ਪੰਜਾਬ ‘ਚ ਹੜ੍ਹਾਂ ਦਾ ਖ਼ਤਰਾ ਬਰਕਰਾਰ- 46 ਹੋਰ ਪਿੰਡ ਪ੍ਰਭਾਵਿਤ 

All Latest NewsNews FlashPunjab News

 

21,929 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ

196 ਰਾਹਤ ਕੈਂਪ ਸਥਾਪਤ, 7108 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਠਹਿਰਾਇਆ ਗਿਆ

ਹੁਣ ਤੱਕ 1.72 ਲੱਖ ਹੈਕਟੇਅਰ ਰਕਬੇ ਹੇਠ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪਹੁੰਚਿਆ

ਚੰਡੀਗੜ੍ਹ

ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅੱਜ ਦੱਸਿਆ ਕਿ ਪੰਜਾਬ ਅਤੇ ਉਪਰਲੇ ਪਹਾੜੀ ਖੇਤਰਾਂ ਵਿੱਚ ਮੀਂਹ ਘੱਟ ਪੈਣ ਕਾਰਨ ਸੂਬੇ ਨੂੰ ਹੜ੍ਹਾਂ ਤੋਂ ਥੋੜ੍ਹੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਤੋਂ ਮਿਲੀਆਂ ਰਿਪੋਰਟਾਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪ੍ਰਭਾਵਿਤ ਆਬਾਦੀ ਵਿੱਚ ਕੋਈ ਵਾਧਾ ਨਹੀਂ ਹੋਇਆ, ਹਾਲਾਂਕਿ ਕੁਝ ਖੇਤਰਾਂ ਵਿੱਚ ਖੇਤੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਮੇਂ ਦੌਰਾਨ ਕੋਈ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।

ਇਸ ਸਬੰਧੀ ਹੋਰ ਵੇਰਵੇ ਸਾਂਝੇ ਕਰਦਿਆਂ ਮਾਲ ਮੰਤਰੀ ਨੇ ਦੱਸਿਆ ਕਿ ਪੰਜਾਬ ਭਰ ਵਿੱਚ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ 21,929 ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਹੁਣ ਤੱਕ ਗੁਰਦਾਸਪੁਰ ਦੇ (5581) ਵਿਅਕਤੀਆਂ, ਫਿਰੋਜਪੁਰ (3840), ਫਾਜਿਲਕਾ (3953), ਅੰਮ੍ਰਿਤਸਰ (2734), ਪਠਾਨਕੋਟ (1139), ਹੁਸ਼ਿਆਰਪੁਰ (1615), ਕਪੂਰਥਲਾ (1428), ਜਲੰਧਰ (511), ਬਰਨਾਲਾ (539), ਮਾਨਸਾ (178), ਮੋਗਾ (145), ਰੂਪਨਗਰ (245) ਅਤੇ ਤਰਨ ਤਾਰਨ ਦੇ (21) ਵਿਅਕਤੀਆਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ।

ਉਨ੍ਹਾਂ ਦੱਸਿਆ ਕਿ ਸੂਬੇ ਭਰ ਵਿੱਚ 196 ਰਾਹਤ ਕੈਂਪ ਸਥਾਪਤ ਕੀਤੇ ਗਏ, ਜਿੱਥੇ 7108 ਪ੍ਰਭਾਵਿਤ ਲੋਕਾਂ ਨੂੰ ਠਹਿਰਾਇਆ ਗਿਆ, ਜਿਨ੍ਹਾਂ ਵਿੱਚੋਂ ਫਾਜਿਲਕਾ ਦੇ ਸਭ ਤੋਂ ਵੱਧ (2548) ਵਿਅਕਤੀ, ਹੁਸ਼ਿਆਰਪੁਰ (1041), ਫਿਰੋਜਪੁਰ (776), ਪਠਾਨਕੋਟ (693), ਜਲੰਧਰ (511), ਬਰਨਾਲਾ (539), ਅੰਮ੍ਰਿਤਸਰ (371), ਰੂਪਨਗਰ (245), ਮੋਗਾ (145), ਮਾਨਸਾ (89), ਸੰਗਰੂਰ (80), ਕਪੂਰਥਲਾ (57) ਅਤੇ ਗੁਰਦਾਸਪੁਰ ਦੇ (13) ਵਿਅਕਤੀ ਸ਼ਾਮਲ ਹਨ।

