ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਭਾਖੜਾ ਡੈਮ ਦੀ ਮੁਨਿਆਦ ਅਤੇ ਗਾਰ ਬਾਰੇ BBMB ਕੋਲ ਅੰਕੜੇ ਨਾ ਹੋਣ ‘ਤੇ ਚੁੱਕੇ ਸਵਾਲ

All Latest NewsNews FlashPunjab News

 

ਸਿੱਖਿਆ ਮੰਤਰੀ ਨੇ ਵਿਰੋਧੀ ਧਿਰ ਨੂੰ ਹੜ੍ਹ ਪ੍ਰਭਾਵਿਤ ਪੰਜਾਬ ਦੇ ਮੁੜ ਵਸੇਬੇ ਲਈ ਸੌੜੇ ਸਿਆਸੀ ਹਿੱਤਾਂ ਤੋਂ ਉਪਰ ਉੱਠ ਕੇ ਲੋਕ ਭਲਾਈ ਨੂੰ ਤਰਜੀਹ ਦੇਣ ਦੀ ਅਪੀਲ

ਚੰਡੀਗੜ੍ਹ:

ਸੂਬੇ ਵਿੱਚ ਹਾਲ ਹੀ ‘ਚ ਆਏ ਭਿਆਨਕ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨੂੰ ਵੇਖਦਿਆਂ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਮਾਂ ਸਿਆਸੀ ਬਿਆਨਬਾਜ਼ੀ ਦਾ ਨਹੀਂ ਬਲਕਿ ਭਵਿੱਖ ਵਿੱਚ ਅਜਿਹੀਆਂ ਆਫ਼ਤਾਂ ਨੂੰ ਰੋਕਣ ਅਤੇ ਹੜ੍ਹ ਪ੍ਰਭਾਵਿਤ ਸੂਬੇ ਦੇ ਮੁੜ ਵਸੇਬੇ ਲਈ ਭਵਿੱਖੀ ਰਣਨੀਤੀਆਂ ਤਿਆਰ ਕਰਨ ਦਾ ਹੈ। ਉਨ੍ਹਾਂ ਨੇ ਬੀ.ਬੀ.ਐਮ.ਬੀ. ਦੇ ਕੰਮਕਾਜ ਅਤੇ ਇਸ ਕੁਦਰਤੀ ਆਫ਼ਤ ‘ਤੇ ਵਿਰੋਧੀ ਧਿਰ ਵੱਲੋਂ ਬੇਬੁਨਿਆਦ ਬਿਆਨਬਾਜ਼ੀ ਕਰਕੇ ਕੀਤੀ ਜਾ ਰਹੀ ਰਾਜਨੀਤੀ ‘ਤੇ ਵੀ ਗੰਭੀਰ ਸਵਾਲ ਉਠਾਏ।

ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਨੂੰ ਸੰਬੋਧਨ ਕਰਦਿਆਂ ਸ. ਹਰਜੋਤ ਸਿੰਘ ਬੈਂਸ ਨੇ ਵਿਰੋਧੀ ਧਿਰ ਨੂੰ ਸੌੜੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਨੂੰ ਤਰਜੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਹੜ੍ਹਾਂ ਦੇ ਮਾਰੂ ਪ੍ਰਭਾਵਾਂ ਨੂੰ ਉਜਾਗਰ ਕੀਤਾ, ਜਿਸ ਵਿੱਚ 59 ਮਨੁੱਖੀ ਜਾਨਾਂ ਚਲੀਆਂ ਗਈਆਂ, ਘਰ ਤਬਾਹ ਹੋ ਗਏ, ਹਜ਼ਾਰਾਂ ਪਸ਼ੂਆਂ ਨੂੰ ਨੁਕਸਾਨ ਪਹੁੰਚਿਆ ਅਤੇ ਸੂਬੇ ਦੇ ਖੇਤੀਬਾੜੀ ਖੇਤਰ ਨੂੰ ਗੰਭੀਰ ਝਟਕਾ ਲੱਗਿਆ। ਉਨ੍ਹਾਂ ਕਿਹਾ ਕਿ ਅਸਲ ਵਿੱਚ ਹੜ੍ਹਾਂ ਕਾਰਨ ਹੋਇਆ ਨੁਕਸਾਨ ਇਸ ਤੋਂ ਵੀ ਵਿਆਪਕ ਹੈ ਕਿਉਂਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੱਪ ਲੜਨ, ਸੰਪਰਕ ਟੁੱਟਣ ਕਾਰਨ ਆਈਸੋਲੇਸ਼ਨ ਵਰਗੇ ਹੋਰਨਾਂ ਕਾਰਨਾਂ ਕਰਕੇ ਕਈ ਜਾਨਾਂ ਗਈਆਂ। ਸਿੱਖਿਆ ਮੰਤਰੀ ਨੇ ਜਨਤਕ ਬੁਨਿਆਦੀ ਢਾਂਚੇ ਨੂੰ ਹੋਏ ਗੰਭੀਰ ਨੁਕਸਾਨ ਵੱਲ ਵੀ ਧਿਆਨ ਖਿੱਚਿਆ, ਜਿਸ ਵਿੱਚ 3,200 ਤੋਂ ਵੱਧ ਸਕੂਲ ਪ੍ਰਭਾਵਿਤ ਹੋਏ ਅਤੇ 1,300 ਤੋਂ ਵੱਧ ਕਲਾਸਰੂਮ ਵਰਤੋਂ ਯੋਗ ਨਹੀਂ ਰਹੇ।

