Breaking: ਪੰਜਾਬ ‘ਚ ਭਾਜਪਾ ਆਗੂਆਂ ਦੀ ਗ੍ਰਿਫ਼ਤਾਰੀ ‘ਤੇ SSP ਦਾ ਵੱਡਾ ਬਿਆਨ, ਕਿਹਾ- ਡਾਟਾ ਚੋਰੀ ਕਰਨ ਵਾਲਿਆਂ ਨੂੰ ਰੋਕਿਆ
ਅਮਨ ਕਾਨੂੰਨ ਦੀ ਸਥਿਤੀ ਭੰਗ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਰੋਕਿਆ
ਲੋਕਾਂ ਦਾ ਨਿੱਜੀ ਡਾਟਾ ਇਕੱਠਾ ਕਰਨ ਦੇ ਮਾਮਲੇ ਦੀ ਜਾਂਚ ਲਈ ਕਮੇਟੀ ਗਠਿਤ
ਅਬੋਹਰ
ਬੱਲੂਆਣਾ ਵਿਧਾਨ ਸਭਾ ਹਲਕੇ ਵਿਚ ਅੱਜ ਕੁਝ ਭਾਜਪਾ ਆਗੂਆਂ ਨੂੰ ਪਿੰਡ ਰਾਏਪੁਰਾ ਜਾਣ ਤੋਂ ਪੁਲਿਸ ਵੱਲੋਂ ਰੋਕਿਆ ਗਿਆ ਕਿਉਂਕਿ ਇਹ ਲੋਕ ਉਥੇ ਇਕ ਅਜਿਹਾ ਕੈਂਪ ਲਗਾਉਣ ਜਾ ਰਹੇ ਸਨ ਜਿਸ ਵਿਚ ਲੋਕਾਂ ਦਾ ਨਿੱਜੀ ਡਾਟਾ ਇੱਕਤਰ ਕੀਤਾ ਜਾਣਾ ਸੀ। ਇਹ ਜਾਣਕਾਰੀ ਫਾਜ਼ਿਲਕਾ ਦੇ ਐਸਐਸਪੀ ਗੁਰਮੀਤ ਸਿੰਘ ਨੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਮਨ ਕਾਨੂੰਨ ਦੀ ਸਥਿਤੀ ਬਹਾਲ ਰੱਖਣ ਦੇ ਮੱਦੇ ਨਜ਼ਰ ਅਤੇ ਲੋਕਾਂ ਦੇ ਨਿੱਜੀ ਡਾਟੇ ਦੀ ਸੁਰੱਖਿਆ ਲਈ ਇਹ ਕਰਨਾ ਜਰੂਰੀ ਸੀ।
ਉਨ੍ਹਾਂ ਆਖਿਆ ਕਿ ਸਰਕਾਰ ਵੱਲੋਂ ਪਹਿਲਾਂ ਹੀ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ 2023 ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਹਦਾਇਤ ਹੋਈ ਹੈ ਅਤੇ ਇਸ ਕਾਨੂੰਨ ਤਹਿਤ ਲੋਕਾਂ ਦਾ ਨਿੱਜੀ ਡਾਟਾ ਇੱਕਤਰ ਕਰਨਾ ਗੈਰਕਾਨੂੰਨੀ ਹੈ। ਇਸ ਸਬੰਧੀ ਇਕ ਕਮੇਟੀ ਵੀ ਗਠਿਤ ਕੀਤੀ ਗਈ ਹੈ ਜਿਸ ਵਿਚ ਐਸਡੀਐਮ ਅਬੋਹਰ, ਡੀਐਸਪੀ ਬੱਲੂਆਣਾ ਅਤੇ ਐਚ ਐਚ ਓ ਥਾਣਾ ਸਦਰ ਅਬੋਹਰ ਸ਼ਾਮਿਲ ਹਨ ਜੋ ਕਿ ਇਸ ਤਰਾਂ ਦੇ ਮਾਮਲੇ ਦੀ ਜਾਂਚ ਕਰ ਰਹੇ ਹਨ।
ਜਿਕਰਯੋਗ ਹੈ ਕਿ ਇਸ ਸਬੰਧੀ ਇਕ ਸ਼ਿਕਾਇਤ ਵੀ ਪ੍ਰਾਪਤ ਹੋਈ ਹੈ ਜਿਸ ਵਿਚ ਸ਼ਿਕਾਇਤਕਰਤਾ ਨੇ ਪਿੰਡ ਰਾਏ ਪੁਰਾ ਵਿਚ ਇਕ ਕੈਂਪ ਵਿਚ ਲੋਕਾਂ ਦਾ ਡਾਟਾ ਇੱਕਤਰ ਕਰਨ ਬਾਰੇ ਦੋਸ਼ ਲਗਾਇਆ ਹੈ। ਉਕਤ ਕਮੇਟੀ ਵੱਲੋਂ ਵੀ ਇਸ ਦਰਖਾਸਤ ਦੀ ਪੜਤਾਲ ਕੀਤੀ ਜਾ ਰਹੀ ਹੈ। ਉਹਨਾਂ ਇਸ ਮੌਕੇ ਇਹ ਵੀ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

