Flood Punjab: ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਾਰ ਲੈਣ ਦਾ ਸਮਾਂ

All Latest NewsNews FlashPunjab News

 

Flood Punjab: ਸਮੁੱਚਾ ਪੰਜਾਬ ਮੌਜੂਦਾ ਦੌਰ ਵਿੱਚ ਹੜਾਂ ਕਾਰਨ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਪੰਜਾਬ ਦਾ ਹਰ ਵਰਗ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਹੜਾਂ ਕਾਰਨ ਜਰੂਰ ਪ੍ਰਭਾਵਿਤ ਹੋਇਆ ਹੈ। ਕਿਸਾਨ ਵਰਗ ਤਾਂ ਅਜੇ 2023 ਦੇ ਹੜਾਂ ਦਾ ਦੁੱਖ ਦਰਦ ਹੀ ਨਹੀਂ ਭੁੱਲਿਆ ਸੀ, ਕਰਜ਼ੇ ਦੀ ਪੰਡ ਸਿਰ ਤੇ ਹੀ ਸੀ, ਹੌਲੀ ਹੌਲੀ ਜ਼ਿੰਦਗੀ ਨੇ ਰਫਤਾਰ ਪਕੜਨੀ ਸ਼ੁਰੂ ਕੀਤੀ ਸੀ ਕਿ ਅਗਸਤ 2025 ਵਿੱਚ ਪਹਿਲਾਂ ਤੋਂ ਵੀ ਵੱਧ ਆਏ ਹੜ੍ਹ ਵੱਡਾ ਨੁਕਸਾਨ ਕਰ ਗਏ। ਸਾਲ 2023 ਵਿੱਚ ਹੜਾਂ ਤੋਂ ਠੀਕ ਦੋ ਸਾਲ ਬਾਅਦ ਦੁਬਾਰਾ ਫਿਰ ਹੜ ਆਉਣ ਕਾਰਨ ਜਿੱਥੇ ਪੰਜਾਬ ਦੇ ਲੋਕਾਂ ਲਈ ਭਾਰੀ ਆਰਥਿਕ ਸੰਕਟ ਖੜਾ ਹੋਇਆ ਹੈ, ਉੱਥੇ ਆਮ ਲੋਕਾਂ ਨੂੰ ਸਮਾਜਿਕ, ਮਾਨਸਿਕ ਅਤੇ ਸਰੀਰਕ ਤੌਰ ਤੇ ਵੀ ਅਨੇਕਾਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹੜ੍ਹ ਆਉਂਦੇ ਹਨ ਤੇ ਚੱਲੇਂ ਜਾਂਦੇ ਹਨ, ਪ੍ਰੰਤੂ ਬਾਅਦ ਵਿੱਚ ਅਨੇਕਾਂ ਵੱਡੀਆਂ ਸਮੱਸਿਆਵਾਂ ਛੱਡ ਜਾਂਦੇ ਹਨ । ਸਾਲ 2023 ਤੇ 2025 ਦੇ ਹੜਾਂ ਦੌਰਾਨ ਸਤਲੁਜ ਦਰਿਆ ਦੇ ਕੰਢੇ ਸਰਹੱਦੀ ਖੇਤਰ ਵਿੱਚ ਰਾਹਤ ਕੰਮਾਂ ਵਿੱਚ ਸੇਵਾ ਕਰਦਿਆਂ ਮਹਿਸੂਸ ਕੀਤਾ ਕਿ ਪੰਜਾਬ ਵਿੱਚ ਹੜਾਂ ਰੂਪੀ ਕਰੋਪੀ ਆਈ, ਪ੍ਰੰਤੂ ਨਾਲ ਹੀ ਇਨਸਾਨੀਅਤ ਅਤੇ ਸੇਵਾ ਦੀ ਭਾਵਨਾ ਵੀ ਲੈ ਕੇ ਆਈ । ਹੜ ਪੀੜਿਤ ਲੋਕਾਂ ਦੀ ਮਦਦ ਲਈ ਸਮਾਜ ਸੇਵੀ ਸੰਸਥਾਵਾਂ, ਧਾਰਮਿਕ ਵਰਗ, ਵਪਾਰਿਕ ਅਦਾਰੇ, ਮੁਲਾਜ਼ਮ ਜਥੇਬੰਦੀਆਂ, ਕਲਾਕਾਰਾਂ ,ਗਾਇਕਾਂ ਅਤੇ ਨੌਜਵਾਨ ਵਰਗ ਨੇ ਜਿਸ ਸੰਜੀਦਗੀ ਨਾਲ ਅੱਗੇ ਆ ਕੇ ਬਿਨਾਂ ਕਿਸੇ ਭੇਦਭਾਵ ਦੇ ਰਾਹਤ ਕਾਰਜਾਂ ਦੀ ਅਗਵਾਈ ਕੀਤੀ ਇਸ ਦੀ ਮਿਸਾਲ ਪੂਰੀ ਦੁਨੀਆਂ ਵਿੱਚ ਦੇਖਣ ਨੂੰ ਨਹੀਂ ਮਿਲਦੀ।