ਉਨ੍ਹਾਂ ਕਿਹਾ, “ਪੰਜ ਲੱਖ ਏਕੜ ਫਸਲ ਤਬਾਹ ਹੋ ਗਈ ਹੈ। ਇਨ੍ਹਾਂ ਫਸਲਾਂ ‘ਤੇ ਨਿਰਭਰ ਪੰਜਾਬ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਸੂਬੇ ਦੀਆਂ ਜਿਹੜੀਆਂ ਔਰਤਾਂ ਕਿਸੇ ਨੂੰ ਵੀ ਗੰਦੀਆਂ ਜੁੱਤੀਆਂ ਪਾ ਕੇ ਆਪਣੇ ਘਰਾਂ ਵਿੱਚ ਨਹੀਂ ਵੜਨ ਦਿੰਦੀਆਂ ਸਨ, ਉਨ੍ਹਾਂ ਦੇ ਵਿਹੜੇ ਹੁਣ ਚਿੱਕੜ ਤੇ ਗਾਰ ਨਾਲ ਭਰੇ ਹੋਏ ਹਨ।”

ਸ. ਹਰਜੋਤ ਸਿੰਘ ਬੈਂਸ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ‘ਤੇ ਨਿਸ਼ਾਨਾ ਵਿੰਨਦਿਆਂ ਬੋਰਡ ਦੇ ਚੇਅਰਮੈਨ ਵੱਲੋਂ ਹਾਈ ਕੋਰਟ ਵਿੱਚ ਦਿੱਤੇ ਗਏ ਗੁੰਮਰਾਹਕੁੰਨ ਬਿਆਨ ਦਾ ਹਵਾਲਾ ਦਿੱਤਾ। ਸ. ਬੈਂਸ ਨੇ ਕੇਂਦਰੀ ਜਲ ਕਮਿਸ਼ਨ ਦੀ 24 ਅਪ੍ਰੈਲ ਦੀ ਰਿਪੋਰਟ ਤੋਂ ਤਕਨੀਕੀ ਡੇਟਾ ਪੇਸ਼ ਕੀਤਾ, ਜਿਸ ਵਿੱਚ ਪੰਜਾਬ ਦੇ ਮੁੱਖ ਜਲ ਭੰਡਾਰਾਂ ਵਿੱਚ 44.85 ਫੀਸਦ ਪਾਣੀ, ਜੋ ਆਮ ਨਾਲੋਂ ਕਾਫ਼ੀ ਘੱਟ ਸੀ ਅਤੇ ਹਿਮਾਚਲ ਪ੍ਰਦੇਸ਼ ਦੇ ਜਲ ਭੰਡਾਰਾਂ ਵਿੱਚ 40.60 ਫੀਸਦ ਪਾਣੀ ਭੰਡਾਰਨ ਦਾ ਜ਼ਿਕਰ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਸਮੇਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1555 ਫੁੱਟ ਸੀ, ਪਾਣੀ ਦੀ ਗੰਭੀਰ ਘਾਟ ਦੇ ਬਾਵਜੂਦ ਬੀ.ਬੀ.ਐਮ.ਬੀ. ਨੇ ਪੰਜਾਬ ਦੇ ਹਿੱਸੇ ਦੇ ਪਾਣੀ ਨੂੰ ਹਰਿਆਣਾ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਪਾਵਰ ਹਾਊਸ ਦੇ ਰੁਕਣ ਦਾ ਖ਼ਤਰਾ ਪੈਦਾ ਹੋ ਗਿਆ ਸੀ।

