ਵੱਡੀ ਖ਼ਬਰ: ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ‘ਚ AAP ਲੀਡਰ ਨੇ ਛੱਡੀ ਪਾਰਟੀ, ਦਿੱਤਾ ਅਸਤੀਫ਼ਾ
Punjab News: ਭਗਵੰਤ ਮਾਨ ਸਰਕਾਰ ਦੁਆਰਾ ਲਿਆਂਦੀ ਗਈ ਕਿਸਾਨ ਅਤੇ ਲੋਕ ਮਾਰੂ ਲੈਂਡ ਪੂਲਿੰਗ ਪਾਲਿਸੀ ਦਾ ਜਿੱਥੇ ਵੱਡੇ ਪੱਧਰ ‘ਤੇ ਕਿਸਾਨ-ਮਜ਼ਦੂਰ ਅਤੇ ਵਿਰੋਧੀ ਸਿਆਸੀ ਨੇਤਾ ਵਿਰੋਧ ਕਰ ਰਹੇ ਹਨ, ਉਥੇ ਹੀ ਦੂਜੇ ਪਾਸੇ ਸੱਤਾਧਿਰ ਆਮ ਆਦਮੀ ਪਾਰਟੀ ਦੇ ਕੁੱਝ ਕੁ ਜਾਗਦੀਆਂ ਜੰਮੀਰਾਂ ਵਾਲੇ ਲੋਕ, ਅਹੁਦੇ ਨੂੰ ਲੱਤ ਮਾਰ ਕੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਅਨੁਸਾਰ, ਆਮ ਆਦਮੀ ਪਾਰਟੀ ਲਹਿਰਾ ਬਲਾਕ ਦੇ ਪ੍ਰਧਾਨ ਅਤੇ ਸਾਬਕਾ ਟਰੱਕ ਯੂਨੀਅਨ ਪ੍ਰਧਾਨ ਗੁਰੀ ਚਹਿਲ ਨੇ ਇਸ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰਦਿਆਂ ਬਲਾਕ ਪ੍ਰਧਾਨ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਲਿਆਂਦੀ ਇਹ ਪਾਲਸੀ ਕਿਸਾਨਾਂ ਮਜ਼ਦੂਰਾਂ ਲਈ ਅਤੀ ਘਾਤਕ ਹੈ। ਚਹਿਲ ਨੇ ਕਿਹਾ ਕਿ ਪਹਿਲਾਂ ਭਾਜਪਾ ਸਰਕਾਰ ਨੇ ਕਿਸਾਨਾਂ ਖਿਲਾਫ ਤਿੰਨ ਕਾਲੇ ਕਾਨੂੰਨ ਲਿਆਂਦੇ।
ਜਿਸ ਦੇ ਵਿਰੋਧ ਵਿੱਚ ਕਿਸਾਨਾਂ ਨੇ ਕਾਫੀ ਸਮਾਂ ਦਿੱਲੀ ਦੀਆਂ ਬਰੂਹਾਂ ਤੇ ਬੈਠ ਕੇ ਇਹ ਕਾਲੇ ਕਾਨੂੰਨ ਰੱਦ ਕਰਵਾਏ ਅਤੇ ਹੁਣ ਉਸ ਤੋਂ ਵੀ ਮਾੜੇ ਕਾਨੂੰਨ ਆਮ ਆਦਮੀ ਪਾਰਟੀ ਦੀ ਸਰਕਾਰ ਲੈ ਕੇ ਆਈ ਹੈ।
ਜਦੋਂ ਕਿ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਵੇਲੇ ਬਦਲਾਅ ਦੀਆਂ ਗੱਲਾਂ ਕਰਦੇ ਸਨ ਪਰ ਜੋ ਇਹ ਬਦਲਾਅ ਲਿਆਉਣ ਜਾ ਰਹੇ ਹਨ, ਇਸ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦਾ ਸਿੱਧੇ ਰੂਪ ਵਿੱਚ ਉਜਾੜਾ ਹੈ, ਜਿਸ ਦਾ ਅਸੀਂ ਤਿੱਖੇ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ।
ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਭਗਵੰਤ ਮਾਨ ਸਰਕਾਰ ਨੇ ਇਹ ਪਾਲਸੀ ਵਾਪਸ ਨਾਂ ਲਈ ਤਾਂ ਆਉਂਦੇ ਦਿਨਾਂ ਵਿੱਚ ਵੱਡੇ ਪੱਧਰ ਤੇ ਹੋਰ ਵੀ ਪਾਰਟੀ ਆਗੂ ਅਤੇ ਵਰਕਰ ਅਸਤੀਫੇ ਦੇਣ ਲਈ ਤਿਆਰ ਬੈਠੇ ਹਨ।

