Punjab Flood- ਹਾਲ-ਏ-ਬਦਲਾਅ ਹਕੂਮਤ! ਹੜ੍ਹਾਂ ‘ਚ ਗੋਤੇ ਖਾਂਦੀ ਜ਼ਿੰਦਗੀ ਨੂੰ ਮਹੀਨੇ ਬਾਅਦ ਮਿਲੀ ਟੁੱਟੀ ਬੇੜੀ ਨੂੰ ਨਾ ਮਲਾਹ ਮਿਲਿਆ-ਨਾ ਚੱਪੂ
ਬੇੜੀ ਟੁੱਟੀ,ਮਲਾਹ ਅਤੇ ਚੱਪੂ ਨਾ ਹੋਣ ਕਰਕੇ ਲੋਕਾਂ ਦੀ ਜਾਨ ਨੂੰ ਬਣਿਆ ਹੋਇਆ ਹੈ ਖ਼ਤਰਾ!
200 ਮੀਟਰ ਦੇ ਰੱਸੇ ਨਾਲ ਬੇੜੀ ਖਿੱਚ ਕੇ ਲੈਣ ਕੇ ਜਾਂਦੇ, ਹੜ੍ਹਾਂ ‘ਚ ਘਿਰੇ ਲੋਕ!
ਧਿਆਨ ਵਿੱਚ ਲਿਆਉਣ ਤੇ ਡੀਸੀ ਅਤੇ ਐਸਡੀਐਮ ਵੱਲੋਂ ਤੁਰੰਤ ਬੇੜੀ ਬਦਲਣ ਦੇ ਨਿਰਦੇਸ਼!
ਫਾਜ਼ਿਲਕਾ (ਪਰਮਜੀਤ ਢਾਬਾਂ)
ਪਹਿਲਾਂ ਜੁਲਾਈ ਮਹੀਨੇ ਪਈ ਭਾਰੀ ਬਾਰਿਸ਼ ਅਤੇ ਹੁਣ ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਸਰਹੱਦੀ ਖੇਤਰ ‘ਚ ਵਗਦੇ ਸਤਲੁਜ ਦਰਿਆ ‘ਚ ਪਾਣੀ ਜੁਲਾਈ ਮਹੀਨੇ ਤੋਂ ਆਉਣ ਕਾਰਨ ਫਾਜ਼ਿਲਕਾ ਦੇ ਸਰਹੱਦੀ ਪਿੰਡ ਘੁਰਕਾ,ਵੱਲ੍ਹੇ ਸ਼ਾਹ ਉਤਾੜ,ਘੁਰਕਾ ਢਾਣੀ,ਢਾਣੀ ਨੂਰ ਸਮੰਦ,ਢਾਣੀ ਹਸਤਾ ਕਲਾਂ ਢਾਣੀ ਤੇਜਾ ਸਿੰਘ, ਢਾਣੀ ਭਗਵਾਨ ਸਿੰਘ ਅਤੇ ਢਾਣੀ ਬਚਿੱਤਰ ਸਿੰਘ ਦੇ ਸਰਹੱਦੀ ਲੋਕਾਂ ਨੂੰ ਜਿੱਥੇ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉੱਥੇ ਹੀ ਉਹਨਾਂ ਦੀ ਸੈਂਕੜੇ ਏਕੜ ਫਸਲ ਡੁੱਬ ਕੇ ਤਬਾਹ ਹੋ ਚੁੱਕੀ ਹੈ। ਸਰਹੱਦ ‘ਤੇ ਵੱਸੇ ਇਹਨਾਂ ਢਾਣੀਆਂ ਤੇ ਪਿੰਡਾਂ ਦੀ ਵੱਡੀ ਤ੍ਰਾਸਦੀ ਇਹ ਹੈ ਕਿ ਇਹਨਾਂ ਨੂੰ ਜਾਣ ਵਾਲੇ ਰਸਤਿਆਂ ਅਤੇ ਜ਼ਮੀਨਾਂ ‘ਚ ਪਾਣੀ ਜ਼ਿਆਦਾ ਭਰ ਜਾਣ ਨਾਲ ਇਹ ਪੈਦਲ ਚੱਲ ਕੇ ਵੀ ਨਹੀਂ ਜਾ ਸਕਦੇ ਅਤੇ ਇਹਨਾਂ ਨੂੰ ਆਪਣੇ ਘਰਾਂ ਵਿੱਚ ਜਾਣ ਲਈ ਬੇੜੀ ਦੀ ਜਰੂਰਤ ਪੈਂਦੀ ਹੈ।
