ਵੱਡੀ ਖ਼ਬਰ: ਬਿਆਸ ਦਰਿਆ ‘ਚ ਵਧਿਆ ਪਾਣੀ ਦਾ ਪੱਧਰ, ਸੈਂਕੜੇ ਏਕੜ ਫ਼ਸਲ ਡੁੱਬੀ!
Punjab News: ਲਗਾਤਾਰ ਪੰਜਾਬ ਸਮੇਤ ਉੱਤਰ ਭਾਰਤ ਵਿੱਚ ਪੈ ਰਹੇ ਮੀਂਹ ਦੇ ਕਾਰਨ ਦਰਿਆਵਾਂ, ਨਦੀਆਂ, ਨਾਲਿਆਂ ਵਿੱਚ ਪਾਣੀ ਵਧਣਾ ਸ਼ੁਰੂ ਹੋ ਗਿਆ ਹੈ।
ਹੁਣ ਜਾਣਕਾਰੀ ਇਹ ਹੈ ਕਿ ਹਿਮਾਚਲ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਦੇ ਕਾਰਨ, ਨਦੀਆਂ ਨਾਲਿਆਂ ਵਿੱਚ ਹੜ੍ਹ ਆ ਚੁੱਕੇ ਹਨ। ਪਾਣੀ ਸਾਰਾ ਦਾ ਸਾਰਾ ਪੰਜਾਬ ਦੇ ਡੈਮਾਂ ਅਤੇ ਦਰਿਆਵਾਂ ਵੱਲ ਰੁਖ ਕਰ ਚੁੱਕਿਆ ਹੈ।
ਜਿਸ ਦੇ ਕਾਰਨ ਦਰਿਆਵਾਂ ਅਤੇ ਡੈਮਾਂ ਦੇ ਪਾਣੀ ਦਾ ਪੱਧਰ ਵੱਧ ਚੁੱਕਿਆ ਹੈ। ਹਾਲਾਂਕਿ ਦਰਿਆਵਾਂ ਦੇ ਨਾਲ ਬਣੇ ਆਰਜ਼ੀ ਬੰਨ੍ਹ ਭੁਰਨੇ ਸ਼ੁਰੂ ਹੋ ਗਏ ਹਨ, ਜਿਸ ਕਾਰਨ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਪਾਣੀ ਦਾਖ਼ਲ ਹੋ ਰਿਹਾ ਹੈ।
ਹੁਣ ਤੱਕ ਦੀਆਂ ਸਾਹਮਣੇ ਆਈਆਂ ਰਿਪੋਰਟਾਂ ਤੋਂ ਬਾਅਦ ਬਿਆਸ ਦਰਿਆ, ਸਤਲੁਜ ਦਰਿਆ ਅਤੇ ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਕਾਫ਼ੀ ਜਿਆਦਾ ਵੱਧ ਚੁੱਕਿਆ ਹੈ। ਆਸ ਪਾਸ ਦੇ ਪਿੰਡਾਂ ਵਿੱਚ ਇਸ ਗੱਲ ਦਾ ਖ਼ਤਰਾ ਹੈ ਕਿ, ਜੇਕਰ ਹੜ੍ਹ ਆ ਗਏ ਤਾਂ, ਉਹ ਜਾਣਗੇ ਕਿੱਥੇ?
ਭਾਵੇਂਕਿ ਸਰਕਾਰ ਕਹਿ ਰਹੀ ਹੈ ਕਿ ਹੜ੍ਹਾਂ ਵਰਗੀ ਕੋਈ ਗੱਲ ਨਹੀਂ, ਪਰ ਅਸਲੀਅਤ ਇਹੋ ਹੈ ਕਿ ਦਰਿਆਵਾਂ ਦੇ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ ਅਤੇ ਪ੍ਰਸਾਸ਼ਨ ਤੇ ਸਰਕਾਰ ਹੱਥਾਂ ਤੇ ਹੱਥ ਧਰ ਕੇ ਬੈਠੀ ਹੋਈ ਹੈ। ਜਾਗਰਣ ਨਾਲ ਗੱਲਬਾਤ ਦੌਰਾਨ ਕਿਸਾਨ ਕੁਲਦੀਪ ਸਿੰਘ ਸਾਂਗਰਾ ਨੇ ਦੱਸਿਆ ਕਿ ਮੰਡ ਮੁਬਾਰਕਪੁਰ ਦੇ ਨੇੜੇ ਆਰਜ਼ੀ ਬੰਨ੍ਹ ਨੂੰ ਬਹੁਤ ਵੱਡਾ ਖ਼ਤਰਾ ਪੈਦਾ ਹੋ ਗਿਆ। ਮੰਡ ਨਿਵਾਸੀ ਸਵੇਰ ਤੋਂ ਹੀ ਆਰਜ਼ੀ ਬੰਨ੍ਹ ਉੱਪਰ ਮਿੱਟੀ ਪਾ ਰਹੇ ਹਨ।