ਸਿੱਖਿਆ ਦੇ ਖੇਤਰ ਵਿੱਚ ਕੰਮ ਕਰਦਿਆਂ ਮਹਿਸੂਸ ਕੀਤਾ ਕਿ ਹੜਾਂ ਰੂਪੀ ਕਰੋਪੀ ਦਾ ਸਭ ਤੋਂ ਵੱਧ ਪ੍ਰਭਾਵ ਵਿਦਿਆਰਥੀਆਂ ਦੇ ਉੱਪਰ ਪੈਂਦਾ ਹੈ । ਹੜਾਂ ਦੀ ਮਾਰ ਹੇਠ ਆਏ ਪਰਿਵਾਰਾਂ ਦੀ ਜਰੂਰਤ ਤਾਂ ਰੋਟੀ ,ਕੱਪੜਾ ਅਤੇ ਰਹਿਣ ਲਈ ਛੱਤ ਦੀ ਮੁਰੰਮਤ ਕਰਨ ਤੱਕ ਹੀ ਸੀਮਤ ਹੋ ਜਾਂਦੀ ਹੈ। ਉਹਨਾਂ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ਨੂੰ ਪਹਿਲ ਨਹੀਂ ਦਿੱਤੀ ਜਾ ਸਕਦੀ। ਜਿਸ ਕਾਰਨ ਵਿਦਿਆਰਥੀ ਦੇ ਜੀਵਨ ਤੇ ਕਈ ਤਰ੍ਹਾਂ ਦੇ ਪ੍ਰਭਾਵ ਪੈਂਦੇ ਹਨ। ਇਹ ਪ੍ਰਭਾਵ ਸਿਰਫ ਸਿੱਖਿਆ ਤੱਕ ਹੀ ਸੀਮਤ ਨਹੀਂ ਰਹਿੰਦੇ ਸਗੋਂ ਉਹਨਾਂ ਦੀ ਸਰੀਰਕ, ਮਨੋਵਿਗਿਆਨਿਕ, ਸਮਾਜਿਕ ਹਾਲਤ, ਭਵਿੱਖੀ ਯੋਜਨਾਵਾਂ ਅਤੇ ਰੋਜ਼ਾਨਾ ਦੇ ਰੂਟੀਨ ਤੇ ਵੀ ਮਾੜਾ ਅਸਰ ਪੈਂਦਾ ਹੈ।

ਵਿਦਿਆਰਥੀਆਂ ਦੇ ਘਰ ਅਤੇ ਸਕੂਲ ਹੜਾਂ ਕਾਰਨ ਡੁੱਬ ਜਾਣ ਨਾਲ ਪੜ੍ਹਾਈ ਕਈ ਕਈ ਦਿਨ ਰੁਕ ਜਾਂਦੀ ਹੈ। ਕਿਤਾਬਾਂ, ਕਾਪੀਆਂ ਤੇ ਹੋਰ ਸਿੱਖਣ ਸਮੱਗਰੀ ਪੂਰੀ ਤਰ੍ਹਾਂ ਖਰਾਬ ਹੋ ਜਾਂਦੀ ਹੈ। ਸਕੂਲ ਬੰਦ ਹੋਣ ਕਾਰਨ ਸਿਲੇਬਸ ਪਿੱਛੇ ਰਹਿ ਜਾਂਦਾ ਹੈ । ਜਿਸ ਕਾਰਨ ਵਿਦਿਆਰਥੀ ਪੜ੍ਹਾਈ ਵਿੱਚ ਪੂਰੀ ਤਰ੍ਹਾਂ ਪਿਛੜ ਜਾਂਦਾ ਹੈ।

