ਵੱਡੀ ਖ਼ਬਰ: ਕੰਪਿਊਟਰ ਅਧਿਆਪਕਾਂ ਨੇ ਘੇਰੀ CM ਮਾਨ ਦੀ ਰਿਹਾਇਸ਼, ਪੁਲਿਸ ਨਾਲ ਹੋਈ ਧੱਕਾ-ਮੁੱਕੀ
Punjab News: ਪੰਜਾਬ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀ ਮੰਗਾਂ ਨੂੰ ਲੈ ਕੇ ਸੰਗਰੂਰ ‘ਚ ਮੁੱਖ ਮੰਤਰੀ ਭਗਵੰਤ ਮਾਨ ਦੇ ਘਰ ਬਾਹਰ ਫਿਰ ਤੋਂ ਧਰਨਾ ਲਗਾਇਆ ਗਿਆ।
ਜਿੱਥੇ ਕਿ ਕੰਪਿਊਟਰ ਅਧਿਆਪਕਾਂ ਅਤੇ ਪੁਲਿਸ ਦੀ ਆਪਸੀ ਧੱਕਾ ਮੁੱਕੀ ਹੋਈ, ਉੱਥੇ ਹੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੰਪਿਊਟਰ ਅਧਿਆਪਕਾਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀ ਮੁੱਖ ਮੰਗ ਹੈ ਕਿ ਉਹਨਾਂ ਨੂੰ ਸਿੱਖਿਆ ਵਿਭਾਗ ਦੇ ਅਧੀਨ ਕੀਤਾ ਜਾਵੇ ਅਤੇ ਛੇਵਾਂ ਕਮਿਸ਼ਨ ਵੀ ਲਾਗੂ ਕੀਤਾ ਜਾਵੇ ਪਰ ਹੁਣ ਤੱਕ ਉਹਨਾਂ ਦੀ ਕੋਈ ਵੀ ਮੰਗ ਨੂੰ ਸਰਕਾਰ ਵੱਲੋਂ ਪੂਰਾ ਨਹੀਂ ਕੀਤਾ ਗਿਆ ਹੈ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਪਿਛਲਾ ਧਰਨਾ ਜੋ ਕਿ ਲੰਬੇ ਸਮੇਂ ਚੱਲਿਆ ਸੀ, ਉਸ ਨੂੰ 9 ਮਾਰਚ ਉਹਨਾਂ ਨੇ ਆਸਵਾਸਨ ਨਾਲ ਚੁੱਕਿਆ ਸੀ ਕਿ ਸਰਕਾਰ ਦੇ ਨੁਮਾਇੰਦੇ ਅਮਨ ਅਰੋੜਾ ਨੇ ਕਿਹਾ ਸੀ ਕਿ ਉਹਨਾਂ ਦੀ ਮੰਗਾਂ ਨੂੰ ਮੰਨ ਲਿਆ ਜਾਵੇਗਾ ਅਤੇ ਜਲਦ ਤੋਂ ਜਲਦ ਉਹਨਾਂ ਨੂੰ ਸਿੱਖਿਆ ਵਿਭਾਗ ਦੇ ਅਧੀਨ ਕਰ ਦਿੱਤਾ ਜਾਵੇਗਾ।
ਪਰ 9 ਮਾਰਚ ਤੋਂ ਲੈ ਕੇ ਹੁਣ ਤੱਕ ਉਨਾਂ ਨੂੰ ਹਰ ਮੀਟਿੰਗ ਦੇ ਵਿੱਚ ਸਿਰਫ ਲਾਰੇ ਹੀ ਮਿਲੇ ਹਨ ਹੋਰ ਕੁਝ ਨਹੀਂ ਮਿਲਿਆ। ਜਿਸ ਦੇ ਅਧੀਨ ਉਹਨਾਂ ਨੇ ਫੈਸਲਾ ਲਿਆ ਸੀ ਕਿ ਸਮੂਹ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਦੇ ਘਰ ਬਾਹਰ ਧਰਨਾ ਲਗਾਉਣਗੇ ਅਤੇ ਉਨਾਂ ਨੂੰ ਯਾਦ ਕਰਵਾਉਣਗੇ ਕਿ ਉਹਨਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਜਾਵੇ।
ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੁਲਿਸ ਉਹਨਾਂ ਨਾਲ ਜੋ ਅੱਜ ਧੱਕਾ ਕਰ ਰਹੀ ਹੈ। ਇਹ ਪੁਲਿਸ ਸਿਰਫ ਪੰਜਾਬ ਦੇ ਮੁੱਖ ਮੰਤਰੀ ਜਾਂ ਬਾਕੀ ਮੰਤਰੀਆਂ ਐਮਐਲਏਆਂ ਦੀ ਰਾਖੀ ਕਰਨ ਲਈ ਹੈ ਪਰ ਲੋਕਾਂ ਦੇ ਟੈਕਸ ਦੇ ਪੈਸੇ ਤੋਂ ਤਨਖਾਹ ਉਹ ਆਮ ਜਨਤਾ ਤੋਂ ਲੈ ਰਹੇ ਹਨ। ਪੁਲਿਸ ਦੇ ਰਵਈਏ ਤੋਂ ਉਹ ਨਾਖੁਸ਼ ਹਨ ਅਤੇ ਉਹਨਾਂ ਨੇ ਹੀ ਅਪੀਲ ਕੀਤੀ ਹੈ ਕਿ ਜਲਦ ਤੋਂ ਜਲਦ ਉਹਨਾਂ ਦੀ ਮੰਗਾਂ ਨੂੰ ਪੂਰਾ ਕੀਤਾ ਜਾਵੇ।
ਜਿਸ ਦੇ ਵਿੱਚ ਛੇਵੇਂ ਪੇ ਕਮਿਸ਼ਨ ਦੀ ਗੱਲ ਹੈ ਅਤੇ ਸਿੱਖਿਆ ਵਿਭਾਗ ਦੇ ਵਿੱਚ ਉਹਨਾਂ ਨੂੰ ਮਰਜ ਕਰਨ ਦੀ ਹੈ। ਉਹਨਾਂ ਇਹ ਵੀ ਕਿਹਾ ਕਿ ਜੇਕਰ ਪੰਜਾਬ ਸਰਕਾਰ ਇਸੇ ਤਰ੍ਹਾਂ ਉਹਨਾਂ ਨੂੰ ਲਾਰੇ ਲਗਾਉਂਦੀ ਰਹੇਗੀ ਤਾਂ ਉਹ ਆਪਣੇ ਧਰਨੇ ਨੂੰ ਪਹਿਲਾਂ ਵਾਂਗ ਹੀ ਪੱਕੇ ਮੋਰਚੇ ਦੇ ਰੂਪ ਦੇ ਵਿੱਚ ਲਗਾ ਦੇਣਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਸੰਘਰਸ਼ ਨੂੰ ਹੋਰ ਵੀ ਤੇਜ਼ ਕਰ ਸਕਦੇ ਹਨ ਕਿਉਂਕਿ ਜੇਕਰ ਸਰਕਾਰ ਉਹਨਾਂ ਦੀ ਮੰਗਾਂ ਨੂੰ ਨਹੀਂ ਮੰਨੇਗੀ ਤਾਂ ਧਰਨੇ ਤੋਂ ਬਿਨ੍ਹਾਂ ਉਹਨਾਂ ਕੋਲ ਹੋਰ ਕੋਈ ਹੱਲ ਨਹੀਂ ਹੈ।