ਮਾਲ ਮੰਤਰੀ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿੱਚ ਹੋਰ 504.16 ਹੈਕਟੇਅਰ ਖੇਤੀਯੋਗ ਜ਼ਮੀਨ ਪ੍ਰਭਾਵਿਤ ਹੋਈ ਹੈ। ਉਨ੍ਹਾਂ ਦੱਸਿਆ ਕਿ ਫਾਜਿਲਕਾ ਜ਼ਿਲ੍ਹੇ ਵਿੱਚ 286.5 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁੱਲ 18,072 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਇਸੇ ਤਰ੍ਹਾਂ ਕਪੂਰਥਲਾ ਜ਼ਿਲ੍ਹੇ ਵਿੱਚ 10.09 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁੱਲ 17,817 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਲੁਧਿਆਣਾ ਵਿੱਚ 20 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁੱਲ 52 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ, ਜਦੋਂ ਕਿ ਪਟਿਆਲਾ ਵਿੱਚ 208 ਹੈਕਟੇਅਰ ਰਕਬੇ ਦੇ ਵਾਧੇ ਨਾਲ ਕੁੱਲ 808 ਹੈਕਟੇਅਰ ਰਕਬਾ ਪ੍ਰਭਾਵਿਤ ਹੋਇਆ ਹੈ। ਹੁਣ ਤੱਕ ਕੁੱਲ 18 ਜ਼ਿਲ੍ਹਿਆਂ ਵਿੱਚ 1.72 ਲੱਖ ਹੈਕਟੇਅਰ ਖੇਤੀਯੋਗ ਜ਼ਮੀਨ ਨੂੰ ਨੁਕਸਾਨ ਪਹੁੰਚਿਆ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਹਾਲਾਂਕਿ ਪਿਛਲੇ 24 ਘੰਟਿਆਂ ਦੌਰਾਨ 46 ਹੋਰ ਪਿੰਡ ਅਤੇ 117 ਲੋਕ ਪ੍ਰਭਾਵਿਤ ਹੋਏ ਹਨ ਪਰ ਇਸ ਸਮੇਂ ਦੌਰਾਨ ਮਨੁੱਖੀ ਜਾਨ ਦੀ ਕੋਈ ਖਬਰ ਨਹੀਂ ਹੈ। ਜ਼ਿਕਰਯੋਗ ਹੈ ਕਿ 1 ਅਗਸਤ ਤੋਂ 4 ਸਤੰਬਰ, 2025 ਤੱਕ ਸੂਬੇ ਦੇ 14 ਜ਼ਿਲ੍ਹਿਆਂ ਵਿੱਚ 43 ਮੌਤਾਂ ਹੋਈਆਂ ਹਨ।

ਕੈਬਨਿਟ ਮੰਤਰੀ ਨੇ ਕਿਹਾ ਕਿ 24 ਘੰਟਿਆਂ ਵਿੱਚ ਪਟਿਆਲਾ ਦੇ 20 ਹੋਰ ਪਿੰਡ, ਲੁਧਿਆਣਾ ਦੇ 12, ਜਲੰਧਰ ਵਿੱਚ 10, ਫਾਜਿਲਕਾ ਦੇ 2 ਅਤੇ ਹੁਸ਼ਿਆਰਪੁਰ ਅਤੇ ਕਪੂਰਥਲਾ ਦਾ 1-1 ਪਿੰਡ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ 22 ਜ਼ਿਲ੍ਹਿਆਂ ਦੇ 1948 ਪਿੰਡ ਪ੍ਰਭਾਵਿਤ ਹੋਏ ਹਨ ਅਤੇ 117 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, ਜਿਸ ਨਾਲ ਕੁੱਲ ਗਿਣਤੀ 3,84,322 ਹੋ ਗਈ ਹੈ।

ਉਨ੍ਹਾਂ ਦੱਸਿਆ ਕਿ ਐਨ.ਡੀ.ਆਰ.ਐਫ. ਦੀਆਂ ਕੁੱਲ 24 ਟੀਮਾਂ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ, ਜਿਨ੍ਹਾਂ ਵਿੱਚ ਅੰਮ੍ਰਿਤਸਰ, ਜਲੰਧਰ, ਲੁਧਿਆਣਾ ਅਤੇ ਰੂਪਨਗਰ ਵਿੱਚ 2-2, ਫਾਜਿਲਕਾ ਅਤੇ ਗੁਰਦਾਸਪੁਰ ਵਿੱਚ 4-4, ਫਿਰੋਜਪੁਰ ਅਤੇ ਪਟਿਆਲਾ ਵਿੱਚ 3-3, ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ 1-1 ਟੀਮ ਲੱਗੀ ਹੋਈ ਹੈ।

ਇਸੇ ਤਰ੍ਹਾਂ ਕਪੂਰਥਲਾ ਵਿੱਚ ਐਸ.ਡੀ.ਆਰ.ਐਫ. ਦੀਆਂ 2 ਟੀਮਾਂ ਕਾਰਜਸ਼ੀਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫੌਜ, ਜਲ ਸੈਨਾ ਅਤੇ ਹਵਾਈ ਸੈਨਾ ਦੀਆਂ 24 ਟੀਮਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ ਜਦੋਂ ਕਿ ਭਾਰਤੀ ਹਵਾਈ ਸੈਨਾ ਅਤੇ ਫੌਜ ਦੇ ਲਗਭਗ 35 ਹੈਲੀਕਾਪਟਰ ਹਵਾਈ ਸਹਾਇਤਾ ਪ੍ਰਦਾਨ ਕਰ ਰਹੇ ਹਨ। ਬੀ.ਐਸ.ਐਫ. ਨੇ ਵੀ ਫਿਰੋਜਪੁਰ ਵਿੱਚ ਰਾਹਤ ਕਾਰਜ ਨਿਰੰਤਰ ਜਾਰੀ ਰੱਖੇ ਹੋਏ ਹਨ। ਇਸ ਤੋਂ ਇਲਾਵਾ 144 ਕਿਸ਼ਤੀਆਂ ਅਤੇ ਇੱਕ ਸਰਕਾਰੀ ਹੈਲੀਕਾਪਟਰ ਰਾਹਤ ਕਾਰਜਾਂ ਵਿੱਚ ਲੱਗੇ ਹੋਏ ਹਨ।

 

Media PBN Staff

Media PBN Staff

Leave a Reply

Your email address will not be published. Required fields are marked *