ਵੱਡੀ ਖ਼ਬਰ: ਭਾਜਪਾ ਅਤੇ ਕਾਂਗਰਸੀ ਸੰਸਦ ਮੈਂਬਰਾਂ ਵਿਚਾਲੇ ਖ਼ੂਨੀ ਝੜਪ, ਭਾਜਪਾਈ MP ਦੇ ਸਿਰ ‘ਤੇ ਲੱਗੀ ਸੱਟ
ਨਵੀਂ ਦਿੱਲੀ
ਸੰਸਦ ਕੰਪਲੈਕਸ ‘ਚ ਕਾਂਗਰਸ ਅਤੇ ਵਿਰੋਧੀ ਪਾਰਟੀਆਂ ਨੇ ਬਾਬਾ ਸਾਹਿਬ ਅੰਬੇਡਕਰ ‘ਤੇ ਕੀਤੀ ਟਿੱਪਣੀ ਨੂੰ ਲੈ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਖਿਲਾਫ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰਾਂ ਵਿਚਾਲੇ ਕਥਿਤ ਹੱਥੋਪਾਈ ਵੀ ਹੋਈ।
ਭਾਜਪਾ ਐਮਪੀ ਪ੍ਰਤਾਪ ਸਾਰੰਗੀ ਨੇ ਦੋਸ਼ ਲਾਇਆ ਕਿ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਉਸਨੂੰ ਧੱਕਾ ਦਿੱਤਾ, ਜਿਸ ਕਾਰਨ ਉਸਦੇ ਸਿਰ ਵਿੱਚ ਸੱਟ ਲੱਗ ਗਈ। ਦੂਜੇ ਪਾਸੇ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਭਾਜਪਾ ਦੇ ਸੰਸਦ ਮੈਂਬਰਾਂ ਨੇ ਉਨ੍ਹਾਂ ਨੂੰ ਸੰਸਦ ਭਵਨ ਵਿੱਚ ਦਾਖ਼ਲ ਹੋਣ ਤੋਂ ਰੋਕਿਆ, ਜਿਸ ਕਾਰਨ ਅਚਾਨਕ ਇਹ ਸਭ ਕੁੱਝ ਵਾਪਰਿਆ।
ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੋਸ਼ ਲਗਾਇਆ, ‘ਰਾਹੁਲ ਗਾਂਧੀ ਲੜਨ ਲਈ ਵਿਚਕਾਰ ਵਿਚ ਆਏ ਸਨ। ਉਸਦਾ ਵਤੀਰਾ ਗੁੰਡੇ ਵਰਗਾ ਸੀ, ਇਹ ਦੇਸ਼ ਗੁੰਡਿਆਂ ਨੂੰ ਬਰਦਾਸ਼ਤ ਨਹੀਂ ਕਰੇਗਾ। ਰਾਹੁਲ ਨੇ ਸਾਡੇ ਇਕ ਬਜ਼ੁਰਗ ਸੰਸਦ ਮੈਂਬਰ ਨੂੰ ਧੱਕਾ ਮਾਰਿਆ, ਜਿਸ ਕਾਰਨ ਉਸ ਦੇ ਸਿਰ ਤੇ ਸੱਟ ਲੱਗੀ, ਉਸਨੂੰ ਆਰਐਮਐਲ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਭਾਜਪਾ ਸੰਸਦ ਮੈਂਬਰ ਪ੍ਰਤਾਪ ਚੰਦਰ ਸਾਰੰਗੀ ਨੇ ਕਿਹਾ, ‘ਰਾਹੁਲ ਗਾਂਧੀ ਨੇ ਇਕ ਸੰਸਦ ਮੈਂਬਰ ਨੂੰ ਧੱਕਾ ਦਿੱਤਾ ਜੋ ਮੇਰੇ ‘ਤੇ ਡਿੱਗਿਆ, ਜਿਸ ਤੋਂ ਬਾਅਦ ਮੈਂ ਹੇਠਾਂ ਡਿੱਗ ਗਿਆ। ਮੈਂ ਪੌੜੀਆਂ ਦੇ ਕੋਲ ਖੜ੍ਹਾ ਸੀ ਜਦੋਂ ਰਾਹੁਲ ਗਾਂਧੀ ਨੇ ਆ ਕੇ ਇਕ ਸੰਸਦ ਮੈਂਬਰ ਨੂੰ ਧੱਕਾ ਦਿੱਤਾ ਜੋ ਮੇਰੇ ‘ਤੇ ਡਿੱਗ ਪਿਆ।’ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਅਰਜੁਨ ਰਾਮ ਮੇਘਵਾਲ, ਪੀਯੂਸ਼ ਗੋਇਲ ਅਤੇ ਹੋਰ ਭਾਜਪਾ ਨੇਤਾ ਉਨ੍ਹਾਂ ਨੂੰ ਦੇਖਣ ਲਈ ਹਸਪਤਾਲ ਗਏ ਹਨ।
ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ, ‘ਮੈਂ ਅੰਦਰ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਭਾਜਪਾ ਦੇ ਸੰਸਦ ਮੈਂਬਰ ਮੈਨੂੰ ਧਮਕੀਆਂ ਦਿੰਦੇ ਹੋਏ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ।’ ਉਨ੍ਹਾਂ ਕਿਹਾ ਕਿ ਮੁੱਖ ਮੁੱਦਾ ਇਹ ਹੈ ਕਿ ਅਮਿਤ ਸ਼ਾਹ ਨੇ ਸੰਵਿਧਾਨ ਅਤੇ ਬਾਬਾ ਸਾਹਿਬ ਦਾ ਅਪਮਾਨ ਕੀਤਾ ਗਿਆ ਹੈ। ਪਰ ਹੁਣ ਭਾਜਪਾ ਅਮਿਤ ਸ਼ਾਹ ਨੂੰ ਬਚਾਉਣ ਲਈ ਹਰ ਸੰਭਵ ਕੋਸਿਸ਼ ਕਰ ਰਹੀ ਹੈ।