ਵਿਦਿਆਰਥੀਆਂ ਦੇ ਘਰਾਂ ਦੇ ਨੁਕਸਾਨ ,ਫਸਲ ਦਾ ਨੁਕਸਾਨ ,ਪਰਿਵਾਰਕ ਮੈਂਬਰ ਜਾਂ ਪਸ਼ੂਆਂ ਦੀ ਹਾਨੀ ਕਾਰਨ ਬੱਚਿਆਂ ਵਿੱਚ ਡਰ ਅਤੇ ਤਨਾਅ ਕਈ ਗੁਣਾਂ ਵੱਧ ਜਾਂਦਾ ਹੈ । ਜਿਸ ਕਾਰਨ ਉਨਾਂ ਦਾ ਪੜ੍ਹਾਈ ਵਿੱਚ ਧਿਆਨ ਕੇਂਦਰਿਤ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਕੁਝ ਵਿਦਿਆਰਥੀ ਵਿੱਚ ਤਾਂ ਹਿੰਮਤ ਟੁੱਟਣ ਅਤੇ ਹੌਸਲਾ ਘੱਟਣ ਦੇ ਲੱਛਣ ਆਮ ਹੀ ਦੇਖੇ ਜਾਂਦੇ ਹਨ।

ਹੜਾਂ ਕਾਰਨ ਵਿਦਿਆਰਥੀਆਂ ਵਿੱਚ ਅਨੇਕਾਂ ਸਿਹਤ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ। ਸਾਫ ਪਾਣੀ ਦੀ ਕਮੀ ਅਤੇ ਪੋਸ਼ਣ ਦੀ ਕਮੀ ਨਾਲ ਸਿਹਤ ਅਤੇ ਮਾੜਾ ਪ੍ਰਭਾਵ ਪੈਂਦਾ ਹੈ। ਪਾਣੀ ਨਾਲ ਫੈਲਣ ਵਾਲੀਆਂ ਅਨੇਕਾਂ ਬਿਮਾਰੀਆਂ ਦਾ ਖਤਰਾ ਕਈ ਗੁਣਾਂ ਵੱਧ ਜਾਂਦਾ ਹੈ।

ਕਈ ਵਾਰ ਵਿਦਿਆਰਥੀਆਂ ਨੂੰ ਆਪਣੇ ਮਾਪਿਆਂ ਨਾਲ ਕਈ ਕਈ ਦਿਨ ਰਾਹਤ ਕੈਂਪਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਰਾਹਤ ਕੈਂਪਾਂ ਵਿੱਚ ਕੰਮ ਕਰਦਿਆਂ ਮੈਂ ਮਹਿਸੂਸ ਕੀਤਾ ਹੈ ਕਿ ਉੱਥੇ ਸਭ ਤੋਂ ਵੱਧ ਬੱਚਿਆਂ ਹੀ ਸੰਤਾਪ ਭੋਗਦੇ ਹਨ ਅਤੇ ਅਨੇਕਾਂ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰਦੇ ਹਨ।

ਹੜਾਂ ਦਾ ਸਭ ਤੋਂ ਵੱਧ ਪ੍ਰਭਾਵ ਪਰਿਵਾਰਾਂ ਦੀ ਆਰਥਿਕਤਾ ਤੇ ਪੈਣ ਕਾਰਨ ਸਕੂਲਾਂ ਅਤੇ ਕਾਲਜਾਂ ਦੀਆਂ ਫੀਸਾਂ, ਸਟੇਸ਼ਨਰੀ ,ਟਰਾਂਸਪੋਰਟ ਦੇ ਖਰਚੇ ਚੁਕਾਉਣਾ ਮੁਸ਼ਕਿਲ ਹੋ ਜਾਂਦਾ ਹੈ। ਜਿਸ ਕਾਰਨ ਅਨੇਕਾਂ ਵਿਦਿਆਰਥੀ ਪੜ੍ਹਾਈ ਛੱਡਣ ਲਈ ਮਜਬੂਰ ਹੋ ਜਾਂਦੇ ਹਨ ।ਜਿਸ ਨਾਲ ਉਹਨਾਂ ਦਾ ਭਵਿੱਖ ਤੇ ਸਵਾਲੀਆਂ ਨਿਸ਼ਾਨ ਲੱਗ ਜਾਂਦਾ ਹੈ।

ਸੂਬੇ ਦਾ ਆਰਥਿਕ ਵਿਕਾਸ ਸਿੱਖਿਆ ਦੇ ਵਿਕਾਸ ਨਾਲ ਹੀ ਸੰਭਵ ਹੈ। ਅੱਜ ਦੇ ਵਿਦਿਆਰਥੀ ਸਾਡਾ ਭਵਿੱਖ ਹਨ । ਇਹਨਾਂ ਦੀ ਭਲਾਈ ਲਈ ਸੋਚਣਾ ਸਾਡੀ ਮੁੱਢਲੀ ਜਿੰਮੇਵਾਰੀ ਹੈ । ਇਸ ਲਈ ਹੜ ਪ੍ਰਭਾਵਿਤ ਇਲਾਕੇ ਦੇ ਵਿਦਿਆਰਥੀਆਂ ਦੀ ਸਾਰ ਲੈਣ ਦੀ ਜਰੂਰਤ ਹੈ। ਤਾਂ ਜੋ ਉਹ ਆਪਣੀ ਪੜ੍ਹਾਈ ਸੁਚੱਜੇ ਢੰਗ ਨਾਲ ਜਾਰੀ ਰੱਖਣ, ਮਾਨਸਿਕ ਅਤੇ ਸਰੀਰਕ ਤੌਰ ਤੇ ਮਜਬੂਤ ਰਹਿਣ ਇਸ ਲਈ ਜਰੂਰੀ ਹੈ ਕਿ ਪੰਜਾਬੀਆਂ ਨੂੰ ਜਿਸ ਫਰਾਖ ਦਿਲੀ ਨਾਲ ਲੰਗਰ ,ਰਾਸ਼ਨ ਪਸ਼ੂਆਂ ਲਈ ਚਾਰਾ, ਕੱਪੜਿਆਂ ਤੇ ਹੋਰ ਲੋੜੀਦਾ ਸਮਾਨ ਪਹੁੰਚਾ ਕੇ ਹੜ ਪੀੜਤਾਂ ਦੇ ਜਖਮਾਂ ਤੇ ਮਲਮ ਲਾਉਣ ਦਾ ਕੰਮ ਕੀਤਾ ਹੈ।

ਹੁਣ ਸਮੇਂ ਦੀ ਵੱਡੀ ਜਰੂਰਤ ਦਾਨ ਦੀ ਦਿਸ਼ਾ ਬਦਲਦੇ ਹੋਏ ,ਸੂਬੇ ਦੇ ਉੱਜਵਲ ਭਵਿੱਖ ਲਈ ਵਿਦਿਆਰਥੀਆਂ ਦੀ ਮਦਦ ਲਈ ਕਿਤਾਬਾਂ, ਕਾਪੀਆਂ, ਸਟੇਸ਼ਨਰੀ, ਸਕੂਲ ਯੂਨੀਫਾਰਮ ਅਤੇ ਸਕੂਲ ,ਕਾਲਜਾਂ ਦੀਆਂ ਫੀਸਾਂ ਦੇਣ ਲਈ ਵਿਦਿਆ ਦਾ ਲੰਗਰ ਲਗਾਈਏ ।ਬੋਰਡ ਜਮਾਤਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਦਾਖਲਾ ਫੀਸ ਦਾ ਪ੍ਰਬੰਧ ਕਰੀਏ ।

