Punjab News: ਪੰਜਾਬ ਦੌਰੇ ‘ਤੇ ਆਏ ਕੇਜਰੀਵਾਲ ਮੁਸੀਬਤ ‘ਚ ਫਸੇ! ਸੁਖਜਿੰਦਰ ਰੰਧਾਵਾ ਨੇ ਭੇਜਿਆ ਲੀਗਲ ਨੋਟਿਸ
Punjab News: ਜੇਕਰ ਕੇਜਰੀਵਾਲ ਨੇ ਉਨ੍ਹਾਂ ‘ਤੇ ਲਗਾਏ ਝੂਠੇ ਇਲਜ਼ਾਮਾਂ ਦੀ ਮੁਆਫੀ ਨਾ ਮੰਗੀ ਤਾਂ ਉਹ ਕੇਸ ਕਰਨ ਲਈ ਮਜ਼ਬੂਰ ਹੋਣਗੇ- ਰੰਧਾਵਾ
ਪੰਜਾਬ ਨੈੱਟਵਰਕ, ਡੇਰਾ ਬਾਬਾ ਨਾਨਕ
Punjab News: ਜਿਮਨੀ ਚੋਣਾਂ ਦੇ ਕਾਰਨ ਪੰਜਾਬ ਦੌਰੇ ਤੇ ਦਿੱਲੀ ਦੇ ਸਾਬਕਾ ਸੀਐੱਮ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਦਰਅਸਲ, ਕੇਜਰੀਵਾਲ ਦੇ ਵੱਲੋਂ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਦੇ ਖਿਲਾਫ਼ ਦਿੱਤੇ ਗਏ ਬਿਆਨ ਤੋਂ ਬਾਅਦ, ਰੰਧਾਵਾ ਵੱਲੋਂ ਕੇਜਰੀਵਾਲ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ।
ਇਸ ਦੇ ਨਾਲ ਹੀ ਰੰਧਾਵਾ ਨੇ ਲੋਕ ਸਭਾ ਸਪੀਕਰ ਨੂੰ ਅਰਜੀ ਲਿਖ ਕੇ ਸੂਚਿਤ ਕਰਦਿਆਂ ਕਿਹਾ ਕਿ ਜੇਕਰ ਕੇਜਰੀਵਾਲ ਨੇ ਉਨ੍ਹਾਂ ਉੱਤੇ ਲਗਾਏ ਝੂਠੇ ਇਲਜ਼ਾਮਾਂ ਦੀ ਮੁਆਫੀ ਨਾ ਮੰਗੀ ਤਾਂ ਉਹ ਕੇਸ ਕਰਨ ਲਈ ਮਜ਼ਬੂਰ ਹੋਣਗੇ।
ਦਰਅਸਲ, ਆਮ ਆਦਮੀ ਪਾਰਟੀ ਵੱਲੋਂ ਅਰਵਿੰਦ ਕੇਜਰੀਵਾਲ ਦਾ ਬਿਆਨ, ਜੋ ਸੁਖਜਿੰਦਰ ਰੰਧਾਵਾ ਖਿਲਾਫ਼ ਦਿੱਤਾ ਗਿਆ ਸੀ, ਉਹ ਲੰਘੀ ਰਾਤ ਸਮੂਹ ਪੱਤਰਕਾਰਾਂ ਨੂੰ ਈਮੇਲ ਕੀਤਾ ਸੀ, ਜਿਸ ਵਿੱਚ ਕੇਜਰੀਵਾਲ ਵੱਲੋਂ ਕਿਹਾ ਕਿ, ਜਦੋਂ ਗੁਰਦੀਪ ਰੰਧਾਵਾ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਚੁਣੇ ਜਾਣਗੇ ਤਾਂ ਉਹ ਇਸ ਹਲਕੇ ਵਿੱਚ ਬਾਇਓ ਗੈਸ ਪਲਾਂਟ ਅਤੇ ਸ਼ੂਗਰ ਮਿੱਲ ਦੀ ਸਥਾਪਨਾ ਕਰਨਗੇ। ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡ ਮੈਦਾਨ ਅਤੇ ਸਟੇਡੀਅਮ ਬਣਾਏ ਜਾਣਗੇ। ਇੱਕ ਆਈਟੀਆਈ-ਪੋਲੀਟੈਕਨਿਕ ਕਾਲਜ ਵੀ ਖੋਲ੍ਹਿਆ ਜਾਵੇਗਾ।
ਕੇਜਰੀਵਾਲ ਨੇ ਕਿਹਾ ਸੀ ਕਿ ਇਹ ਚੋਣ ਇਮਾਨਦਾਰ ਰੰਧਾਵਾ ਅਤੇ ਭ੍ਰਿਸ਼ਟ ਰੰਧਾਵਾ ਵਿਚਕਾਰ ਹੈ। ਡੇਰਾ ਬਾਬਾ ਨਾਨਕ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਕਾਰਨ ਲੋਕ ਕਈ ਝੂਠੇ ਕੇਸਾਂ ਦਾ ਸਾਹਮਣਾ ਕਰ ਰਹੇ ਹਨ। ਸੁਖਜਿੰਦਰ ਰੰਧਾਵਾ ਸਿਰਫ਼ ਆਪਣੇ ਪਰਿਵਾਰ ਬਾਰੇ ਹੀ ਸੋਚਦੇ ਹਨ। ਇਸੇ ਲਈ ਉਨ੍ਹਾਂ ਦੀ ਪਤਨੀ ਇਹ ਚੋਣ ਲੜ ਰਹੀ ਹੈ। ਦੂਜੇ ਪਾਸੇ ਗੁਰਦੀਪ ਸਿੰਘ ਰੰਧਾਵਾ ਲਈ ਡੇਰਾ ਬਾਬਾ ਨਾਨਕ ਦੇ ਲੋਕ ਹੀ ਉਨ੍ਹਾਂ ਦਾ ਪਰਿਵਾਰ ਹਨ। ਉਹ ਤੁਹਾਡੇ ਲਈ ਕੰਮ ਕਰੇਗਾ। ਤੁਹਾਡੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ।
ਰੰਧਾਵਾ ਦੇ ਸਮਰਥਕਾਂ ‘ਚ ਵੀ ਭਾਰੀ ਰੋਸ
ਦੂਜੇ ਪਾਸੇ, ਕੇਜਰੀਵਾਲ ਦੇ ਸੁਖਜਿੰਦਰ ਰੰਧਾਵਾ ਖਿਲਾਫ਼ ਦਿੱਤੇ ਗਏ ਬਿਆਨਾਂ ਦੇ ਕਾਰਨ ਰੰਧਾਵਾ ਦੇ ਸਮਰਥਕਾਂ ਵਿੱਚ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਮਰਥਕਾਂ ਦਾ ਕਹਿਣਾ ਹੈ ਕਿ ਸੁਖਜਿੰਦਰ ਸਿੰਘ ਰੰਧਾਵਾ ਮਿਲਣਸਾਰ, ਇਮਾਨਦਾਰ ਅਤੇ ਹਰ ਕਿਸੇ ਦੇ ਦੁੱਖ ਸੁੱਖ ਵਿੱਚ ਹਮੇਸ਼ਾ ਹਾਜ਼ਰ ਹੋਣ ਵਾਲੇ ਇਨਸਾਨ ਹਨ। ਮੀਡੀਆ ਨੂੰ ਇਹ ਜਾਣਕਾਰੀ ਸੁਖਜਿੰਦਰ ਰੰਧਾਵਾ ਦੇ ਕਰੀਬੀ ਕਿਸ਼ਨ ਚੰਦਰ ਮਹਾਜ਼ਨ ਨੇ ਦਿੱਤੀ।