ਵੱਡੀ ਖ਼ਬਰ: ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ 2000 ਤੋਂ ਵੱਧ ਪਟਵਾਰੀ ਤੈਨਾਤ
Punjab News- ਪੰਜਾਬ ਦੇ ਮਾਲ, ਮੁੜ-ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਗ਼ੈਰ-ਪ੍ਰਭਾਵਿਤ ਖੇਤਰਾਂ ਦੇ ਮਾਲ ਅਧਿਕਾਰੀਆਂ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਤੈਨਾਤ ਕਰਨ ਦੀ ਹਦਾਇਤ ਕੀਤੀ ਤਾਂ ਜੋ ਮੁਲਾਂਕਣ ਪ੍ਰਕਿਰਿਆ ਸਮੇਂ ਸਿਰ ਮੁਕੰਮਲ ਕੀਤੀ ਜਾ ਸਕੇ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਸੂਬੇ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਵਿਸ਼ੇਸ਼ ਗਿਰਦਾਵਰੀ ਕਰਵਾਉਣ ਲਈ ਕੁੱਲ 2167 ਪਟਵਾਰੀਆਂ ਨੂੰ ਤੈਨਾਤ ਕੀਤਾ ਗਿਆ ਹੈ।
ਜ਼ਿਲ੍ਹਾ ਪੱਧਰੀ ਤੈਨਾਤੀਆਂ ਮੁਤਾਬਕ ਅੰਮ੍ਰਿਤਸਰ ਵਿੱਚ 196 ਪਟਵਾਰੀ, ਬਰਨਾਲਾ ਵਿੱਚ 115, ਬਠਿੰਡਾ ਵਿੱਚ 21, ਫ਼ਰੀਦਕੋਟ ਵਿੱਚ 15, ਫ਼ਾਜ਼ਿਲਕਾ ਵਿੱਚ 110, ਫਿਰੋਜ਼ਪੁਰ ਵਿੱਚ 113, ਗੁਰਦਾਸਪੁਰ ਵਿੱਚ 343, ਹੁਸ਼ਿਆਰਪੁਰ ਵਿੱਚ 291, ਜਲੰਧਰ ਵਿੱਚ 84, ਕਪੂਰਥਲਾ ਵਿੱਚ 149, ਲੁਧਿਆਣਾ ਵਿੱਚ 60, ਮਾਲੇਰਕੋਟਲਾ ਵਿੱਚ 7, ਮਾਨਸਾ ਵਿੱਚ 95, ਮੋਗਾ ਵਿੱਚ 29, ਪਠਾਨਕੋਟ ਵਿੱਚ 88, ਪਟਿਆਲਾ ਵਿੱਚ 141, ਰੂਪਨਗਰ ਵਿੱਚ 92, ਸੰਗਰੂਰ ਵਿੱਚ 107, ਐਸ.ਏ.ਐਸ. ਨਗਰ ਵਿੱਚ 15, ਸ੍ਰੀ ਮੁਕਤਸਰ ਸਾਹਿਬ ਵਿੱਚ 25 ਅਤੇ ਜ਼ਿਲ੍ਹਾ ਤਰਨ ਤਾਰਨ ਵਿੱਚ 71 ਪਟਵਾਰੀ ਤੈਨਾਤ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਵਿਸ਼ੇਸ਼ ਗਿਰਦਾਵਰੀ ਲਈ ਤੈਨਾਤ ਟੀਮਾਂ ਪਿੰਡ-ਪਿੰਡ ਜਾਣਗੀਆਂ, ਖੇਤਾਂ ਦਾ ਨਿਰੀਖਣ ਕਰਨਗੀਆਂ ਅਤੇ ਫ਼ਸਲਾਂ ਤੇ ਘਰਾਂ ਦੇ ਨੁਕਸਾਨ ਅਤੇ ਪਸ਼ੂਆਂ ਦੀ ਮੌਤ ਬਾਰੇ ਰਿਪੋਰਟਾਂ ਤਿਆਰ ਕਰਨਗੀਆਂ।

