ਪੰਜਾਬ ਸਰਕਾਰ ਨੇ 942 ਮੁਲਾਜ਼ਮਾਂ ਨੂੰ ਦਿੱਤਾ ਵੱਡਾ ਤੋਹਫ਼ਾ; ਸੇਵਾਵਾਂ ਪੱਕੀਆਂ ਕਰਨ ਦੇ ਨਿਯੁਕਤੀ ਪੱਤਰ ਜਾਰੀ
ਮੁੱਖ ਮੰਤਰੀ ਦਾ ਜੰਗਲਾਤ ਵਿਭਾਗ ਦੇ ਠੇਕੇ ਵਾਲੇ 942 ਮੁਲਾਜ਼ਮਾਂ ਨੂੰ ਵੱਡਾ ਤੋਹਫ਼ਾ; ਸੇਵਾਵਾਂ ਪੱਕੀਆਂ ਕਰਨ ਦੇ ਨਿਯੁਕਤੀ ਪੱਤਰ ਸੌਂਪੇ
ਚੰਡੀਗੜ੍ਹ
ਜੰਗਲਾਤ ਵਿਭਾਗ ਦੇ ਠੇਕੇ ਦੇ ਆਧਾਰ ਉੱਤੇ ਕੰਮ ਕਰ ਰਹੇ 942 ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਕ ਦਹਾਕੇ ਤੋਂ ਵੱਧ ਸਮੇਂ ਤੋਂ ਸੇਵਾ ਕਰ ਰਹੇ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਦੇ ਨਿਯੁਕਤੀ ਪੱਤਰ ਸੌਂਪ ਕੇ ਅੱਜ ਵੱਡਾ ਤੋਹਫ਼ਾ ਦਿੱਤਾ।
ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰਨ ਅਤੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅੱਜ ਉਨ੍ਹਾਂ ਨੂੰ ਇਹ ਐਲਾਨ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਸੂਬਾ ਸਰਕਾਰ ਨੇ ਸਾਰੇ ਕਾਨੂੰਨੀ ਤੇ ਪ੍ਰਸ਼ਾਸਕੀ ਅੜਿੱਕੇ ਦੂਰ ਕਰਦਿਆਂ ਇਨ੍ਹਾਂ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕਰ ਕੇ ਇਨ੍ਹਾਂ ਨਾਲ ਲੱਗਿਆ ਕੰਟਰੈਕਟ ਦਾ ਸ਼ਬਦ ਹਟਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਆਪਣੀ ਜ਼ਿੰਦਗੀ ਦੇ ਬੇਸ਼ਕੀਮਤੀ ਸਾਲ ਸਰਕਾਰ ਦੀ ਸੇਵਾ ਵਿੱਚ ਦੇਣ ਵਾਲੇ ਇਨ੍ਹਾਂ ਮੁਲਾਜ਼ਮਾਂ ਦੇ ਨਾਮ ਨਾਲ ਤੋਂ ਕੰਟਰੈਕਟ ਸ਼ਬਦ ਹਮੇਸ਼ਾ ਲਈ ਕੱਢਿਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਮੰਤਵ ਮੁਲਾਜ਼ਮਾਂ ਦਾ ਭਵਿੱਖ ਸੁਰੱਖਿਅਤ ਕਰਨਾ ਹੈ ਅਤੇ ਸੂਬਾ ਸਰਕਾਰ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਹੀ ਅੱਜ ਦਾ ਇਹ ਮੁਬਾਰਕ ਦਿਹਾੜਾ ਆਇਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਕਿਸੇ ਦੀ ਤਰਫ਼ਦਾਰੀ ਨਹੀਂ ਹੈ, ਸਗੋਂ ਸੂਬਾ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਉਹ ਲੋਕਾਂ ਤੇ ਸੂਬੇ ਦੀ ਸੇਵਾ ਕਰੇ ਅਤੇ ਇਸ ਲਈ ਹਰ ਹਰਬਾ ਵਰਤਿਆ ਜਾਵੇਗਾ।
ਭਗਵੰਤ ਮਾਨ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਉਨ੍ਹਾਂ ਨੂੰ ਸੇਵਾ ਦਾ ਮੌਕਾ ਦੇ ਕੇ ਮਾਣ ਬਖ਼ਸ਼ਿਆ ਹੈ ਅਤੇ ਉਹ ਇਸ ਭਰੋਸੇ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਪੰਜਾਬ ਦਾ ਸਰਬਪੱਖੀ ਵਿਕਾਸ ਅਤੇ ਲੋਕਾਂ ਦੀ ਖ਼ੁਸ਼ਹਾਲੀ ਯਕੀਨੀ ਬਣਾਉਣ ਲਈ ਯਤਨਸ਼ੀਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਆਪਣੇ ਸ਼ਾਸਨਕਾਲ ਦੇ ਅਖ਼ੀਰ ਵਿੱਚ ਕੁੱਝ ਰਿਆਇਤਾਂ ਦੇ ਕੇ ਲੋਕਾਂ ਨੂੰ ਬੇਵਕੂਫ਼ ਬਣਾਇਆ ਪਰ ਸਾਡੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਲੋਕਾਂ ਦੀਆਂ ਮੁਸੀਬਤਾਂ ਘਟਾਉਣ ਵੱਲ ਧਿਆਨ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਆਗੂ ਆਪਣੇ ਸ਼ਾਸਨ ਦੌਰਾਨ ਲੋਕਾਂ ਨੂੰ ਲੁੱਟਦੇ ਰਹੇ ਅਤੇ ਉਨ੍ਹਾਂ ਕਦੇ ਵੀ ਲੋਕਾਂ ਦੀ ਭਲਾਈ ਦੀ ਪਰਵਾਹ ਨਹੀਂ ਕੀਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਪਹਿਲੇ ਦਿਨ ਤੋਂ ਸੂਬੇ ਦੇ ਲੋਕਾਂ ਦੀ ਭਲਾਈ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।