ਵਿਦਿਆਰਥੀਆਂ ਦੀ ਮਾਨਸਿਕ ਮਜਬੂਤੀ ਅਤੇ ਉਹਨਾਂ ਨੂੰ ਡਰ ਅਤੇ ਚਿੰਤਾ ਤੋਂ ਦੂਰ ਕਰਨ ਲਈ ਸਿੱਖਿਆ ਮਾਹਿਰ ਅਤੇ ਅਧਿਆਪਕ ਵਿਸ਼ੇਸ਼ ਤੌਰ ਤੇ ਕਾਉਸਲਿੰਗ ਸੈਸ਼ਨ ਦਾ ਪ੍ਰਬੰਧ ਕਰਨ। ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਲਈ ਸਾਫ ਪਾਣੀ ,ਸਿਹਤ ਅਤੇ ਸਫਾਈ ਸਬੰਧੀ ਜਾਗਰੂਕਤਾ ਕੈਂਪ, ਸੈਨੀਟਰੀ ਕਿੱਟਾਂ ਉਪਲਬਧ ਕਰਵਾਈਆਂ ਜਾਣ। ਜਿਸ ਨਾਲ ਉਨ੍ਹਾਂ ਨੂੰ ਹੜਾਂ ਕਾਰਨ ਪੈਦਾ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ।

ਅਜਿਹੇ ਕੰਮਾਂ ਲਈ ਸਕੂਲ ਅਧਿਆਪਕਾਂ ਨੂੰ ਸਮਾਜਿਕ ਜਿੰਮੇਵਾਰੀ ਸਮਝਦੇ ਹੋਏ ਅੱਗੇ ਆਉਣ ਦੀ ਜਰੂਰਤ ਹੈ ।ਉਹ ਸਮਾਜ ਸੇਵੀ, ਧਾਰਮਿਕ, ਸਮਾਜਿਕ ਆਗੂਆਂ ਅਤੇ ਦਾਨੀ ਸੱਜਣਾਂ ਨੂੰ ਵਿਦਿਆਰਥੀਆਂ ਦੀ ਭਲਾਈ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨ ।ਹਰੇਕ ਅਧਿਆਪਕ ਅਤੇ ਪ੍ਰਫੁੱਲਿਤ ਇਨਸਾਨ ਜੇ ਇੱਕ ਇੱਕ ਵਿਦਿਆਰਥੀ ਵੀ ਗੋਦ ਲੈ ਕੇ ਉਸ ਦੀ ਬਾਕੀ ਰਹਿੰਦੇ ਵਿਦਿਅਕ ਸੈਸ਼ਨ ਦੀਆਂ ਜਰੂਰਤਾਂ ਪੂਰੀਆਂ ਕਰਨ ਦੀ ਪਹਿਲ ਕਰੇ ਤਾਂ ਕੋਈ ਵੀ ਵਿਦਿਆਰਥੀ ਆਰਥਿਕ ਤੰਗੀ ਕਾਰਨ ਪੜ੍ਹਾਈ ਛੱਡਣ ਲਈ ਮਜਬੂਰ ਨਹੀਂ ਹੋਵੇਗਾ। ਵਿਦਿਆ ਦਾਨ ਸਰਵਉੱਤਮ ਦਾਨ ਦੀ ਮਹੱਤਤਾ ਨੂੰ ਸਮਝਦੇ ਹੋਏ ਆਓ ‘ਈਚ ਵਨ ਅਡਾਪਟ ਵਨ’ ਮੁਹਿੰਮ ਦਾ ਹਿੱਸਾ ਬਣੀਏ।

ਡਾ ਸਤਿੰਦਰ ਸਿੰਘ (ਪੀ ਈ ਐਸ)
ਨੈਸ਼ਨਲ ਅਵਾਰਡੀ
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ, ਫਿਰੋਜ਼ਪੁਰ।
9815427554

 

Media PBN Staff

Media PBN Staff

Leave a Reply

Your email address will not be published. Required fields are marked *