ਲੈਕਚਰਾਰਾਂ ਦੀਆਂ ਖਾਲੀ ਪਈਆਂ ਸਾਰੀਆਂ ਅਸਾਮੀਆਂ ਤੇ ਪ੍ਰਮੋਸ਼ਨਾਂ ਕਰਨ ਦੀ ਮੰਗ – ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਵਲੋਂ ਪ੍ਰਮੋਟ ਹੋਏ ਸਾਰੇ ਲੈਕਚਰਾਰਾਂ ਨੂੰ ਮੁਬਾਰਕਾਂ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਮਾਸਟਰ ਕੇਡਰ ਤੋਂ ਵੱਖ ਵੱਖ ਵਿਸ਼ਿਆਂ ਦੇ ਲੈਕਚਰਾਰ ਕੇਡਰ ਦੀਆਂ ਪਦ ਉਨਤੀਆਂ ਕੀਤੀਆਂ ਗਈਆਂ ਹਨ। ਜਿਸ ਵਿੱਚ ਲਗਭਗ 2500 ਦੇ ਕਰੀਬ ਲੈਕਚਰਾਰ ਵਜੋਂ ਪ੍ਰਮੋਟ ਹੋ ਗਏ ਹਨ।
ਇਸ ਸਬੰਧੀ ਪ੍ਰੈਸ ਨੋਟ ਜਾਰੀ ਕਰਦੇ ਹੋਏ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਰਨਲ ਸਕੱਤਰ ਗੁਰਪ੍ਰੀਤ ਸਿੰਘ ਮਾੜੀਮੇਘਾ, ਸਰਪ੍ਰਸਤ ਚਰਨ ਸਿੰਘ ਸਰਾਭਾ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ, ਸੰਜੀਵ ਸ਼ਰਮਾ, ਮਨੀਸ਼ ਸ਼ਰਮਾ, ਟਹਿਲ ਸਿੰਘ ਸਰਾਭਾ ਆਗੂਆਂ ਵੱਲੋਂ ਕਿਹਾ ਗਿਆ ਕਿ ਇਹ ਸਿੱਖਿਆ ਵਿਭਾਗ ਪੰਜਾਬ ਸਰਕਾਰ ਦਾ ਪ੍ਰਮੋਸ਼ਨਾਂ ਕਾਰਨ ਦਾ ਇੱਕ ਵਧੀਆ ਕਦਮ ਹੈ, ਜਿਸ ਦਾ ਜਥੇਬੰਦੀ ਸਵਾਗਤ ਕਰਦੀ ਹੈ ਤੇ ਉਹਨਾਂ ਪਦ ਉਨਤੀ ਹੋਏ ਲੈਕਚਰਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਉਹਨਾਂ ਮੰਗ ਕੀਤੀ ਕਿ ਇਹਨਾਂ ਪਦ ਉਨਤੀ ਹੋਏ ਲੈਕਚਰਾਰ ਨੂੰ ਜਲਦੀ ਤੋਂ ਜਲਦੀ ਸਟੇਸ਼ਨਾਂ ਦੀ ਚੋਣ ਕਰਵਾਈ ਜਾਵੇ।
ਉਹਨਾਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਅਧਿਆਪਕਾਂ ਦੀਆਂ ਪਦ ਉਨਤੀਆਂ ਨਹੀਂ ਹੋਈਆਂ ਸਨ। ਜਿਸ ਕਾਰਨ ਯੋਗ ਅਧਿਆਪਕ ਬਿਨਾਂ ਪ੍ਰਮੋਸ਼ਨ ਤੋਂ ਹੀ ਸੇਵਾ ਮੁਕਤ ਹੋ ਰਹੇ ਸਨ। ਇਸ ਸਮੇਂ ਆਗੂਆਂ ਵੱਲੋਂ ਸਿੱਖਿਆ ਵਿਭਾਗ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਨਾ ਪਦ ਉਨਤੀਆਂ ਲਈ ਮੰਗੇ ਗਏ ਕੇਸ ਫਾਈਲਾਂ ਵਿੱਚੋਂ ਅਗਲੇ ਯੋਗ ਉਮੀਦਵਾਰਾਂ ਦੀ ਵੇਟਿੰਗ ਲਿਸਟ ਤਿਆਰ ਕੀਤੀ ਜਾਵੇ ।
ਕਿਉਂਕਿ ਕਈ ਅਧਿਆਪਕਾਂ ਦਾ ਨਾਮ ਅਲੱਗ ਅਲੱਗ ਵਿਸ਼ਿਆਂ ਦੀ ਸੂਚੀ ਵਿੱਚ ਆ ਗਿਆ ਹੈ। ਉਹਨਾਂ ਵੱਲੋਂ ਕੇਵਲ ਇੱਕ ਵਿਸ਼ੇ ਦੀ ਸੂਚੀ ਵਿੱਚ ਹੀ ਬਤੌਰ ਲੈਕਚਰਾਰ ਹਾਜ਼ਰ ਹੋਇਆ ਜਾਵੇਗਾ। ਇਸ ਤੋਂ ਇਲਾਵਾ ਕਈ ਅਧਿਆਪਕ ਆਪਣੇ ਨਿੱਜੀ ਕਾਰਨਾਂ ਕਰਕੇ ਬਤੌਰ ਲੈਕਚਰ ਹਾਜ਼ਰ ਨਹੀਂ ਹੁੰਦੇ। ਜਿਸ ਨਾਲ ਇਹਨਾਂ ਕੀਤੀਆਂ ਗਈਆਂ ਪ੍ਰਮੋਸ਼ਨਾਂ ਵਿੱਚੋਂ ਬਹੁਤ ਸਾਰੀਆਂ ਅਸਾਮੀਆਂ ਫਿਰ ਖਾਲੀ ਰਹਿ ਜਾਂਦੀਆਂ ਹਨ।
ਜਥੇਬੰਦੀ ਮੰਗ ਕਰਦੀ ਹੈ ਕਿ ਵੇਟਿੰਗ ਲਿਸਟ ਤਿਆਰ ਕਰਕੇ ਅਗਲੇ ਯੋਗ ਅਧਿਆਪਕਾਂ ਨੂੰ ਬਤੌਰ ਲੈਕਚਰਾਰ ਪਦ ਉਨਤ ਕੀਤਾ ਜਾਵੇ। ਇਸ ਤੋਂ ਇਲਾਵਾ ਸਰਕਾਰੀ ਸਕੂਲਾਂ ਵਿੱਚ ਹਾਲੇ ਵੀ ਲਗਭਗ 5000 ਦੇ ਕਰੀਬ ਹੋਰ ਲੈਕਚਰਾਰ ਕਾਡਰ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜਿਸ ਉੱਪਰ ਜਲਦੀ ਤੋਂ ਜਲਦੀ ਅਗਲੇ ਅਧਿਆਪਕਾਂ ਤੋਂ ਪਦ ਉਨਤੀਆਂ ਲਈ ਕੇਸ ਮੰਗੇ ਜਾਣ ਤਾਂ ਜੋ ਇਹਨਾਂ ਸਕੂਲਾਂ ਵਿੱਚ ਪੜ੍ਹ ਰਹੇ ਬੱਚਿਆਂ ਦੀ ਸਿੱਖਿਆ ਦਾ ਗੁਣਾਤਮਕ ਪੱਖ ਹੋਰ ਉੱਚਾ ਹੋ ਸਕੇ। ਇਸ ਸਮੇਂ ਬਲਬੀਰ ਸਿੰਘ ਕੰਗ, ਪ੍ਰਧਾਨ ਧਰਮ ਸਿੰਘ ਮਲੌਦ, ਪ੍ਰਧਾਨ ਕੁਲਦੀਪ ਸਿੰਘ ਪੱਖੋਵਾਲ, ਜੋਰਾ ਸਿੰਘ ਬੱਸੀਆਂ, ਜ਼ਿਲ੍ਹਾ ਕਮੇਟੀ ਮੈਂਬਰ ਸੰਦੀਪ ਸਿੰਘ ਲਲਤੋਂ, ਜਸਵਿੰਦਰਪਾਲ ਸਿੰਘ ਆਗੂ ਹਾਜ਼ਰ ਸਨ।