ਉਹਨਾਂ ਦੱਸਿਆ ਕਿ ਮੰਡ ਬਾਊਪੁਰ ਤੋਂ ਲੈ ਕੇ ਮੁਬਾਰਕਪੁਰ ਤੱਕ ਆਰਜ਼ੀ ਬੰਨ੍ਹ ਕਿਸੇ ਵੇਲੇ ਵੀ ਟੁੱਟ ਸਕਦਾ ਹੈ ਜਿਸ ਨਾਲ ਹਜ਼ਾਰਾਂ ਏਕੜ ਝੋਨੇ ਦੀ ਫਸਲ ਬਰਬਾਦ ਹੋ ਸਕਦੀ ਹੈ।
ਉਹਨਾਂ ਨੇ ਕਿਹਾ ਕਿ ਆਰਜ਼ੀ ਬੰਨ੍ਹ ਤੋਂ ਦਰਿਆ ਵਾਲੇ ਪਾਸੇ ਵੱਲ ਨੂੰ ਝੋਨੇ ਦੀ ਫਸਲ ਲਗਪਗ ਸਾਰੀ ਹੀ ਡੁੱਬ ਚੁੱਕੀ ਹੈ । ਉਨ੍ਹਾਂ ਕਿਹਾ ਕਿ ਸਵੇਰ ਤੋਂ ਹੀ ਦਰਿਆ ਬਿਆਸ ਵਿੱਚ ਲਗਾਤਾਰ ਪਾਣੀ ਦੇ ਪੱਧਰ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।
ਉਹਨਾਂ ਕਿਹਾ ਕਿ ਹਾਲੇ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਿਆਸੀ ਆਗੂ ਉਹਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਅਤੇ ਮੰਡ ਖੇਤਰ ਦੇ ਕਿਸਾਨਾਂ ਵੱਲੋਂ ਆਪਣੇ ਤੌਰ ’ਤੇ ਆਰਜ਼ੀ ਬੰਨ੍ਹਾਂ ਉੱਪਰ ਮਿੱਟੀ ਪਾਈ ਜਾ ਰਹੀ ਹੈ। ਕਿਸਾਨਾਂ ਨੇ ਦੱਸਿਆ ਕਿ ਪ੍ਰਤਾਪਪੁਰਾ, ਖਿਜਰਪੁਰ, ਸ਼ੇਰਪੁਰ ਡੋਗਰਾਂ, ਮਹੀਂਵਾਲ, ਮੰਡ ਧੂੰਦਾ ਆਦਿ ਪਿੰਡਾਂ ਵਿੱਚ ਵੀ ਝੋਨੇ ਦੀ ਫਸਲ ਡੁੱਬ ਚੁੱਕੀ ਹੈ ਅਤੇ ਸਥਿਤੀ ਨਾਜ਼ੁਕ ਬਣੀ ਹੋਈ ਹੈ।
ਕਿਸਾਨ ਆਗੂ ਰਸ਼ਪਾਲ ਸਿੰਘ ਸੰਧੂ ਨੇ ਦੱਸਿਆ ਕਿ ਬੀਤੇ ਦਿਨਾਂ ਤੋਂ ਹਰੀਕੇ ਹੈੱਡ ’ਤੇ ਵੀ ਸਥਿਤੀ ਬਹੁਤ ਮਾੜੀ ਹੈ। ਪਹਾੜੀ ਖੇਤਰ ਤੇ ਕੰਡੀ ਖੇਤਰ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਾਰਨ ਪੌਂਗ ਡੈਮ ਤੋਂ ਛੱਡੇ ਪਾਣੀ ਕਾਰਨ ਦਰਿਆ ਬਿਆਸ ਵਿੱਚ ਪਾਣੀ ਦੀ ਸਥਿਤੀ ਬਹੁਤ ਹੀ ਖਰਾਬ ਹੋ ਗਈ ਹੈ।
ਪਾਣੀ ਨੀਵੇਂ ਖੇਤਾਂ ’ਚ ਭਰਨ ਲੱਗ ਪਿਆ ਹੈ ਜਿਸ ਨੂੰ ਬਚਾਉਣ ਲਈ ਕਿਸਾਨਾਂ ਵੱਲੋਂ ਬੰਨ੍ਹ ਦੇ ਆਲੇ ਦੁਆਲੇ ਮਿੱਟੀ ਪਾ ਕੇ ਆਰਜ਼ੀ ਬੰਨ੍ਹ ਬਣਾਏ ਜਾ ਰਹੇ ਹਨ।

