ਗਰੇਡ-ਪੇ 4600 ਦੀ ਬਹਾਲੀ ਲਈ ਸਟਾਫ ਨਰਸਿਜ ਵੈਲਫੇਅਰ ਐਸੋਸੀਏਸ਼ਨ ਆਫ ਪੰਜਾਬ ਨੇ ਖੋਲਿਆ ਸਰਕਾਰ ਖਿਲਾਫ ਮੋਰਚਾ
Punjab News-
ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਨੂੰ ਨਾ ਸਹਾਰਦੇ ਹੋਏ ਲੰਬੇ ਸਮੇਂ ਤੋਂ ਲਟਕਦੀ ਆ ਰਹੀ 4600 ਗ੍ਰੇਡ ਪੇ ਦੀ ਬਹਾਲੀ ਦੀ ਮੰਗ ਨੂੰ ਲੈ ਕੇ ਪਿਛਲੇ ਦਿਨੀ ਸਟਾਫ ਨਰਸ ਮੇਲ ਅੰਕੁਰ ਮਲੇਠੀਆ ਵੱਲੋਂ ਰਜਿੰਦਰਾ ਹਸਪਤਾਲ ਪਟਿਆਲਾ ਦੀ ਚੌਥੀ ਮੰਜ਼ਿਲ ਤੇ ਜਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਸ ਉਪਰੰਤ ਤੁਰੰਤ ਹਰਕਤ ਵਿੱਚ ਆ ਕੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਸਮੂਹ ਨਰਸਿੰਗ ਸਟਾਫ ਵੱਲੋਂ ਇਕੱਠੇ ਹੋ ਕੇ ਨਰਸਿੰਗ ਕਰਮਚਾਰੀ ਨੂੰ ਸਮਝਾਇਆ ਗਿਆ ਅਤੇ ਉਸ ਦੇ ਹੱਕ ਵਿੱਚ ਮੋਰਚਾ ਖੋਲਣ ਦਾ ਐਲਾਨ ਕੀਤਾ।
ਬੀਤੇ ਮਿਤੀ 26 ਸਤੰਬਰ 2025 ਨੂੰ DRME ਨਰਸਿੰਗ ਐਸੋਸੀਏਸ਼ਨ ਦੀ ਕਾਲ ਤੇ ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਆਫ ਪੰਜਾਬ ਨੇ ਸੂਬਾ ਪ੍ਰਧਾਨ ਕੁਲਵਿੰਦਰ ਕੌਰ ਕੰਵਲ ਦੀ ਅਗਵਾਈ ਵਿੱਚ ਸੂਬਾ ਮੀਤ ਪ੍ਰਧਾਨ ਸੁਖਜਾਦ ਸਿੰਘ ਨੇ ਆਪਣੇ ਸਾਥੀਆਂ ਸਮੇਤ ਧਰਨੇ ਵਿੱਚ ਸਮੂਲੀਅਤ ਕੀਤੀ।
ਪੰਜਾਬ ਸਰਕਾਰ ਵੱਲੋਂ ਹੜਤਾਲ ਤੇ ਬੈਠੇ ਸਾਥੀਆਂ ਨਾਲ ਆਪਣੇ ਵੱਖ-ਵੱਖ ਅਧਿਕਾਰੀਆਂ ਨਾਲ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੇ ਮੀਟਿੰਗ ਕੀਤੀ, ਤਕਰੀਬਨ ਇੱਕ ਘੰਟਾ ਚੱਲੀ ਮੀਟਿੰਗ ਵਿੱਚ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ ਕਿ 4600 ਗ੍ਰੇਡ ਪੇ ਬਹਾਲੀ ਲਈ ਦੋ ਦਿਨ ਦਾ ਸਮਾਂ ਦਿੱਤਾ ਜਾਵੇ, ਅਤੇ ਇਸ ਉਪਰੰਤ ਪੰਜਾਬ ਸੂਬੇ ਦੇ ਸਮੂਹ ਨਰਸਿੰਗ ਕੇਡਰ ਵੱਲੋਂ ਮੀਟਿੰਗ ਵਿੱਚ ਹਾਜ਼ਰ ਹੋਏ ਮੈਂਬਰਾਂ ਨੇ ਕਿਹਾ ਕਿ ਜੇਕਰ ਸਰਕਾਰ ਦੋ ਦਿਨ ਅੰਦਰ 4600 ਗ੍ਰੇਡ ਪੇ ਨੂੰ ਬਹਾਲ ਨਹੀਂ ਕਰਦੀ ਤਾਂ ਇਹ ਮੋਰਚਾ ਪੂਰੇ ਸੂਬੇ ਪੰਜਾਬ ਵਿੱਚ ਖੋਲ ਦਿੱਤਾ ਜਾਵੇਗਾ। ਜਿਸ ਦੀ ਜਿੰਮੇਵਾਰੀ ਪੂਰਨ ਤੌਰ ਤੇ ਪੰਜਾਬ ਸਰਕਾਰ ਦੀ ਹੋਵੇਗੀ।
ਗੱਲਬਾਤ ਕਰਦਿਆਂ ਸਟਾਫ ਨਰਸਿਸ ਵੈਲਫੇਅਰ ਐਸੋਸੀਏਸ਼ਨ ਆਫ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਕੌੜਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੀਆਂ ਮੁਲਾਜ਼ਮ ਮਾਰੂ ਨੀਤੀਆਂ ਤਹਿਤ ਸਿਹਤ ਵਿਭਾਗ ਨੂੰ ਵੱਖ ਵੱਖ ਸ਼੍ਰੇਣੀਆਂ ਅਤੇ ਵੱਖ-ਵੱਖ ਕੇਡਰਾਂ ਵਿੱਚ ਵੰਡ ਦਿੱਤਾ ਹੈ ਨਰਸਿੰਗ ਕੇਡਰ ਨੂੰ ਪਹਿਲਾਂ ਹੀ ਵੱਖ-ਵੱਖ ਗਰੇਡਾਂ ਵਿੱਚ ਅੰਦਰ ਵੰਡਿਆ ਗਿਆ ਹੈ ਤੇ ਹੁਣ ਕੋਜੀ ਚਾਲ ਚੱਲ ਕੇ ਸਰਕਾਰ ਨੇ ਪਿਛਲੇ ਕੁਝ ਸਾਲਾਂ ਤੋਂ ਡੀ ਆਰ ਐਮ ਈ ਅਤੇ ਡੀ ਐਚ ਐਸ ਅੰਦਰ ਵੰਡ ਦਿੱਤਾ ਹੈ।
ਜਿਸ ਕਾਰਨ ਮੁਲਾਜ਼ਮਾ ਉੱਤੇ ਵੱਖੋ ਵੱਖਰੇ ਸਰਵਿਸ ਰੂਲ ਥੋਪਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ, ਜਿਸ ਦਾ ਵਿਰੋਧ ਪੂਰੇ ਸੂਬੇ ਪੰਜਾਬ ਵਿੱਚ ਹੋ ਰਿਹਾ, ਪੰਜਾਬ ਸਰਕਾਰ ਆਪਣੇ ਵੱਲੋਂ ਛੇਵੇਂ ਪੇ ਕਮਿਸ਼ਨ ਵਿੱਚ ਸੋਧ ਕਰਦਿਆਂ ਬੜੀ ਚਲਾਕੀ ਨਾਲ ਸਟਾਫ ਨਰਸਾਂ ਦਾ 4600 ਗ੍ਰੇਡ ਪੇ ਤੋਂ ਘੱਟ ਕਰਕੇ 3200 ਗ੍ਰੇਡ ਪੇ ਕਰ ਦਿੱਤਾ, ਅਤੇ 20/7/ 2020 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦਾ ਗ੍ਰੇਡ 2800 ਫਿਕਸ ਕਰ ਦਿੱਤਾ ਗਿਆ, ਜਿਸ ਦਾ ਖਮਿਆਜਾ ਪੂਰਾ ਨਰਸਿੰਗ ਕੇਡਰ ਭੁਗਤ ਰਿਹਾ ਹੈ।
ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਕੌੜਾ ਨੇ ਦੱਸਿਆ ਕਿ ਅੱਜ ਮਿਤੀ 27 ਸਤੰਬਰ 2025 ਤੋਂ ਪੂਰੇ ਪੰਜਾਬ ਦੇ ਸਿਵਲ ਹਸਪਤਾਲਾਂ, ਸਬ ਜਿਲਾ ਹਸਪਤਾਲ, ਸੀ ਐਚ ਸੀ ਅਤੇ ਪੀ ਐਚ ਸੀ ਵਿੱਚ ਵੱਖ ਵੱਖ ਥਾਵਾਂ ਤੇ ਸਮੂਹ ਨਰਸਿੰਗ ਸਟਾਫ ਵੱਲੋਂ ਸੂਬਾ ਕਮੇਟੀ ਵੱਲੋਂ ਦਿੱਤੀ ਗਈ ਕਾਲ ਤੇ ਕਾਲੇ ਬਿੱਲੇ ਲਾ ਕੇ ਡਿਊਟੀਆਂ ਤੇ ਬੈਠਿਆ ਗਿਆ, ਅਤੇ ਮੈਡੀਕਲ ਕਾਲਜ ਪਟਿਆਲਾ ਅਤੇ ਮੈਡੀਕਲ ਕਾਲਜ ਅੰਮ੍ਰਿਤਸਰ ਵਿੱਚ ਚੱਲ ਰਹੇ ਧਰਨੇ ਵਿੱਚ ਸਟੇਟ ਨਰਸਿਜ ਵੈਲਫੇਅਰ ਐਸੋਸੀਏਸ਼ਨ ਆਫ ਪੰਜਾਬ ਦੇ ਵੱਖ-ਵੱਖ ਜਿਲਿਆਂ ਤੋਂ ਵੱਡੀ ਗਿਣਤੀ ਵਿੱਚ ਮੈਂਬਰਾਂ ਨੇ ਸ਼ਮੂਲੀਅਤ ਕੀਤੀ, ਅਤੇ ਇੱਕ ਹੀ ਮੰਗ 4600 ਗ੍ਰੇਡ ਪੇ ਦੀ ਬਹਾਲੀ ਲਈ ਜੀ ਜਾਨ ਲਾਉਣ ਦਾ ਫੈਸਲਾ ਕੀਤਾ।
ਉਹਨਾਂ ਨੇ ਦੱਸਿਆ ਕਿ ਜੇਕਰ ਸਰਕਾਰ ਆਪਣੇ ਅਧਿਕਾਰੀਆਂ ਵੱਲੋਂ ਨਰਸਿੰਗ ਐਸੋਸੀਏਸ਼ਨ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਦਿੱਤੇ ਗਏ ਅਸ਼ਵਾਸਨ ਨੂੰ ਪੂਰਾ ਨਾ ਕਰਦੀ ਹੋਈ ਦੋ ਦਿਨਾਂ ਅੰਦਰ 4600 ਗ੍ਰੇਡ ਪੇ ਪੂਰੇ ਸੂਬੇ ਤੇ ਨਰਸਿੰਗ ਸਟਾਫ ਉੱਪਰ ਲਾਗੂ ਨਹੀਂ ਕਰਦੀ ਤਾਂ ਸੂਬਾ ਪ੍ਰਧਾਨ ਕੁਲਵਿੰਦਰ ਕੌਰ ਅਤੇ ਸਟੇਟ ਦੀ ਪੂਰੀ ਕਮੇਟੀ ਦੀ ਪਲੈਨਿੰਗ ਤੇ ਆਉਣ ਵਾਲੇ ਦਿਨਾਂ ਵਿੱਚ ਮੋਰਚਾ ਪੂਰੇ ਪੰਜਾਬ ਦੇ ਹਸਪਤਾਲਾਂ ਨੂੰ ਬੰਦ ਕਰਨ ਲਈ ਖੋਲਿਆ ਜਾ ਸਕਦਾ ਹੈ, ਸਿਹਤ ਮੰਤਰੀ ਪੰਜਾਬ ਦਾ ਘਰਾਓ ਕੀਤਾ ਜਾ ਸਕਦਾ ਹੈ ਅਤੇ ਮੁੱਖ ਮੰਤਰੀ ਪੰਜਾਬ ਦੇ ਸ਼ਹਿਰ ਵਿੱਚ ਰੈਲੀਆਂ ਕੀਤੀਆਂ ਜਾ ਸਕਦੀਆਂ ਹਨ ਜਿਸ ਕਾਰਨ ਪ੍ਰਭਾਵਿਤ ਹੋਣ ਵਾਲੀਆਂ ਸਿਹਤ ਸੇਵਾਵਾਂ ਦੀ ਪੂਰਨ ਜਿੰਮੇਵਾਰੀ ਪੰਜਾਬ ਸਰਕਾਰ ਸਿਹਤ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਜੀ ਦੀ ਹੋਵੇਗੀ।

