ਪੰਜਾਬ ‘ਚ ਖਤਰੇ ਦੇ ਬੱਦਲ, ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚੇਤਾਵਨੀ
ਚੰਡੀਗੜ੍ਹ
ਪੰਜਾਬ ਵਿੱਚ ਹੜਾਂ ਨੇ ਤਬਾਹੀ ਮਚਾਈ ਹੋਈ ਹੈ ਉਥੇ ਹੀ ਦੂਜੇ ਪਾਸੇ ਪੰਜਾਬ ਦੇ ਅੰਦਰ ਹੁਣ ਖਤਰੇ ਦੇ ਬੱਦਲ ਮੰਡਰਾਉਣੇ ਸ਼ੁਰੂ ਹੋ ਗਏ ਹਨ। ਦਰਅਸਲ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਵਿੱਚ ਭਾਰੀ ਮੀਂਹ ਪੈਣ ਬਾਰੇ ਅਲਰਟ ਜਾਰੀ ਕਰ ਦਿੱਤਾ ਹੈ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਅੱਜ ਅਤੇ ਅਗਲੇ ਤਿੰਨ ਦਿਨ ਪੰਜਾਬ ਵਿੱਚ ਖ਼ਤਰਨਾਕ ਹਨ। ਮੌਸਮ ਵਿਭਾਗ ਵੱਲੋਂ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਪਠਾਨਕੋਟ, ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਮੀਂਹ ਪੈਣ ਬਾਰੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿੱਚ ਚੰਗੀ ਬਾਰਿਸ਼ ਹੋਣ ਦੀ ਉਮੀਦ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਮੋਹਾਲੀ, ਰੂਪਨਗਰ, ਸ਼ਹੀਦ ਭਗਤ ਸਿੰਘ ਨਗਰ ਅਤੇ ਹੁਸ਼ਿਆਰਪੁਰ ਵਿੱਚ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
ਪਰ ਪੰਜਾਬ ਦੇ ਨਾਲ-ਨਾਲ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਜੰਮੂ-ਕਸ਼ਮੀਰ ਅਤੇ ਹਿਮਾਚਲ ਵਿੱਚ ਦੁਬਾਰਾ ਭਾਰੀ ਬਾਰਿਸ਼ ਹੁੰਦੀ ਹੈ ਤਾਂ ਪੰਜਾਬ ਨੂੰ ਸਿੱਧਾ ਨੁਕਸਾਨ ਝੱਲਣਾ ਪਵੇਗਾ। ਹਾਲਾਂਕਿ ਬੀਤੇ ਕੱਲ੍ਹ ਵੀਰਵਾਰ ਨੂੰ ਸੂਬੇ ਵਿੱਚ ਕਿਤੇ ਵੀ ਮੀਂਹ ਨਹੀਂ ਪਿਆ। ਜਿਸ ਕਾਰਨ ਰਾਵੀ ਦੇ ਪਾਣੀ ਦਾ ਪੱਧਰ ਵੀ ਥੋੜ੍ਹਾ ਘੱਟ ਗਿਆ ਹੈ।
ਡੈਮਾਂ ਤੋਂ ਪਾਣੀ ਛੱਡੇ ਜਾਣ ਕਾਰਨ ਸੱਤ ਜ਼ਿਲ੍ਹਿਆਂ ਵਿੱਚ ਸਥਿਤੀ ਗੰਭੀਰ ਹੋ ਗਈ ਹੈ। ਵੀਰਵਾਰ ਦੁਪਹਿਰ ਨੂੰ ਪੌਂਗ ਡੈਮ ਦੇ ਹੜ੍ਹ ਵਾਲੇ ਗੇਟ ਖੋਲ੍ਹਣੇ ਪਏ, ਕਿਉਂਕਿ ਵੀਰਵਾਰ ਸਵੇਰੇ ਪਾਣੀ ਦਾ ਪੱਧਰ 1390 ਫੁੱਟ ਦੇ ਖ਼ਤਰੇ ਦੇ ਨਿਸ਼ਾਨ ਤੋਂ ਵੱਧ ਕੇ 1396 ਫੁੱਟ ਹੋ ਗਿਆ ਸੀ।