ਗੋਬਿੰਦ ਸਾਗਰ ਜਲ ਭੰਡਾਰ ਬਾਰੇ ਗੰਭੀਰ ਸਵਾਲ ਚੁੱਕਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ, “ਇਹ ਹੈਰਾਨੀ ਵਾਲੀ ਗੱਲ ਹੈ ਕਿ ਬੀ.ਬੀ.ਐਮ.ਬੀ. ਭਾਖੜਾ ਡੈਮ, ਜਿਸ ਦੀ ਮਿਆਦ 100 ਸਾਲ ਸੀ, ਦੇ ਜਲ ਭੰਡਾਰ ਵਿੱਚ ਗਾਰ ਦੀ ਮਾਤਰਾ ਬਾਰੇ ਵੀ ਜਾਣਕਾਰੀ ਨਹੀਂ ਦੇ ਸਕਿਆ। ਹੁਣ ਇਸ ਦੀ ਕਿੰਨੀ ਮਿਆਦ ਬਾਕੀ ਹੈ – 10 ਸਾਲ, 15 ਸਾਲ, ਜਾਂ ਇਸ ਤੋਂ ਘੱਟ?” ਉਨ੍ਹਾਂ ਨੇ ਜਲ ਭੰਡਾਰ ਦੀ ਸਮਰੱਥਾ, ਤਲਛਟ ਦੇ ਪੱਧਰ ਅਤੇ ਢਾਂਚਾਗਤ ਸਮਰੱਥਾ ਦਾ ਮੁਲਾਂਕਣ ਕਰਨ ਲਈ ਮਾਹਿਰਾਂ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਇਸ ਅਤਿਅੰਤ ਅਹਿਮ ਤੇ ਸੰਵੇਦਨਸ਼ੀਲ ਡੈਮ ਦਾ ਵਿਆਪਕ ਮੁਲਾਂਕਣ ਯਕੀਨੀ ਬਣਾਇਆ ਜਾ ਸਕੇ।

ਸਿੱਖਿਆ ਮੰਤਰੀ ਨੇ ਅਚਾਨਕ ਆਉਣ ਵਾਲੇ ਪਾਣੀ ਦੇ ਵਹਾਅ ਨੂੰ ਘੱਟ ਕਰਨ ਲਈ ਡੈਮਾਂ ਦੇ ਕੈਚਮੈਂਟ ਖੇਤਰਾਂ ਵਿੱਚ ਚੈੱਕ ਡੈਮ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਬੀ.ਬੀ.ਐਮ.ਬੀ. ਨੇ ਰਿਪੋਰਟਾਂ ਵਿੱਚ ਪਹਿਲਾਂ ਵੀ ਇਸ ਉਪਾਅ ਬਾਰੇ ਸਿਫਾਰਸ਼ ਕੀਤੀ ਗਈ ਸੀ ਪਰ ਅਫਸੋਸ ਦੀ ਗੱਲ ਹੈ ਕਿ ਇਸ ਸਬੰਧੀ ਕਦੇ ਕੋਈ ਕਦਮ ਨਹੀਂ ਚੁੱਕਿਆ। ਉਨ੍ਹਾਂ ਕਿਹਾ, “ਸਾਨੂੰ ਜਲਵਾਯੂ ਪਰਿਵਰਤਨ ਅਤੇ ਬੁਨਿਆਦੀ ਢਾਂਚੇ ਦੀ ਤਿਆਰੀ ਬਾਰੇ ਚਰਚਾ ਕਰਨੀ ਚਾਹੀਦੀ ਹੈ। ਸਾਡੇ ਡੈਮਾਂ ਅਤੇ ਕੈਚਮੈਂਟ ਖੇਤਰਾਂ ਦਾ ਮੁਲਾਂਕਣ ਕਰਨਾ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਦੁਖਾਂਤ ਨੂੰ ਰੋਕਣ ਲਈ ਸਰਗਰਮ ਉਪਾਅ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ।”

ਸ. ਬੈਂਸ ਨੇ ਕਿਹਾ ,“10 ਦਿਨ ਹੋ ਗਏ ਹਨ, ਪਰ ਸਾਡੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਪ੍ਰਧਾਨ ਮੰਤਰੀ, ਜੋ ਹੋਰਨਾਂ ਸੂਬਿਆਂ ਵਿੱਚ ਰੋਡ ਸ਼ੋਅ ਕੱਢਣ ਵਿੱਚ ਮਸਰੂਫ਼ ਹਨ, ਵੱਲੋਂ ਮੁਲਾਕਾਤ ਲਈ ਸਮਾਂ ਦੇਣ ਲਈ ਇੱਕ ਵੀ ਸੁਨੇਹਾ ਨਹੀਂ ਆਇਆ। ਸਿੱਖਿਆ ਮੰਤਰੀ ਨੇ ਕਿਹਾ,”ਇਹ ਕੇਂਦਰ ਲਈ ਪੰਜਾਬ ਦੇ ਦਰਦ ਨੂੰ ਹਮਦਰਦੀ ਨਾਲ ਸਮਝਣ ਦਾ ਵਕਤ ਹੈ।” ਉਨ੍ਹਾਂ ਕੇਂਦਰ ਸਰਕਾਰ ਨੂੰ ਹੜ੍ਹ ਪ੍ਰਭਾਵਿਤ ਪੰਜਾਬ ਨੂੰ ਫੌਰੀ ਸਹਾਇਤਾ ਪ੍ਰਦਾਨ ਕਰਨ ਅਤੇ ਅਹਿਮ ਮੁੱਦਿਆਂ ਨੂੰ ਹੱਲ ਕਰਨ ਲਈ ਦੋ-ਪੱਖੀ ਪਹੁੰਚ ਅਪਣਾਉਣ ਲਈ ਅਪੀਲ ਕੀਤੀ।

