ਠੇਕਾ ਮੁਲਾਜ਼ਮਾਂ ਵੱਲੋਂ ਰੈਗੂਲਰ ਮੁਲਾਜ਼ਮਾਂ ਦੀ ਹੜਤਾਲ ਵਿੱਚ ਹੋਰ ਹਮਾਇਤ ਦਾ ਐਲਾਨ
ਰੈਗੂਲਰ ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਨੂੰ ਜਲਦ ਪ੍ਰਵਾਨ ਕਰੇ ਪੰਜਾਬ ਸਰਕਾਰ:-ਆਗੂ
ਪੰਜਾਬ ਨੈੱਟਵਰਕ, ਚੰਡੀਗੜ੍ਹ-
ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਠੇਕਾ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਸੂਬਾਈ ਆਗੂਆਂ ਜਗਰੂਪ ਸਿੰਘ ਲਹਿਰਾ,ਬਲਿਹਾਰ ਸਿੰਘ ਕਟਾਰੀਆ,ਗੁਰਵਿੰਦਰ ਸਿੰਘ ਪੰਨੂੰ,ਸਿਮਰਨਜੀਤ ਸਿੰਘ ਨੀਲੋਂ,ਜਗਸੀਰ ਸਿੰਘ ਭੰਗੂ,ਖ਼ੁਸ਼ਦੀਪ ਸਿੰਘ ਭੁੱਲਰ,ਰਾਜੇਸ਼ ਕੁਮਾਰ ਮੌੜ ਅਤੇ ਬਲਵਿੰਦਰ ਸਿੰਘ ਸੈਣੀ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ/ਟ੍ਰਾਂਸਕੋ ਦੀ ਮੈਨੇਜਮੈਂਟ ਦੀਆਂ ਮੁਲਾਜ਼ਮ- ਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕਿਹਾ ਕਿ ਪਾਵਰਕਾਮ ਅਤੇ ਟ੍ਰਾਂਸਕੋ ਦੇ ਰੈਗੂਲਰ ਮੁਲਾਜ਼ਮ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈਕੇ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਸੰਘਰਸ਼ ਕਰ ਰਹੇ ਹਨ ਅਤੇ ਸਮੂਹਿਕ ਛੁੱਟੀ ਦੇਕੇ 10-11-12 ਸਤੰਬਰ ਤਿੰਨ ਰੋਜ਼ਾ ਹੜਤਾਲ ਕੀਤੀ ਜਾ ਰਹੀ ਹੈ,ਪਰ ਪੰਜਾਬ ਸਰਕਾਰ ਅਤੇ ਪਾਵਰਕਾਮ/ਟ੍ਰਾਂਸਕੋ ਦੀ ਮੈਨੇਜਮੈਂਟ ਵੱਲੋੰ ਰੈਗੂਲਰ ਮੁਲਾਜ਼ਮਾਂ ਦੀਆਂ ਸਮੂਹ ਮੰਗਾਂ ਨੂੰ ਪ੍ਰਵਾਨ ਕਰਨ ਦੀ ਬਿਜਾਏ ਮੰਗਾਂ ਨੂੰ ਅਨ-ਵੇਖਿਆ ਕੀਤਾ ਜਾ ਰਿਹਾ ਹੈ।
ਜਿਸ ਦੇ ਰੋਸ਼ ਵਜੋਂ ਰੈਗੂਲਰ ਮੁਲਾਜ਼ਮਾਂ ਵੱਲੋੰ 17 ਸਤੰਬਰ ਤੱਕ ਹੜਤਾਲ ਨੂੰ ਹੋਰ ਵਧਾ ਦਿੱਤਾ ਹੈ ਅਤੇ ਰੈਗੂਲਰ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਪੰਜਾਬ ਸਰਕਾਰ ਅਤੇ ਪਾਵਰਕਾਮ/ਟ੍ਰਾਂਸਕੋ ਦੀ ਮੈਨੇਜਮੈਂਟ ਵੱਲੋੰ ਕੀਤੀ ਜਾ ਟਾਲ-ਮਟੋਲ ਨੂੰ ਵੇਖਦੇ ਹੋਏ ‘ਤਾਲਮੇਲ ਕਮੇਟੀ’ ਦੇ ਆਗੂਆਂ ਨੇ ਰੈਗੂਲਰ ਮੁਲਾਜ਼ਮਾਂ ਦੀ ਹੜਤਾਲ ਵਿੱਚ ਹੋਰ ਵੱਧ ਹਮਾਇਤ ਦਾ ਐਲਾਨ ਕਰ ਦਿੱਤਾ ਹੈ,ਆਗੂਆਂ ਨੇ ਕਿਹਾ ਕਿ ਜਦ ਤੱਕ ਰੈਗੂਲਰ ਮੁਲਾਜ਼ਮ ਸੰਘਰਸ਼ ਜਾਰੀ ਰੱਖਣਗੇ ਓਦੋਂ ਤੱਕ ਸੰਘਰਸ਼ ਵਿੱਚ ਹਮਾਇਤ ਜਾਰੀ ਰਹੇਗੀ ਅਤੇ ਸਮੁੱਚੇ ਵਿਭਾਗ ਵਿੱਚ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਵੱਲੋੰ ਸਿਰਫ਼ ਆਪਣੀ ਬਣਦੀ ਡਿਉਟੀ ਹੀ ਕੀਤੀ ਜਾਵੇਗੀ,ਰੈਗੂਲਰ ਵਾਲਾ ਕੰਮ ਠੇਕਾ ਮੁਲਾਜ਼ਮ ਨਹੀਂ ਕਰਨਗੇ ਅਤੇ ਰੈਗੂਲਰ ਮੁਲਾਜ਼ਮਾਂ ਵੱਲੋੰ ਕੀਤੇ ਜਾ ਰਹੇ ਇਕੱਠਾ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ,ਆਗੂਆਂ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ/ਟ੍ਰਾਂਸਕੋ ਦੀ ਮੈਨੇਜਮੈਂਟ ਤੋਂ ਮੰਗ ਕੀਤੀ ਕਿ ਬਿਜਲੀ ਐਕਟ 2003 ਅਤੇ 2022 ਨੂੰ ਰੱਦ ਕੀਤਾ ਜਾਵੇ।
ਬਿਜਲੀ ਬੋਰਡ ਦੇ ਨਿਗਮੀਕਰਨ/ਨਿੰਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ,2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਪੁਰਾਣੀ ਪੈਨਸਨ ਸਕੀਮ ਤਹਿਤ ਪੈਨਸ਼ਨ ਦਿੱਤੀ ਜਾਵੇ,ਛੇਵੇ ਪੇਅ ਕਮਿਸ਼ਨ ਨੂੰ ਸਮੂਹ ਮੁਲਾਜਮਾਂ ਉੱਤੇ ਲਾਗੂ ਕੀਤਾ ਜਾਵੇ,ਡਿਸਮਿਸ ਕੀਤੇ ਮੁਲਾਜ਼ਮ ਆਗੂਆਂ ਨੂੰ ਤੁਰੰਤ ਬਹਾਲ ਕੀਤਾ ਜਾਵੇ,ਡੀ.ਏ. ਵਿੱਚ 50 ਪ੍ਰਤੀਸ਼ਤ ਕੀਤਾ ਜਾਵੇ ਅਤੇ 01-01-2016 ਤੋਂ ਪੇਅ ਸਕੇਲਾਂ ਦਾ ਬਕਾਇਆ ਤੁਰੰਤ ਰਿਲੀਜ਼ ਕੀਤਾ ਜਾਵੇ,ਪਾਵਰਕਾਮ ਵਿੱਚ ਨਵੀਆਂ ਅਸਾਮੀਆਂ ਦੀ ਰਚਨਾ ਕਰਕੇ ਮੁਲਾਜਮਾਂ ਤੇ ਪਿਆ ਵਾਧੂ ਕੰਮ ਬੋਝ ਘਟਾਇਆ ਜਾਵੇ,ਬਿਜਲੀ ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਤੇ ਪੰਜਾਬ ਸਰਕਾਰ ਦੇ ਪੁਲਿਸ ਮੁਲਾਜਮਾਂ ਵਾਂਗ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਅਤੇ ਇੱਕ ਕਰੋੜ ਰੁਪਏ ਦੀ ਆਰਥਿਕ ਮੱਦਦ ਸ਼ਹੀਦ ਪਰਿਵਾਰ ਦੇ ਦਿੱਤੀ ਜਾਵੇ,ਠੇਕਾ ਭਰਤੀ ਬੰਦ ਕਰਕੇ ਕੰਮ ਦੇ ਆਧਾਰ ਤੇ ਪੱਕੀ ਭਰਤੀ ਕੀਤੀ ਜਾਵੇ,ਮੁਲਾਜਮਾਂ ਅਤੇ ਪੈਨਸਨਰਾਂ ਦੀਆਂ ਉੱਜਰਤਾਂ ਵਿੱਚੋਂ 200/-ਮਹੀਨਾ ਜਬਰੀ ਕਟੌਤੀ ਬੰਦ ਕੀਤੀ ਜਾਵੇ,ਪਾਵਰਕਾਮ ਅਤੇ ਟ੍ਰਾਂਸਕੋ ਵਿੱਚ ਸੇਵਾਵਾਂ ਦੇ ਰਹੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ,ਸਹਾਇਕ ਲਾਈਨਮੈਨਾਂ ਨੂੰ ਪਦ-ਉੱਨਤ ਕਰਕੇ ਲਾਈਨਮੈਨ ਬਣਾਇਆ ਜਾਵੇ,01-01-2016 ਤੋਂ 30-06-2021 ਤੱਕ ਮੁਲਾਜਮਾਂ ਦੇ ਸੋਧੇ ਹੋਏ ਸਕੇਲਾਂ ਦਾ ਬਕਾਇਆ ਜਾਰੀ ਕੀਤਾ ਜਾਵੇ,ਮੁਲਾਜਮਾਂ ਦਾ 19% ਡੀ.ਏ. ਤੁਰੰਤ ਪ੍ਰਭਾਵ ਨਾਲ਼ ਜਾਰੀ ਕੀਤਾ ਜਾਵੇ, ਮ੍ਰਿਤਕ ਮੁਲਾਜਮਾਂ ਦੇ ਵਾਰਸਾਂ ਨੂੰ ਤਰਸ ਦੇ ਅਧਾਰ ਤੇ ਨੌਕਰੀ ਦਿੱਤੀ ਜਾਵੇ,ਸੇਵਾ ਮੁਕਤ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਤਹਿਤ ਦੁਬਾਰਾ ਭਰਤੀ ਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ।