ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ‘ਚ 138 ਨਵੇਂ ਅਫ਼ਸਰ ਤਾਇਨਾਤ

All Latest NewsHealth NewsNews FlashPunjab News

 

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਸਿਹਤ ਸਬੰਧੀ ਐਮਰਜੈਂਸੀ ਨਾਲ ਨਜਿੱਠਣ ਲਈ ਤੁਰੰਤ ਪ੍ਰਭਾਵ ਨਾਲ ਤਾਇਨਾਤੀ ਦੇ ਦਿੱਤੇ ਨਿਰਦੇਸ਼

ਚੰਡੀਗੜ੍ਹ

ਪੰਜਾਬ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਹੜ੍ਹਾਂ ਤੋਂ ਪੈਦਾ ਹੋਣ ਵਾਲੀ ਕਿਸੇ ਵੀ ਸਿਹਤ ਸਬੰਧੀ ਐਮਰਜੈਂਸੀ ਨਾਲ ਨਜਿੱਠਣ ਲਈ ਇੱਕ ਫੈਸਲਾਕੁੰਨ ਕਦਮ ਚੁੱਕਿਆ ਹੈ, ਜਿਸ ਤਹਿਤ 138 ਨਵੇਂ ਭਰਤੀ ਕੀਤੇ ਮੈਡੀਕਲ ਅਫ਼ਸਰਾਂ ਨੂੰ ਸੱਤ ਸਭ ਤੋਂ ਵੱਧ ਹੜ੍ਹ ਪ੍ਰਭਾਵਿਤ ਜ਼ਿਲਿ੍ਹਆਂ ਵਿੱਚ ਤੁਰੰਤ ਪ੍ਰਭਾਵ ਨਾਲ ਤਾਇਨਾਤ ਕੀਤਾ ਗਿਆ ਹੈ। ਫਰੰਟਲਾਈਨ ਮੈਡੀਕਲ ਮੈਨਪਾਵਰ ਦੀ ਇਹ ਰਣਨੀਤਕ ਭਰਤੀ ਲੋਕਾਂ ਦੀ ਸੁਰੱਖਿਆ ਅਤੇ ਦੇਖਭਾਲ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਕੀਤੀ ਗਈ ਹੈ।

ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਨਵੇਂ ਅਧਿਕਾਰੀਆਂ ਨੂੰ ਉਨ੍ਹਾਂ ਦੇ ਨਿਰਧਾਰਤ ਜ਼ਿਲਿ੍ਹਆਂ ਦੇ ਸਿਵਲ ਸਰਜਨਾਂ ਨੂੰ ਤੁਰੰਤ ਰਿਪੋਰਟ ਕਰਨ ਦੇ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਾਡੇ ਨਾਗਰਿਕਾਂ ਦੀ ਸਿਹਤ ਸਾਡੀ ਸਭ ਤੋਂ ਵੱਡੀ ਤੇ ਅਹਿਮ ਤਰਜੀਹ  ਹੈ। ਇਸ ਔਖੀ ਘੜੀ ਵਿੱਚ ਸਾਡੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਮੈਡੀਕਲ ਚੁਣੌਤੀਆਂ ਨਾਲ ਨਜਿੱਠਣ ਲਈ ਜ਼ਮੀਨੀ ਪੱਧਰ ’ਤੇ ਇਨ੍ਹਾਂ 138 ਡਾਕਟਰਾਂ ਦੀ ਮੌਜੂਦਗੀ ਬਹੁਤ ਅਹਿਮ ਹੈ।

ਸਥਿਤੀ ਦੀ ਗੰਭੀਰਤਾ ’ਤੇ ਜ਼ੋਰ ਦਿੰਦੇ ਹੋਏ, ਡਾ. ਬਲਬੀਰ ਸਿੰਘ ਨੇ ਕਿਹਾ ਕਿ 1000 ਮੈਡੀਕਲ ਅਫਸਰਾਂ ਦੀ ਕੁੱਲ ਭਰਤੀ ਦੇ ਪਹਿਲੇ ਪੜਾਅ ਵਿੱਚ ਕੁੱਲ 322 ਮੈਡੀਕਲ ਅਫਸਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਹੜ੍ਹਾਂ ਦੇ ਮੱਦੇਨਜ਼ਰ ਐਮਰਜੈਂਸੀ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ, 138 ਮੈਡੀਕਲ ਅਫਸਰਾਂ ਨੂੰ ਤੁਰੰਤ ਪ੍ਰਭਾਵ ਨਾਲ ਹੜ੍ਹ ਪ੍ਰਭਾਵਿਤ ਜ਼ਿਲ੍ਹੇ ਦੇ ਸਿਵਲ ਸਰਜਨ ਨੂੰ ਮਹੱਤਵਪੂਰਨ ਡਾਕਟਰੀ ਸੇਵਾਵਾਂ ਨਿਭਾਉਣ ਲਈ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿੱਚ ਸਾਡੀ ਸਿਹਤ ਸੰਭਾਲ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਜ਼ਮੀਨੀ ਪੱਧਰ ’ਤੇ ਇਨ੍ਹਾਂ ਡਾਕਟਰਾਂ ਦੀ ਮੌਜੂਦਗੀ ਬਹੁਤ ਵੱਡੇ ਅਰਥ ਰੱਖਦੀ ਹੈ।

ਉਨ੍ਹਾਂ ਦੱਸਿਆ ਕਿ ਸੂਬੇ ਵੱਲੋਂ ਕੀਤੇ ਜਾ ਰਹੇ  ਰਾਹਤ ਯਤਨਾਂ ਵਿੱਚ  ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਪੰਜਾਬ, ਨਰਸਿੰਗ ਕਾਲਜਾਂ, ਨਿੱਜੀ ਹਸਪਤਾਲਾਂ ਅਤੇ ਸਰਕਾਰੀ ਅਤੇ ਨਿੱਜੀ ਮੈਡੀਕਲ ਕਾਲਜਾਂ ਦੇ ਸਮਰਥਨ ਲਈ ਅੱਗੇ ਆਉਣ ਨਾਲ, ਇਸ ਵੱਡੇ ਮਨੁੱਖੀ ਕਾਰਜ ਬਲ ਨੂੰ ਹੋਰ ਭਰਵਾਂ ਹੰਗਾਰਾ ਮਿਲਿਆ ਹੈ ।

ਡਾ. ਬਲਬੀਰ ਸਿੰਘ ਨੇ ਖੁਲਾਸਾ ਕੀਤਾ ਕਿ ਸਿਹਤ ਵਿਭਾਗ ਨੇ 818 ਰੈਪਿਡ ਰਿਸਪਾਂਸ ਅਤੇ ਮੋਬਾਈਲ ਮੈਡੀਕਲ ਟੀਮਾਂ ਦਾ ਵਿਸ਼ਾਲ ਬੁਨਿਆਦੀ ਢਾਂਚਾ ਤਾਇਨਾਤ ਕੀਤਾ ਹੈ ,ਜੋ ਪ੍ਰਭਾਵਿਤ ਪਿੰਡਾਂ ਅਤੇ ਆਸਰਾ ਘਰਾਂ ਵਿੱਚ ਰੋਜ਼ਾਨਾ ਮੈਡੀਕਲ ਕੈਂਪ ਲਗਾ ਰਹੀਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਨਾਲ ਨਜਿੱਠਣ ਲਈ ਟੀਮਾਂ ਵੱਲੋਂ ਵੱਡੇ ਪੱਧਰ ’ਤੇ ਘਰ-ਘਰ ਜਾ ਕੇ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਜਾ ਰਹੀਆਂ ਹਨ। ਇਸ ਤੋਂ ਇਲਾਵਾ, ਪਾਣੀ ਭਰੇ ਖੇਤਰਾਂ ਵਿੱਚ ਵੈਕਟਰ –ਬੋਰਨ ਬਿਮਾਰੀਆਂ ਨੂੰ ਰੋਕਣ ਲਈ ਵਿਆਪਕ ਛਿੜਕਾਅ ਅਤੇ ਫੌਗਿੰਗ ਕੀਤੀ ਜਾ ਰਹੀ ਹੈ।

ਫੌਰੀ ਡਾਕਟਰੀ ਸਹਾਇਤਾ ਨੂੰ ਯਕੀਨੀ ਬਣਾਉਣ ਸਬੰਧੀ ਡਾ. ਬਲਬੀਰ ਸਿੰਘ ਨੇ ਕਿਹਾ ਕਿ 424 ਐਂਬੂਲੈਂਸਾਂ ਦਾ ਇੱਕ ਬੇੜਾ, ਜਿਸ ਵਿੱਚ 170 ਵਿਭਾਗ ਵੱਲੋਂ ਅਤੇ 254 ਆਈ.ਐਮ.ਏ. ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਉਪਲਬਧ ਕਰਵਾਈਆਂ ਗਈਆਂ ਹਨ, ਹੁਣ ਪ੍ਰਭਾਵਿਤ ਜ਼ਿਲਿ੍ਹਆਂ ਵਿੱਚ ਕਾਰਜਸ਼ੀਲ ਹਨ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਇਸ ਸੰਕਟਕਾਲੀ ਦੌਰ ਵਿੱਚ ਜਾਨਾਂ ਦੀ ਰੱਖਿਆ ਅਤੇ ਨਿਰਵਿਘਨ ਸਿਹਤ ਸੰਭਾਲ ਅਤੇ ਰੋਕਥਾਮ ਸੇਵਾਵਾਂ ਪ੍ਰਦਾਨ ਕਰਨ ਲਈ 24 ਘੰਟੇ ਡੱਟ ਕੇ ਕੰਮ ਕਰ ਰਿਹਾ ਹੈ।

 

Media PBN Staff

Media PBN Staff

Leave a Reply

Your email address will not be published. Required fields are marked *