Punjab News: 3442 ਅਤੇ 5178 ਮੈਰਿਟ ਹੋਲਡਰ ਅਧਿਆਪਕਾਂ ਦੀ CM ਮਾਨ ਦੇ ਓਐਸਡੀ ਨਾਲ ਹੋਈ ਅਹਿਮ ਮੀਟਿੰਗ
ਪੰਜਾਬ ਨੈੱਟਵਰਕ, ਬਠਿੰਡਾ
ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ 3442 ਅਤੇ 5178 ਮੈਰਿਟ ਹੋਲਡਰ ਅਧਿਆਪਕਾਂ ਦੀ ਮੀਟਿੰਗ ਭਗਤ ਰਵਿਦਾਸ ਚੌਂਕ ਜਲੰਧਰ ਵਿਖੇ ਹੋਈ, ਜਿਸ ਵਿੱਚ ਸਰਕਾਰ ਦਾ ਵਿਰੋਧ ਕੀਤਾ ਗਿਆ ਤਾਂ ਤੁਰੰਤ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਵੱਲੋਂ ਮੁੱਖ ਮੰਤਰੀ ਨਾਲ ਮੀਟਿੰਗ ਦਾ ਭਰੋਸਾ ਦਿੱਤਾ ਗਿਆ, ਪ੍ਰੰਤੂ ਇਹ ਮੀਟਿੰਗ ਪਿਛਲੇ ਦਿਨੀ ਮੁੱਖ ਮੰਤਰੀ ਦੇ ਉਹ ਐਸ.ਡੀ ਓਂਕਾਰ ਸਿੰਘ ਬਰਾੜ ਨਾਲ ਹੋਈ।
ਅਧਿਆਪਕ ਵਰਗ ਦੀ ਪ੍ਰਧਾਨਗੀ ਮੈਡਮ ਇੰਦਰਪਾਲ ਵੱਲੋਂ ਕੀਤੀ ਗਈ। ਇਸ ਮੌਕੇ ਤੇ ਓ. ਐਸ.ਡੀ. ਵੱਲੋਂ ਅਧਿਆਪਕਾਂ ਦੀ ਮੰਗ ਨੂੰ ਵਿਸਥਾਰ ਪੂਰਵਕ ਸੁਣਿਆ ਗਿਆ, ਜਿਸ ਵਿੱਚ ਅਧਿਆਪਕਾਂ ਨੇ ਦੱਸਿਆ ਕਿ ਉਹ ਸਾਰੇ ਮੈਰਿਟ ਹੋਲਡਰ ਹਨ ਉਹਨਾਂ ਤੋਂ ਘੱਟ ਮੈਰਿਟ ਵਾਲੇ ਪੰਜਾਬ ਸਰਕਾਰ ਨਿਯੁਕਤ ਕਰ ਚੁੱਕੀ ਹੈ ਇਸ ਵਿੱਚ ਸਰਕਾਰ ਦੀ ਸਰਾਸਰ ਗਲਤੀ ਹੈ ਜਿਸ ਕਰਕੇ ਉਹ ਥਾਂ ਥਾਂ ਉੱਤੇ ਭਟਕਣ ਲਈ ਮਜਬੂਰ ਹਨ।
ਇਸ ਸਬੰਧੀ ਇਹ ਵੀ ਦੱਸਿਆ ਕਿ ਹਾਈਕੋਰਟ ਵੀ ਸਾਡੀ ਭਰਤੀ ਦੀਆਂ ਪੋਸਟਾਂ ਰਾਖਵੀਆਂ ਰਖਵਾ ਚੁੱਕੀ ਹੈ ਤੇ ਫਿਰ ਵੀ ਪਿਛਲੀਆਂ ਸਰਕਾਰਾਂ ਦੇ ਨਾਲ ਨਾਲ ਇਹ ਸਰਕਾਰ ਨੇ ਵੀ ਵੋਟਾਂ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਿਵੇਂ ਹੀ ਸਰਕਾਰ ਸੱਤਾ ਵਿੱਚ ਆਵੇਗੀ ਤੁਹਾਨੂੰ ਪਹਿਲ ਦੇ ਆਧਾਰ ਤੇ ਨੌਕਰੀ ਦਿੱਤੀ ਜਾਵੇਗੀ।
ਕਿਉਂਕਿ ਤੁਸੀਂ ਪਹਿਲਾਂ ਹੀ 12 ਸਾਲ ਤੋਂ ਧੱਕੇ ਖਾ ਰਹੇ ਹੋ ਪਰੰਤੂ ਹਾਲੇ ਤੱਕ ਇਹ ਸਰਕਾਰ ਵੀ ਸਾਡੀ ਹਰ ਗੱਲ ਨੂੰ ਅਣਸੁਣਿਆ ਕਰ ਰਹੀ ਹੈ ਇਸ ਮੰਗ ਸੁਣ ਕੇ ਓ.ਐਸ.ਡੀ ਪੰਜਾਬ ਸਰਕਾਰ ਨੇ ਮੰਗ ਨੂੰ ਵਾਜਬ ਦੱਸਦੇ ਹੋਏ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਵਿਭਾਗ ਦੇ ਪੈਨਲ ਮੀਟਿੰਗ ਦਾ ਭਰੋਸਾ ਦਿੱਤਾ ਅਤੇ ਇਹ ਵੀ ਕਿਹਾ ਕਿ ਇਸ ਪੈਨਲ ਮੀਟਿੰਗ ਵਿੱਚ ਤੁਹਾਡਾ ਮਸਲਾ ਹੱਲ ਕੀਤਾ ਜਾਵੇਗਾ।
ਇਸ ਮੌਕੇ ਤੇ ਕਨਵੀਨਰ ਗੁਰਪ੍ਰੀਤ ਸਿੰਘ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਤੇ ਕਿਹਾ ਜੇਕਰ ਸਰਕਾਰ ਸਾਡਾ ਪੈਨਲ ਮੀਟਿੰਗ ਵਿੱਚ ਕੋਈ ਹੱਲ ਨਹੀਂ ਕੱਢਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਸਰਬਜੀਤ ਕੌਰ,ਕਰਮਦੀਪ ਸਿੰਘ, ਰਮਨਦੀਪ ਕੌਰ, ਵੰਦਨਾ, ਜਤਿੰਦਰ ਕੌਰ, ਪੁਸ਼ਪਿੰਦਰ ਸਿੰਘ, ਅਮਰਜੀਤ ਕੌਰ, ਵਿਕਰਮ ਆਦਿ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ।