ਪੰਜਾਬ ‘ਚ ਵੱਡਾ ਧਮਾਕਾ! LPG ਟੈਂਕਰ ਫਟਣ ਕਾਰਨ 2 ਲੋਕਾਂ ਦੀ ਮੌਤ, 20 ਗੰਭੀਰ ਜ਼ਖਮੀ
Punjab News-
ਪੰਜਾਬ ਵਿੱਚ ਵੱਡਾ ਧਮਾਕਾ ਹੋਣ ਦੀ ਖਬਰ ਮਿਲੀ ਹੈ, ਜਿਸ ਕਾਰਨ 2 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ, ਹੁਸ਼ਿਆਰਪੁਰ-ਜਲੰਧਰ ਸੜਕ ‘ਤੇ ਪਿੰਡ ਮੰਡਿਆਲਾ ਨੇੜੇ ਉਦੋਂ ਵੱਡਾ ਸੜਕ ਹਾਦਸਾ ਵਾਪਰਿਆ, ਜਦੋਂ ਇੱਕ ਐਲਪੀਜੀ ਟੈਂਕਰ ਫਟ ਗਿਆ। ਇਸ ਹਾਦਸੇ ਵਿੱਚ ਲਗਭਗ 20 ਲੋਕ ਗੰਭੀਰ ਜ਼ਖਮੀ ਹੋ ਗਏ ਜਦੋਂ ਕਿ 2 ਦੀ ਮੌਤ ਹੋ ਗਈ।
ਸਾਰੇ ਜ਼ਖਮੀਆਂ ਨੂੰ ਤੁਰੰਤ ਸਿਵਲ ਹਸਪਤਾਲ, ਹੁਸ਼ਿਆਰਪੁਰ ਲਿਜਾਇਆ ਗਿਆ ਅਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਘਟਨਾ ਦੀ ਗੰਭੀਰਤਾ ਨੂੰ ਦੇਖਦੇ ਹੋਏ, ਹੁਸ਼ਿਆਰਪੁਰ ਫਾਇਰ ਬ੍ਰਿਗੇਡ ਤੋਂ ਇਲਾਵਾ, ਦਸੂਹਾ, ਫਗਵਾੜਾ ਅਤੇ ਜਲੰਧਰ ਤੋਂ ਵਾਧੂ ਫਾਇਰ ਟੈਂਡਰ ਵੀ ਬੁਲਾਏ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਵਿਧਾਇਕ ਬ੍ਰਹਮ ਸ਼ੰਕਰ ਜਿੰਪਾ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਮੌਕੇ ‘ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ।
ਉਨ੍ਹਾਂ ਭਰੋਸਾ ਦਿੱਤਾ ਕਿ ਪ੍ਰਸ਼ਾਸਨ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰ ਰਿਹਾ ਹੈ। ਕਿਸੇ ਹੋਰ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਜਿਸ ਸੜਕ ‘ਤੇ ਹਾਦਸਾ ਹੋਇਆ, ਉਸ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ।
ਇਸ ਦੇ ਨਾਲ ਹੀ ਐਸਡੀਆਰਐਫ ਦੀ ਟੀਮ ਨੂੰ ਵੀ ਮੌਕੇ ‘ਤੇ ਤਾਇਨਾਤ ਕਰ ਦਿੱਤਾ ਗਿਆ ਹੈ, ਜੋ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਹੀ ਹੈ।

