜ ਦਿੱਤੇ ਨੇ, ਅਸੀਂ ਇੱਕ ਮਰਲਾ ਵੀ ਜ਼ਮੀਨ ਨਹੀਂ ਦਿਆਂਗੇ। ਪਰ ਇਸ ਦੇ ਬਾਵਜੂਦ ਸਰਕਾਰ ਦੇ ਅਧਿਕਾਰੀ ਪਿੰਡਾਂ ਵਿੱਚ ਵਿੱਚ ਆ ਰਹੇ ਹਨ, ਅਸੀਂ ਉਨ੍ਹਾਂ ਦਾ ਵਿਰੋਧ ਕਰ ਰਹੇ ਹਾਂ।

