ਪੰਜਾਬ ਸਰਕਾਰ ਬੱਚਿਆਂ ਦੀ ਪੜ੍ਹਾਈ ਪ੍ਰਤੀ ਗੰਭੀਰ ਨਹੀਂ- ਗੌਰਮਿੰਟ ਟੀਚਰਜ਼ ਯੂਨੀਅਨ
ਸਿੱਖਿਆ ਅਧਿਕਾਰੀ ਅਧਿਆਪਕਾਂ ਤੇ ਦਬਾਅ ਬਣਾ ਕੇ ਕਰਵਾ ਰਹੇ ਨੇ ਗੈਰ ਵਿੱਦਿਅਕ ਕੰਮ- ਜਸਵਿੰਦਰ ਸਿੰਘ ਸਮਾਣਾ
ਫਿਨਲੈਂਡ ਸਿੰਘਾਪੁਰ ਗਏ ਅਧਿਆਪਕ ਸਰਕਾਰ ਨੂੰ ਸੇਧ ਦੇ ਕੇ ਬੱਚਿਆਂ ਪ੍ਰਤੀ ਆਪਣਾ ਫਰਜ਼ ਨੂੰ ਨਿਭਾਉਣ -ਪਰਮਜੀਤ ਸਿੰਘ ਪਟਿਆਲਾ
ਪੰਜਾਬ ਨੈੱਟਵਰਕ, ਪਟਿਆਲਾ
ਸਿੱਖਿਆ ਵਿੱਚ ਕ੍ਰਾਂਤੀ ਲਿਆਉਣ ਦੇ ਨਾਂ ਤੇ ਬਣੀ ਸਰਕਾਰ,ਅਧਿਆਪਕਾਂ ਤੋਂ ਗੈਰ ਵਿੱਦਿਅਕ ਕੰਮ ਨਾ ਲੈਣ ਦਾ ਐਲਾਨ ਕਰਨ ਵਾਲੀ ਆਪ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਵਿੰਦਰ ਸਿੰਘ ਸਮਾਣਾ ਤੇ ਸਕੱਤਰ ਪਰਮਜੀਤ ਸਿੰਘ ਪਟਿਆਲਾ ਨੇ ਦੱਸਿਆ ਕਿ ਪੰਜਾਬ ਭਰ ਦੇ ਅਧਿਆਪਕਾਂ ਦੀਆਂ ਡਿਊਟੀਆਂ ਨਗਰ ਕੌਂਸਲ, ਨਗਰ ਨਿਗਮ,ਨਗਰ ਪੰਚਾਇਤਾਂ, ਚੋਣਾਂ ਕਰਵਾਉਣ ਵਿੱਚ ਲੱਗੀਆਂ ਹੋਈਆਂ ਹਨ। ਉੱਥੇ ਹੀ ਬੱਚਿਆਂ ਦੇ ਪੇਪਰ ਚੱਲ ਰਹੇ ਹਨ। ਪਹਿਲਾਂ ਹੀ ਸੀ ਈ ਪੀ ਦੀ ਆੜ ਵਿੱਚ ਬਥੇਰਾ ਸਮਾਂ ਖਰਾਬ ਹੋ ਚੁੱਕਿਆ ਹੈ।
ਇਸ ਦੌਰਾਨ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਅਧਿਆਪਕਾਂ ਤੇ ਨਵੇਂ ਹੁਕਮ ਚਾੜ੍ਹਦੇ ਹੋਏ ਕਿਹਾ ਕਿ 20 ਦਸੰਬਰ ਤੋਂ ਪਹਿਲਾਂ ਪਹਿਲਾਂ ਸਾਰੇ ਵਿਦਿਆਰਥੀਆਂ ਦੀ ਅਪਾਰ ਆਈਡੀ ਛੇਤੀ ਤੋਂ ਛੇਤੀ ਬਣਾਈ ਜਾਵੇ। ਉਹਨਾਂ ਦੱਸਿਆ ਕਿ ਇਹ ਆਈਡੀ ਮਾਪਿਆਂ ਦੀ ਕਨਸੈਂਟ ਨਾਲ ਬਣਾਉਣੀ ਜ਼ਰੂਰੀ ਹੈ। ਪਰ ਅਧਿਕਾਰੀ ਅਧਿਆਪਕਾਂ ਤੇ ਦਬਾਅ ਬਣਾ ਕੇ ਬਿਨਾਂ ਮਾਪਿਆਂ ਦੀ ਕਨਸੈਂਟ ਤੋਂ ਇਹ ਕੰਮ ਪੂਰਾ ਕਰਵਾਉਣ ਲੱਗੇ ਹੋਏ ਹਨ। ਅਪਾਰ ਆਈਡੀ ਕਿਉਂ ਕਿਸ ਲਈ ਕਿਵੇਂ ਇਸ ਦੀ ਅਧਿਆਪਕਾਂ ਨੂੰ ਹੁਣ ਤੱਕ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ। ਪਰ ਛੇਤੀ ਕੰਮ ਕਰਨ ਲਈ ਪੂਰਾ ਦਬਾਅ ਬਣਾ ਕੇ ਰੱਖਿਆ ਜਾ ਰਿਹਾ ਹੈ।
ਜਦਕਿ ਇਹ ਸਾਰਾ ਕੰਮ ਆਨਲਾਈਨ ਹੈ ਜਿਸ ਵਿੱਚ ਬੱਚਿਆਂ ਦਾ ਆਧਾਰ ਕਾਰਡ ਮਾਪਿਆਂ ਦਾ ਆਧਾਰ ਕਾਰਡ ਇੱਕ ਦੂਜੇ ਨਾਲ ਮੈਚ ਹੋਣਾ ਬਹੁਤ ਜਰੂਰੀ ਹੈ। ਉਹਨਾਂ ਕਿਹਾ ਕਿ ਜਦੋਂ ਤੋਂ ਭਗਵੰਤ ਮਾਨ ਸਰਕਾਰ ਆਈ ਹੈ ਉਦੋਂ ਤੋਂ ਅਧਿਆਪਕਾਂ ਦੀਆਂ ਗੈਰ ਵਿੱਦਿਅਕ ਡਿਊਟੀਆਂ ਲਗਾਤਾਰ ਚੱਲ ਰਹੀਆਂ ਹਨ । ਦੋਵੇਂ ਆਗੂਆਂ ਨੇ ਕਿਹਾ ਕਿ ਜੋਂ ਅਧਿਆਪਕ ਸਿੰਘਾਪੁਰ ਫਿਨਲੈਂਡ ਗਏ ਨੇ ਉਹ ਅਧਿਆਪਕ ਸਰਕਾਰ ਨੂੰ ਹੁਣ ਸੇਧ ਦੇ ਕੇ ਬੱਚਿਆਂ ਪ੍ਰਤੀ ਆਪਣਾ ਫਰਜ਼ ਨਿਭਾ ਸਕਦੇ ਹਨ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਨਾ ਕੀਤਾ ਜਾਵੇ। ਕੋਈ ਵੀ ਅਧਿਕਾਰੀ ਕਿਸੇ ਕਿਸਮ ਦਾ ਦਬਾਅ ਬਣਾ ਕੇ ਅਧਿਆਪਕਾਂ ਨੂੰ ਮਾਨਸਿਕ ਤੋਰ ਤੇ ਤੰਗ ਪ੍ਰੇਸਾ਼ਨ ਨਾ ਕਰੇ।