ਜ਼ਿੰਦਗੀ ਦੇ ਪਹੀਏ ਨੂੰ ਚੱਲਦਾ ਰੱਖਣ ਲਈ ਮੁਸੀਬਤਾਂ ਵਿੱਚੋਂ ਲੰਘਦਿਆਂ ਇਹਨਾਂ ਸਰਹੱਦੀ ਲੋਕਾਂ ਨੇ ਆਪਣੀ ਲੋੜ ਸਮਝਦਿਆਂ ਬੇੜੀ ਮੰਗਵਾਉਣ ਲਈ ਬੀਤੀ 18 ਜੁਲਾਈ ਨੂੰ ਐਸਡੀਐਮ ਫਾਜ਼ਿਲਕਾ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ। ਐਸਡੀਐਮ ਮੈਡਮ ਵੀਰਪਾਲ ਵੱਲੋਂ ਤਹਿਸੀਲਦਾਰ ਨੂੰ ਉਹ ਲਿਖਤੀ ਦਰਖਾਸਤ ਫਾਰਵਰਡ ਕਰ ਦਿੱਤੀ ਜਾਂਦੀ ਹੈ ਅਤੇ ਬੇੜੀ ਮੁਹੱਈਆ ਕਰਵਾਉਣ ਦੀ ਰਿਪੋਰਟ ਮੰਗਵਾਈ ਜਾਂਦੀ ਹੈ।
ਇਸ ਤੋਂ ਬਾਅਦ ਸੰਬੰਧਿਤ ਪਟਵਾਰੀ ਵੱਲੋਂ ਇਹ ਰਿਪੋਰਟ ਕਰ ਦਿੱਤੀ ਜਾਂਦੀ ਹੈ ਕਿ ਇਹਨਾਂ ਸਰਹੱਦੀ ਲੋਕਾਂ ਨੂੰ ਆਪਣੇ ਘਰਾਂ ਵਿੱਚ ਜਾਣ ਅਤੇ ਇਹਨਾਂ ਦੇ ਸਕੂਲੀ ਬੱਚਿਆਂ ਨੂੰ ਸਕੂਲ ਵਿੱਚ ਜਾਣ ਲਈ ਬੇੜੀ ਦੀ ਜਰੂਰਤ ਹੈ। ਪ੍ਰੰਤੂ 20 ਦਿਨ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਸਰਹੱਦੀ ਲੋਕਾਂ ਨੂੰ ਜੋ ਕਿ ਹਰ ਰੋਜ਼ ਚਾਰ ਪੰਜ ਫੁੱਟ ਵਗਦੇ ਪਾਣੀ ਵਿੱਚੋਂ ਲੰਘ ਕੇ ਜਾਂਦੇ ਹਨ ਇਹਨਾਂ ਨੂੰ ਬੇੜੀ ਦੇਣ ਲਈ ਕੋਈ ਵਾਟ ਨਹੀਂ ਪੁੱਛਦਾ।
ਇਸ ਸਬੰਧੀ ਪਿੰਡ ਦੇ ਲੋਕਾਂ ਵੱਲੋਂ 13 ਅਗਸਤ ਨੂੰ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਨੂੰ ਜਾਣੂ ਕਰਵਾਇਆ ਜਾਂਦਾ ਹੈ, ਤਾਂ ਉਹਨਾਂ ਵੱਲੋਂ ਤੁਰੰਤ ਐਕਸ਼ਨ ਲੈਣ ‘ਤੇ ਉਸੇ ਦਿਨ ਹੀ ਬੇੜੀ ਮਿਲ ਜਾਂਦੀ ਹੈ। ਅੱਜ ਇਹਨਾਂ ਸਰਹੱਦੀ ਖੇਤਰ ਦੇ ਲੋਕਾਂ ਨੇ ਆਪਣੀ ਦਾਸਤਾਨ ਸੁਣਾਉਂਦਿਆਂ ਦੱਸਿਆ ਕਿ ਉਹਨਾਂ ਨੂੰ ਬੇੜੀ ਤਾਂ ਮਿਲੀ, ਪ੍ਰੰਤੂ ਉਹ ਵੀ ਟੁੱਟੀ ਹੋਈ। ਉਸ ਤੋਂ ਬਾਅਦ ਨਾ ਮਲਾਹ ਮਿਲਿਆ ਤੇ ਨਾ ਚੱਪੂ। ਉਹ ਆਪਣੇ ਪੱਲਿਓਂ ਰੱਸਾ ਲਿਆ ਕੇ 200 ਮੀਟਰ ਦੀ ਦੂਰੀ ਤੋਂ ਬੇੜੀ ਨੂੰ ਖਿੱਚ ਕੇ ਲੈ ਕੇ ਜਾਂਦੇ ਹਨ ਅਤੇ ਲੇ ਕੇ ਆਉਂਦੇ ਹਨ।
ਸਰਹੱਦੀ ਵਾਸੀ ਨਜ਼ਾਬਤ ਸਿੰਘ ਸਾਬਕਾ ਸਰਪੰਚ ਹਸਤਾ ਕਲਾਂ,ਗੁਰਨਾਮ ਸਿੰਘ,ਭਗਵਾਨ ਸਿੰਘ,ਰਾਜ ਸਿੰਘ,ਭੋਲਾ ਸਿੰਘ,ਮਨਜੀਤ ਕੌਰ,ਹਰਬੰਸ ਸਿੰਘ ਬਲਵੰਤ ਸਿੰਘ ਅਤੇ ਰਾਜ ਸਿੰਘ ਨੇ ਦੱਸਿਆ ਕਿ ਉਹ ਆਪਣੀ ਜ਼ਿੰਦਗੀ ਗੋਤੇ ਖਾ ਖਾ ਕੇ ਜੀ ਰਹੇ ਹਨ ਅਤੇ ਉਹਨਾਂ ਦੀ ਕੋਈ ਸਾਰ ਲੈਣ ਲਈ ਤਿਆਰ ਨਹੀਂ।
ਉਹਨਾਂ ਆਪਣੀ ਦਰਦ ਭਰੀ ਵਿਥਿਆ ਬਿਆਨ ਕਰਦੇ ਹੋਏ ਕਿਹਾ ਕਿ ਦੋ ਸਾਲ ਪਹਿਲਾਂ ਵੀ ਜਦੋਂ ਹੜ੍ਹਾਂ ਦੀ ਮਾਰ ਹੇਠ ਉਹ ਆ ਗਏ ਸਨ, ਤਾਂ ਉਹ ਅਜੇ ਤੱਕ ਉੱਪਰ ਨਹੀਂ ਉੱਠ ਸਕੇ ਸਨ ਕਿ ਦੁਬਾਰਾ ਫਿਰ ਹੜ ਆਉਣ ਨਾਲ ਉਹਨਾਂ ਦੀ ਫਸਲ ਵੀ ਤਬਾਹ ਹੋ ਗਈ ਅਤੇ ਉਹ ਘਰੋਂ ਵੀ ਬੇਕਾਰ ਹੋਣ ਲੱਗੇ। ਭੁੱਖੇ ਢਿੱਡੀ ਮਰੀਆਂ ਆਂਦਰਾਂ ਦੀ ਹਾਲਤ ਵਿੱਚ ਆਪਣਾ ਦਰਦ ਬਿਆਨ ਕਰਦਿਆਂ ਅੱਧ ਨੰਗੇ ਗਰੀਬ ਮਜ਼ਦੂਰਾਂ ਨੇ ਦੱਸਿਆ ਕਿ ਉਹ ਹੁਣ ਇੱਕ ਵਕਤ ਦੀ ਰੋਟੀ ਖਾ ਕੇ ਗੁਜ਼ਾਰਾ ਕਰਨ ਲਈ ਮਜਬੂਰ ਹਨ।
ਉਹਨਾਂ ਦੇ ਪਸ਼ੂ ਵੀ ਹੁਣ ਤਾਂ ਭੁੱਖੇ ਮਰਨ ਲਈ ਮਜ਼ਬੂਰ ਹਨ। ਉਹਨਾਂ ਕਿਹਾ ਕਿ ਸੱਤਾ ਧਿਰ ਵੱਲੋਂ ਅਜੇ ਤੱਕ ਉਹਨਾਂ ਦੀ ਵਾਟ ਪੁੱਛਣ ਲਈ ਕੋਈ ਨਹੀਂ ਬਹੁੜਿਆ। ਉਹਨਾਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਨੂੰ ਸਹੀ ਬੇੜੀ, ਚੱਪੂ ਅਤੇ ਬੇੜੀ ਨੂੰ ਚਲਾਉਣ ਵਾਲਾ ਤਜ਼ਰਬੇਕਾਰ ਮਲਾਹ ਦਿੱਤਾ ਜਾਵੇ ਤਾਂ ਕਿ ਉਹ ਆਪਣੀ ਜ਼ਿੰਦਗੀ ਪਾਣੀ ‘ਚ ਗੋਤੇ ਖਾਂਦਿਆ ਹੀ ਸਹੀਂ, ਪਰ ਜੀਅ ਤਾਂ ਸਕਣ।
ਅੱਕੇ ਹੋਏ ਸਰਹੱਦੀ ਖੇਤਰ ਦੇ ਲੋਕਾਂ ਨੇ ਕਿਹਾ ਕਿ ਜੇਕਰ ਉਹਨਾਂ ਦਾ ਜਾਨੀ ਜਾਂ ਮਾਲੀ ਕੋਈ ਨੁਕਸਾਨ ਹੁੰਦਾ ਹੈ, ਤਾਂ ਇਸ ਦਾ ਸਿੱਧੇ ਤੌਰ ਤੇ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ,ਕਿਉਂਕਿ ਉਹਨਾਂ ਵੱਲੋਂ ਲਿਖਤੀ ਦਰਖਾਸਤਾਂ ਦੇਣ ਦੇ ਬਾਵਜੂਦ ਪਹਿਲਾਂ 20 ਦਿਨ ਬਾਅਦ ਬੇੜੀ ਦਾ ਪ੍ਰਬੰਧ ਹੋਇਆ ਅਤੇ ਉਹ ਵੀ ਬੇੜੀ ਟੁੱਟੀ ਹੋਈ, ਬਿਨਾਂ ਮਲਾਹ ਅਤੇ ਬਿਨਾਂ ਚੱਪੂਆਂ ਤੋਂ ਦਿੱਤੀ ਗਈ ਹੈ।
ਇਸ ਸਬੰਧੀ ਜਦੋਂ ਧਿਆਨ ਜ਼ਿਲੇ ਦੀ ਡਿਪਟੀ ਕਮਿਸ਼ਨਰ ਮੈਡਮ ਅਮਰਪ੍ਰੀਤ ਕੌਰ ਸੰਧੂ ਨੂੰ ਦਿਵਾਇਆ ਗਿਆ ਤਾਂ ਉਹਨਾਂ ਤੁਰੰਤ ਐਸਡੀਐਮ ਦੀ ਡਿਊਟੀ ਲਗਾ ਕੇ ਬੇੜੀ ਨੂੰ ਬਦਲਣ ਦੇ ਆਦੇਸ਼ ਦੇ ਦਿੱਤੇ। ਇਸ ਸਬੰਧੀ ਐਸਡੀਐਮ ਵੀਰਪਾਲ ਨੇ ਕਿਹਾ ਕਿ ਉਹਨਾਂ ਦੇ ਧਿਆਨ ਵਿੱਚ ਤੁਹਾਡੇ ਵੱਲੋਂ ਹੁਣ ਲਿਆਂਦਾ ਗਿਆ ਹੈ ਅਤੇ ਉਹ ਤੁਰੰਤ ਇਸ ਬੇੜੀ ਨੂੰ ਬਦਲਣ ਗਏ ਅਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਹਰ ਸਹੂਲਤ ਮੁਹੱਈਆ ਕਰਾਉਣ ਲਈ ਉਨਾਂ ਤੱਕ ਪਹੁੰਚ ਕਰਨਗੇ।

