ਅਧਿਆਪਕਾਂ ਨੇ ਹੜ੍ਹ ਪ੍ਰਭਾਵਿਤ ਖੇਤਰਾਂ ‘ਚ ਸੰਭਾਲੀ ਕਮਾਨ!
ਰੋਹਿਤ ਗੁਪਤਾ, ਡੇਰਾ ਬਾਬਾ ਨਾਨਕ
ਹੜ੍ਹਾਂ ਕਾਰਨ ਮਝੈਲ ਸਭ ਤੋਂ ਵੱਧ ਮਾਰੇ ਗਏ ਨੇ, ਪਰ ਹੌਂਸਲੇ ਦੇ ਨਾਲ ਸਭ ਜੀ ਵੀ ਰਹੇ ਨੇ। ਵੱਡੇ ਪੱਧਰ ‘ਤੇ ਗੁਰਦਾਸਪੁਰ, ਪਠਾਨਕੋਟ, ਅਜਨਾਲਾ, ਅੰਮ੍ਰਿਤਸਰ, ਫਿਰੋਜ਼ਪੁਰ, ਫਾਜਿਲਕਾ ਅਤੇ ਸੁਲਤਾਨਪੁਰ ਲੋਧੀ ਤੋਂ ਇਲਾਵਾ ਹੁਸਿਆਰਪੁਰ, ਕਪੂਰਥਲਾ ਆਦਿ ਵਿੱਚ ਨੁਕਸਾਨ ਫ਼ਸਲਾਂ ਅਤੇ ਘਰਾਂ ਦਾ ਹੋਇਆ ਹੈ।
ਇੱਕ ਤਸਵੀਰ ਹੁਣੇ ਹੁਣੇ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਈ ਹੈ, ਜਿੱਥੇ ਅਧਿਆਪਕਾਂ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ।
ਡੇਰਾ ਬਾਬਾ ਨਾਨਕ ਬੀ.ਡੀ.ਪੀ.ਓ. ਦਫ਼ਤਰ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਕੈਂਪਾਂ ਵਿੱਚ ਅਧਿਆਪਕ ਅਤੇ ਹੋਰਨਾਂ ਵਿਭਾਗਾਂ ਦੇ ਮੁਲਾਜ਼ਮ ਦਿਨ ਰਾਤ ਡਿਊਟੀ ਦੇ ਰਹੇ ਨੇ।
ਡੇਰਾ ਬਾਬਾ ਨਾਨਕ ਦੇ ਤਹਿਸੀਲਦਾਰ ਲਛਮਣ ਸਿੰਘ ਰੰਧਾਵਾ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਡੇਰਾ ਬਾਬਾ ਨਾਨਕ ਵਿਖੇ ਬਣਾਏ ਗਏ ਰਾਹਤ ਕੈਂਪ ਵਿੱਚ ਜਦੋਂ ਵੀ ਕੋਈ ਸਹਾਇਤਾ ਲਈ ਕਾਲ ਆਉਂਦੀ ਹੈ ਤਾਂ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਤੁਰੰਤ ਉਸ ਉੱਪਰ ਕਾਰਵਾਈ ਕੀਤੀ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਤਹਿਸੀਲ ਡੇਰਾ ਬਾਬਾ ਨਾਨਕ ਦੇ 100 ਦੇ ਕਰੀਬ ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਪਿੰਡਾਂ ਵਿੱਚ ਰਾਹਤ ਕਾਰਜ ਜਾਰੀ ਹਨ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਦੀਆਂ ਟੀਮਾਂ ਵੱਲੋਂ ਲੋੜਵੰਦਾਂ ਤੱਕ ਖਾਣ-ਪੀਣ ਦਾ ਸਮਾਨ ਪਹੁੰਚਾਉਣ ਦੇ ਨਾਲ ਪਸ਼ੂਆਂ ਲਈ ਚਾਰਾ ਵੀ ਪਹੁੰਚਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਇਹ ਕਾਰਜ ਨਿਰਵਿਘਨ ਜਾਰੀ ਰਹੇਗਾ। ਪ੍ਰਭਾਵਿਤ ਪਿੰਡਾਂ ਤੱਕ ਮੈਡੀਕਲ ਸਹਾਇਤਾ ਦੇਣ ਲਈ ਵਿਸ਼ੇਸ਼ ਮੈਡੀਕਲ ਕੈਂਪ ਵੀ ਲਗਾਏ ਜਾ ਰਹੇ ਹਨ।
ਤਹਿਸੀਲਦਾਰ ਨੇ ਦੱਸਿਆ ਕਿ ਅਧਿਆਪਕਾਂ ਨੂੰ ਪਿੰਡਾਂ ਦੇ ਸਕੂਲਾਂ, ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਥਿਤੀ ਬਾਰੇ ਪੂਰਾ ਪਤਾ ਹੈ ਅਤੇ ਮਾਲ ਮਹਿਕਮੇ ਅਤੇ ਪੰਚਾਇਤ ਮਹਿਕਮੇ ਦੇ ਅਧਿਕਾਰੀ ਤੇ ਕਰਮਚਾਰੀ ਵੀ ਆਪੋ-ਆਪਣੇ ਹਲਕਿਆਂ ਤੇ ਇਲਾਕਿਆਂ ਤੋਂ ਵਾਕਫ਼ ਹਨ। ਇਸੇ ਲਈ ਉਨ੍ਹਾਂ ਦੀ ਡਿਊਟੀ ਰਾਹਤ ਕਾਰਜ ਦੇ ਕੈਂਪ ਵਿੱਚ ਲਾਈ ਗਈ ਹੈ।

