ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਸਬੰਧੀ ਪਿਆ ਭੰਬਲਭੂਸਾ ਜਲਦ ਦੂਰ ਕਰਨ ਦੀ ਸਰਕਾਰ ਤੋਂ ਕੀਤੀ ਮੰਗ- ਗੌਰਮਿੰਟ ਟੀਚਰਜ ਯੂਨੀਅਨ
ਪੰਜਾਬ ਨੈੱਟਵਰਕ,ਪਟਿਆਲਾ
ਮਾਸਟਰ ਕਾਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਸਬੰਧੀ ਫੀਲਡ ਵਿੱਚ ਬਹੁਤ ਜਿਆਦਾ ਭੰਬਲਭੂਸਾ ਪਿਆ ਹੋਇਆ ਹੈ ਅਤੇ ਤਰੱਕੀਆਂ ਸਬੰਧੀ ਪਿਛਲੇ ਸਮੇਂ ਵਿੱਚ ਪੈਦਾ ਹੋਈ ਅਨਿਸਚਤਾ ਕਾਰਣ ਕਾਡਰ ਵਿੱਚ ਬਹੁਤ ਜਿਆਦਾ ਬੈਚੇਨੀ ਪਾਈ ਜਾ ਰਹੀ ਹੈ।
ਇਸ ਅਨਿਸਚਤਾ ਨੂੰ ਦੂਰ ਕਰਨ ਲਈ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਅਤੇ ਜਨਰਲ ਸਕੱਤਰ ਸੁਖਵਿੰਦਰ ਸਿੰਘ ਚਾਹਲ ਨੇ ਮੁੱਖ ਮੰਤਰੀ, ਸਿੱੱਖਿਆ ਮੰਤਰੀ ਅਤੇ ਸਿੱੱਖਿਆ ਸਕੱਤਰ ਤੋਂ ਪੱਤਰ ਲਿਖ ਕੇ ਇਸ ਮਸਲੇ ਵਿੱਚ ਦਾਖਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਕਿ ਜੇਕਰ ਸਰਕਾਰ ਸੱਚ-ਮੁੱਚ ਸੁਹਿਰਦਤਾ ਨਾਲ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨਾ ਚਾਹੁੰਦੀ ਹੈ ਤਾਂ ਸਭ ਤੋਂ ਪਹਿਲਾ ਲੈਕਚਰਾਰ ਦੀਆਂ ਤਰੱਕੀਆਂ ਦੇ ਲੈਫਟ ਆਊਟ ਕੇਸ ਸਬੰਧੀ ਮੁੱਖ ਦਫਤਰ ਵੱਲੋਂ ਹਰ ਵਿਸ਼ੇ ਦੀ ਇੱਕ ਕੱਟ ਲਿਸਟ ਜਾਰੀ ਕੀਤੀ ਜਾਵੇ।
ਪਿਛਲੇ ਸਮੇਂ ਵਿੱਚ ਜੋ ਵੀ ਜੂਨੀਅਰ ਅਧਿਆਪਕ ਪ੍ਰਮੋਟ ਹੋਏ ਹਨ, ਉਨਾਂ ਦੇ ਆਖਰੀ ਸੀਨੀਆਰਤਾ ਨੰਬਰ ਦਾ ਸਾਵਧਾਨੀ ਪੂਰਵਕ ਧਿਆਨ ਰੱਖਿਆ ਜਾਵੇ ਤਾਂ ਜੋ ਕੋਈ ਵੀ ਸੀਨੀਅਰ ਅਧਿਆਪਕ ਆਪਣੇ ਬਣਦੇ ਹੱਕ ਤੋਂ ਵਾਂਝਾ ਨਾ ਰਹੇ।ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਜੋ ਫੀਲਡ ਵਿੱਚ ਜਾਰੀ ਕੀਤੀ ਗਈ ਹੈ ਉਸ ਨੂੰ ਸਰਲ ਕੀਤਾ ਜਾਵੇ ਤਾਂ ਜੋੋ ਹਰ ਅਧਿਆਪਕ ਨੂੰ ਆਪਣਾ ਨਾਮ ਲੱਭਣ ਵਿੱਚ ਅਸਾਨੀ ਹੋਵੇ।
ਮਾਸਟਰ ਕਾਡਰ ਦੀ ਸੀਨੀਆਰਤਾ ਸੂਚੀ ਵਿੱਚ ਅਜੇ ਵੀ ਵੱਡੇ ਪੱਧਰ ਤੇ ਖਾਮੀਆਂ ਹਨ ਜਿੰਨ੍ਹਾਂ ਨੂੰ ਦੂਰ ਕਰਨਾ ਅਤਿ ਜਰੂਰੀ ਹੈ ਤਾਂ ਜੋ ਹਰ ਅਧਿਆਪਕ ਨੂੰ ਇਨਸਾਫ ਮਿਲ ਸਕੇ ਅਤੇ ਬੇਲੋੜਾ ਕੋਰਟ ਕੇਸਾਂ ਤੋਂ ਬਚਿਆ ਜਾ ਸਕੇ ਜਿਵੇਂ ਕਈ ਅਧਿਆਪਕਾਂ ਦੇ ਨਾਂ ਇਸ ਲਿਸਟ ਵਿੱਚ ਗਲਤ ਪਾਏ ਗਏ ਹਨ।ਜਿੰਨਾਂ ਅਧਿਆਪਕਾਂ ਨੂੰ ਕਿਸੇ ਵੀ ਕਾਰਣ ਨੋਸਨਲ ਲਾਭ ਦਿੱਤਾ ਗਿਆ ਹੈ, ਨੂੰ ਸੀਨੀਆਰਤਾ ਸੂਚੀ ਵਿੱਚ ਬਣਦਾ ਲਾਭ ਨਹੀਂ ਦਿੱਤਾ ਗਿਆ।
ਇਸ ਸੂਚੀ ਵਿੱਚ ਲੈਕਚਰਾਰ ਵਜੋਂ ਪ੍ਰਮੋਸਨ ਬਾਰੇ ਸਪੱਸਟ ਨਹੀਂ ਹੈ ਕਿ ਉਹ ਸਿੱਧੀ ਭਰਤੀ ਹੈ ਜਾਂ ਵਿਭਾਗੀ ਤਰੱਕੀ ਰਾਹੀਂ ਲੈਕਚਰਾਰ ਬਣੇ ਹੋਏ ਹਨ। ਸੀਨੀਆਰਤਾ ਸੂਚੀ ਵਿੱਚ ਬਹੁਤ ਸਾਰੇ ਅਧਿਆਪਕਾਂ ਦੀ ਕੈਟਾਗਰੀ ਜਾਂ ਤਾਂ ਗਲਤ ਲਿਖੀ ਹੋਈ ਹੈ ਜਾਂ ਫਿਰ ਲਿਖੀ ਹੀ ਨਹੀਂ ਗਈ।ਜਥੇਬੰਦੀ ਨੇ ਮੰਗ ਕੀਤੀ ਕਿ ਉਕਤ ਸੁਝਾਵਾਂ ਤੇ ਗੌਰ ਫਰਮਾਉਂਦੇ ਹੋਏ ਅਧਿਆਪਕਾਂ ਦੀਆਂ ਜਲਦ ਪਦ ਉੱਨਤੀਆਂ ਕੀਤੀਆਂ ਜਾਣ।