ਉਨ੍ਹਾਂ ਨੇ ਆਪਣੇ ਕੈਬਨਿਟ ਸਾਥੀ, ਹਰਦੀਪ ਸਿੰਘ ਮੁੰਡੀਆਂ ਪ੍ਰਤੀ ਪ੍ਰਧਾਨ ਮੰਤਰੀ ਦੇ ਵਿਹਾਰ `ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਜਦੋਂ ਸ੍ਰੀ ਮੁੰਡੀਆਂ ਹੜ੍ਹ ਪ੍ਰਭਾਵਿਤ ਪੰਜਾਬ ਵਾਸਤੇ ਮਦਦ ਲਈ ਬੇਨਤੀ ਕਰ ਰਹੇ ਸਨ ਤਾਂ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਉਨ੍ਹਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਕਿ “ਤੁਸੀਂ ਹਿੰਦੀ ਨਹੀਂ ਸਮਝਦੇ?” ਕੀ ਪ੍ਰਧਾਨ ਮੰਤਰੀ ਤਾਮਿਲਨਾਡੂ ਵਿੱਚ ਵੀ ਕਿਸੇ ਨੂੰ ਇਹ ਕਹਿਣ ਦੀ ਹਿੰਮਤ ਰੱਖਦੇ ਹਨ ਕਿ “ਤੁਸੀਂ ਹਿੰਦੀ ਨਹੀਂ ਜਾਣਦੇ?”

ਉਨ੍ਹਾਂ ਕਿਹਾ ਇਤਿਹਾਸ ਗਵਾਹ ਹੈ ਕਿ ਪੰਜਾਬ ਵਰ੍ਹਿਆਂ ਤੋਂ ਜ਼ਖ਼ਮਾਂ ਦੀ ਟੀਸ ਝੱਲਦਾ ਆ ਰਿਹਾ ਹੈ ਅਤੇ ਅੱਜ ਫਿਰ ਇਹ ਜ਼ਖ਼ਮ ਰਿਸ ਰਹੇ ਹਨ। ਅੱਜ ਇਸ ਔਖੀ ਘੜੀ ਵਿੱਚ, ਅਣਗਿਣਤ ਵਿਅਕਤੀ ਇੱਕ ਦੂਜੇ ਦਾ ਸਾਥ ਦੇਣ ਲਈ ਇਕੱਠੇ ਹੋਏ ਹਨ। ਉਨ੍ਹਾਂ ਨੇ ਵਲੰਟੀਅਰਾਂ, ਅਧਿਕਾਰੀਆਂ ਅਤੇ ਨਾਗਰਿਕਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਸੀਂ ਸਾਰਿਆਂ ਦ੍ਰਿੜਤਾ ਨਾਲ ਪੰਜਾਬ ਦੇ ਨਾਲ ਖੜ੍ਹੇ ਰਹੇ ਅਤੇ ਬੰਨ੍ਹਾਂ ਵਿੱਚ ਪਏ ਪਾੜਾਂ ਨੂੰ ਪੂਰਿਆ ਤੇ ਕਈ ਬੰਨ੍ਹਾਂ ਨੂੰ ਟੁੱਟਣ ਨਹੀਂ ਦਿੱਤਾ ਅਤੇ ਹੁਣ ਅਸੀਂ ਪੰਜਾਬ ਨੂੰ ਮੁੜ-ਪੈਰਾਂ ਉੱਤੇ ਖੜ੍ਹਾ ਕਰਨ ਲਈ ਅਰਦਾਸ ਕਰਦੇ ਹਾਂ। ਸਾਡਾ ਸੂਬਾ ਹਲੀਮੀ ਅਤੇ ਸੇਵਾ ਭਾਵਨਾ ਦੀਆਂ ਕਦਰਾਂ-ਕੀਮਤਾਂ `ਤੇ ਜਿਉਂਦਾ ਹੈ ਅਤੇ ਜੋ ਲੋਕ ਇਨ੍ਹਾਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਦੇ ਹਨ ਉਹ ਹਮੇਸ਼ਾ ਸਾਡੇ ਰਾਹ-ਦਸੇਰੇ ਬਣੇ ਰਹਿਣਗੇ।”

 

Media PBN Staff

Media PBN Staff

Leave a Reply

Your email address will not be published. Required fields are marked *